ਸਕੂਲ ਆਫ਼ ਐਮੀਨੈਂਸ ਤੋਂ ਸਿੱਖਿਆ ਅਧਿਕਾਰੀਆਂ ਦਾ ਮੋਹ ਭੰਗ ਹੋਣ ਲੱਗਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਆਫ ਐਮੀਨੈਂਸ ਦੀ ਦਿਨ-ਰਾਤ ਵਡਿਆਈ ਕਰਦੇ ਹਨ, ਪਰ ਮਾਨਸਾ ਜ਼ਿਲ੍ਹੇ ਵਿੱਚ ਸਕੂਲ ਆਫ਼ ਐਂਮੀਨੈੱਸ ਤੋਂ ਸਿੱਖਿਆ ਅਧਿਕਾਰੀਆਂ ਦਾ ਮੋਹ ਭੰਗ ਹੋਣ ਲੱਗਿਆ ਹੈ, ਉਹ ਸਿੱਖਿਆ ਸਮਾਗਮਾਂ ਲਈ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈਣ ਲੱਗੇ ਹਨ। ਮਾਨਸਾ ਦੇ ਇਕ ਵੱਡੇ ਪ੍ਰਾਈਵੇਟ ਸਕੂਲ ਵਿੱਚ 22 ਤੋਂ 24 ਅਕਤੂਬਰ ਤੱਕ ਲਗਾਈ ਜਾ ਰਹੀ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੇਸ਼ੱਕ ਸਿੱਖਿਆ ਅਧਿਕਾਰੀ ਆਪਣਾ ਪੱਲਾ ਝਾੜ ਕੇ ਇਸ ਪ੍ਰਦਰਸ਼ਨੀ ਦੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਉਪਰ ਜ਼ਿੰਮੇਵਾਰੀ ਪਾ ਰਹੇ ਹਨ ਪਰ ਜ਼ਿਲ੍ਹੇ ਦੀਆਂ ਇੱਕ ਦਰਜਨ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਕਿ ਜੇ ਸਕੂਲ ਆਫ਼ ਐਮੀਨੈਂਸ ਜਾਂ ਜ਼ਿਲ੍ਹੇ ਦਾ ਇਕ ਵੀ ਸਰਕਾਰੀ ਸਕੂਲ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਲਾਉਣ ਦੇ ਕਾਬਲ ਹੀ ਨਹੀਂ ਤਾਂ ਪੰਜਾਬ ਸਰਕਾਰ ਕਿਹੜੇ ਆਧੁਨਿਕ ਸਿੱਖਿਆ ਦੇ ਦਾਅਵੇ ਕਰ ਰਹੀ ਹੈ।
ਜ਼ਿਲ੍ਹੇ ਦੀਆਂ ਇਕ ਦਰਜਨ ਅਧਿਆਪਕ ਜਥੇਬੰਦੀਆਂ ਦੀ ਅੱਜ ਇਥੇ ਹੋਈ ਮੀਟਿੰਗ ਦੌਰਾਨ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਕਿ ਸਿੱਖਿਆ ਅਧਿਕਾਰੀ ਸਕੂਲ ਆਫ਼ ਐੱਮੀਨੈੱਸ ਵਰਗੇ ਸਕੂਲਾਂ ਨੂੰ ਅਣਗੌਲਿਆਂ ਕਰਕੇ ਨਿੱਜੀ ਸਕੂਲਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇ ਸਕੂਲ ਆਫ਼ ਐਮੀਨੈਂਸ ਜਾਂ ਹੋਰ ਸਰਕਾਰੀ ਸਕੂਲ ਸਾਇੰਸ ਪ੍ਰਦਰਸ਼ਨੀਆਂ, ਸੈਮੀਨਾਰ ਜਾਂ ਸਿੱਖਿਆ ਸਬੰਧੀ ਹੋਰ ਪ੍ਰੋਗਰਾਮਾਂ ਦੇ ਕਾਬਲ ਹੀ ਨਹੀਂ ਤਾਂ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਦਾ ਸਿੱਖਿਆ ਮਾਡਲ ਨੰਬਰ ਇੱਕ ਹੈ। ਉਨ੍ਹਾਂ ਕਿਹਾ ਕਿ ਜੇ ਸਾਰੀਆਂ ਸਹੂਲਤਾਂ ਹਨ ਤਾਂ ਸਿੱਖਿਆ ਅਧਿਕਾਰੀ ਕਿਉਂ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਸਰਗਰਮੀਆਂ ਕਰਕੇ ਉਨ੍ਹਾਂ ਨੂੰ ਪ੍ਰਮੋਟ ਕਰ ਰਹੇ ਹਨ। ਅਧਿਆਪਕ ਆਗੂ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਰਾਏਪੁਰ, ਦਰਸ਼ਨ ਅਲੀਸ਼ੇਰ, ਰਾਜਦੀਪ ਸਿੰਘ ਬਰੇਟਾ, ਗੁਰਜੀਤ ਸਿੰਘ ਲਾਲਿਆਂਵਾਲੀ, ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਗੈਰ-ਵਿੱਦਿਅਕ ਕੰਮਾਂ ਦੇ ਬਾਵਜੂਦ ਬਹੁਤ ਮਿਹਨਤ ਕਰ ਰਹੇ ਹਨ ਪਰ ਜ਼ਿਲ੍ਹਾ ਅਧਿਕਾਰੀ ਜਾਣ-ਬੁੱਝਕੇ ਉਨ੍ਹਾਂ ਦੇ ਸਕੂਲਾਂ ਨੂੰ ਅਣਗੌਲਿਆਂ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਆਗੂਆਂ ਨੇ ਉਹ ਭਲਕੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਮਿਲਕੇ ਇਹ ਮਸਲੇ ਸਬੰਧੀ ਆਪਣਾ ਰੋਸ ਜ਼ਾਹਿਰ ਕਰਨਗੇ।
ਜ਼ਿਲ੍ਹਾ ਰੈੱਡ ਕਰਾਸ ਵੱਲੋਂ ਕਰਵਾਇਆ ਜਾ ਰਿਹੈ ਪ੍ਰੋਗਰਾਮ: ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਕਰਵਾਇਆ ਜਾ ਰਿਹਾ ਹੈ ਪਰ ਇਸ ਸਾਇੰਸ ਪ੍ਰਦਰਸ਼ਨੀ ’ਚ ਵੱਡੀ ਗਿਣਤੀ ਵਿਚ ਵਿਦਿਆਰਥੀ ਭਾਗ ਲੈ ਰਹੇ ਹਨ, ਜਿਸ ਦੇ ਮੱਦੇਨਜ਼ਰ ਟਰੈਫਿਕ ਅਤੇ ਹੋਰ ਸਮੱਸਿਆਵਾਂ ਨੂੰ ਲੈਕੇ ਇਸ ਸਕੂਲ ਦੀ ਚੋਣ ਕੀਤੀ ਗਈ ਹੈ।