ਇਨਸਾਫ ਨਾ ਮਿਲਣ ਕਾਰਨ ਰੋਹ ਵਿੱਚ ਆਇਆ ਐੱਸਸੀ ਭਾਈਚਾਰਾ
ਹਰਵਿੰਦਰ ਕੌਰ ਨੌਹਰਾ
ਨਾਭਾ, 13 ਜੂਨ
ਨਾਭਾ ਖੇਤਰ ਅਧੀਨ ਪੈਂਦੇ ਦੋ ਪਿੰਡਾਂ ਜਾਤੀਵਾਲ ਅਤੇ ਮਟੋਰੜਾ ਵਿੱਚ ਅਨੁਸੂਚਿਤ ਜਾਤੀ ਸਮਾਜ ਨਾਲ ਸਬੰਧਤ ਇਕ ਮਹਿਲਾ ਅਤੇ ਨੌਜਵਾਨ ਨਾਲ ਹੋਏ ਜਾਤੀ ਤਸ਼ੱਦਦ ਤੋਂ ਬਾਅਦ ਇਨਸਾਫ ਨਾ ਮਿਲਦਾ ਦੇਖ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ, ਪੰਜਾਬ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੁੱਡਾ ਕੰਪਲੈਕਸ ਨਾਭਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਅੰਦਰ ਕੁਝ ਰਸੂਖਦਾਰਾਂ ਵਲੋਂ ਅਨੁਸੂਚਿਤ ਜਾਤੀ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨਾਂ ਕਿਹਾ ਕਿ ਪਿੰਡ ਜਾਤੀਵਾਲ ਦੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਇਕ ਮਜ਼ਦੂਰ ਮਹਿਲਾ ਨਾਲ ਜਿਨਸੀ ਸੋਸ਼ਣ ਦਾ ਵਿਰੋਧ ਕਰਨ ‘ਤੇ ਐੱਸਸੀ ਮਹਿਲਾ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਪਿੰਡ ਮਟੋਰੜਾ ਦੇ ਇਕ ਨੌਜਵਾਨ ਦੀ ਜਾਤੀ ਪੁੱਛ ਕੇ ਉਸ ਉੱਪਰ ਤਸ਼ੱਦਦ ਢਾਹਿਆ ਗਿਆ। ਡੇਢ ਮਹੀਨਾ ਬੀਤ ਜਾਣ ਬਾਅਦ ਵੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਨਹੀਂ ਕੀਤਾ। ਇਸ ਮੌਕੇ ਬੋਲਦਿਆਂ ਜਰਨਲ ਸਕੱਤਰ ਕੁਲਵੰਤ ਸਿੰਘ ਸਰੋਏ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਸੂਬਾ ਪੱਧਰੀ ਸੰਘਰਸ਼ ਵਿਢਿਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀਆਂ ਕੋਲ ਕੋਈ ਵੀ ਪੁਲੀਸ ਅਧਿਕਾਰੀ ਨਹੀਂ ਪਹੁੰਚਿਆ। ਇਸ ਕਰਕੇ ਧਰਨਾ ਜਾਰੀ ਸੀ। ਇਸ ਮੌਕੇ ਕੁਲਵੰਤ ਸਿੰਘ ਹਿਆਣਾ, ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਤੋਂ ਮਾਸਟਰ ਅਮਰ ਸਿੰਘ, ਸਾਬਕਾ ਫੌਜੀ ਵੈਲਫੇਅਰ ਐਸੋਸੀਏਸ਼ਨ ਤੋਂ ਕੈਪਟਨ ਸੋਮ ਸਿੰਘ ਹਾਜ਼ਰ ਸਨ।