ਸਰਪੰਚ ਦੀ ਜਿੱਤ ਦੀ ਖੁਸ਼ੀ ਵਿੱਚ ਨਾਅਰੇ ਲਾਉਣ ਵਾਲੇ ਦੀ ਕੁੱਟਮਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਅਕਤੂਬਰ
ਪਿੰਡ ਭੰਮੀਪੁਰਾ ਦੀ ਪੰਚਾਇਤੀ ਚੋਣ ਦੌਰਾਨ ਜਿੱਤੇ ਸਰਪੰਚ ਦੇ ਹੱਕ ’ਚ ਨੌਜਵਾਨ ਵੱਲੋਂ ਲਾਏ ਨਾਅਰਿਆਂ ਤੋਂ ਖਫ਼ਾ ਹੋਏ ਕੁੱਝ ਵਿਅਕਤੀਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਲੱਤ ਤੋੜ ਦਿੱਤੀ। ਪੁਲੀਸ ਨੇ ਪੀੜਤ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਨੌਜਵਾਨ ਮਨਪ੍ਰੀਤ ਸਿੰਘ ਤੇ ਪੁਲੀਸ ਅਧਿਕਾਰੀ ਗੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਪਿੰਡ ਭੰਮੀਪੁਰਾ ਵਿੱਚ ਰਹਿ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਭੰਮੀਪੁਰਾ ਵਿੱਚ ਜੋ ਸਰਪੰਚ ਜਿੱਤਿਆ, ਉਸ ਨਾਲ ਮਨਪ੍ਰੀਤ ਦਾ ਚੰਗਾ ਸਹਿਚਾਰ ਹੋਣ ਦੇ ਨਾਤੇ ਉਸਨੇ ਚੋਣਾਂ ’ਚ ਉਸਦੀ ਮਦਦ ਵੀ ਕੀਤੀ ਅਤੇ ਜਿੱਤ ਉਪਰੰਤ ਨਾਅਰੇ ਵੀ ਲਾਏ। ਇਸ ਗੱਲ ਨੂੰ ਲੈ ਕੇ ਖਫ਼ਾ ਹੋਏ ਪਿੰਡ ਦੇ ਹੀ ਹਰਪ੍ਰੀਤ ਸਿੰਘ ਉਰਫ ਹਨੀ, ਰਵੀ ਸਿੰਘ ਅਤੇ ਅਰਸ਼ਦੀਪ ਸਿੰਘ ਅਰਸ਼ ਨੇ ਉਸਨੂੰ ਘਰੋਂ ਬੁਲਾਇਆ ਅਤੇ ਭਰੋਸੇ ’ਚ ਲੈ ਕੇ ਬਾਹਰ ਲਿਜਾ ਕੇ ਉਸਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਲੱਤ ਟੁੱਟ ਗਈ ਤੇ ਹੋਰ ਵੀ ਕਈ ਗੰਭੀਰ ਸੱਟਾਂ ਲੱਗੀਆਂ। ਮਨਪ੍ਰੀਤ ਸਿੰਘ ਅਨੁਸਾਰ ਕਈ ਦਿਨ ਉਨ੍ਹਾਂ ਦੀ ਆਪਸ ’ਚ ਸਮਝੌਤੇ ਦੀ ਗੱਲ ਚੱਲਦੀ ਰਹੀ, ਪਰ ਗੱਲ ਕਿਸੇ ਤਣ-ਪੱਤਣ ਨਾ ਲੱਗਣ ਦੀ ਸੂਰਤ ’ਚ ਉਸਨੇ ਪੁਲੀਸ ਪਾਸ ਬਿਆਨ ਦਰਜ ਕਰਵਾ ਕੇ ਤਿੰਨਾਂ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। ਪੁਲੀਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।