ਅਣਗੌਲੇ ਆਜ਼ਾਦੀ ਘੁਲਾਟੀਏ ਦੀ ਗਾਥਾ
ਗੁਰਦੇਵ ਸਿੰਘ ਸਿੱਧੂ
ਕੰਪਨੀ ਬਹਾਦਰ ਅਤੇ ਲਾਹੌਰ ਦਰਬਾਰ ਦਰਮਿਆਨ ਹੋਈ ਪਹਿਲੀ ਲੜਾਈ ਵਿੱਚ ਕੁਝ ਸਵਾਰਥੀ ਗਦਾਰਾਂ ਦੇ ਦਗੇ ਕਾਰਨ ਸਰਕਾਰ ਅੰਗਰੇਜ਼ੀ ਦੀ ਜਿੱਤ ਹੋਈ ਤਾਂ ਕੰਪਨੀ ਸਰਕਾਰ ਨੇ 9 ਮਾਰਚ 1846 ਨੂੰ ਹੋਈ ਭਰੋਵਾਲ ਦੀ ਸੰਧੀ ਦੇ ਨਤੀਜੇ ਵਜੋਂ ਲਾਹੌਰ ਵਿੱਚ ਪੈਰ ਰੱਖਣ ਲਈ ਥਾਂ ਬਣਾ ਲਈ। ਅੰਗਰੇਜ਼ਾਂ ਨੇ ਆਮ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਰਾਜ-ਗੱਦੀ ਦਾ ਮਾਲਕ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਪ੍ਰਵਾਨ ਕਰ ਲਿਆ, ਪਰ ਰਾਜ ਪ੍ਰਬੰਧ ਚਲਾਉਣ ਵਾਸਤੇ ਚੋਣਵੇਂ ਸਰਦਾਰਾਂ ਦੀ ਕੌਂਸਲ ਗਠਿਤ ਕਰ ਕੇ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਦੂਰ ਕਰ ਦਿੱਤਾ। ਸੁਹਿਰਦ ਸਿੱਖ, ਭਾਵੇਂ ਉਹ ਸੈਨਿਕ ਸਨ ਜਾਂ ਅਸੈਨਿਕ, ਅਜਿਹਾ ਕੀਤੇ ਜਾਣ ਤੋਂ ਦੁਖੀ ਹੋਏ। ਉਨ੍ਹਾਂ ਆਪਣੇ ਪੰਜਾਬ ਨੂੰ ਸਮਕਾਲੀ ਕਵੀ ਸ਼ਾਹ ਮੁਹੰਮਦ
ਵੱਲੋਂ ਦੱਸੀ ‘ਸ਼ਾਹੂਕਾਰ ਦੇ ਪੁੱਤ’ ਦੀ ‘ਤੀਜੀ ਜਾਤ’ ਤੋਂ ਮੁਕਤੀ ਦਿਵਾਉਣ ਵਾਸਤੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ। ਇਨ੍ਹਾਂ ਦੇਸ਼ਭਗਤਾਂ ਵਿੱਚ ਉੱਘੜਵਾਂ ਨਾਉਂ ਸੀ ਭਾਈ ਮਹਾਰਾਜ ਸਿੰਘ ਦਾ, ਜਿਸ ਦੇ ਮੁੱਢਲੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ।
ਇੰਨੀ ਕੁ ਜਾਣਕਾਰੀ ਮਿਲਦੀ ਹੈ ਕਿ 13 ਜਨਵਰੀ 1780 ਨੂੰ ਪਿੰਡ ਰੱਬੋਂ ਨਿਵਾਸੀ ਸ. ਕੇਸਰ ਸਿੰਘ ਅਤੇ ਦਇਆ ਕੌਰ ਦੇ ਘਰ ਜਿਸ ਚੌਥੇ ਬੇਟੇ ਦਾ ਜਨਮ ਹੋਇਆ ਉਸ ਦਾ ਨਾਂ ਨਿਹਾਲ ਸਿੰਘ ਰੱਖਿਆ ਗਿਆ। ਗੁਰਬਾਣੀ ਅਤੇ ਗੁਰਸਿੱਖੀ ਦਾ ਪ੍ਰੇਮ ਉਸ ਨੂੰ ਵਿਰਸੇ ਵਿੱਚ ਮਿਲਿਆ। ਛੋਟੀ ਉਮਰ ਵਿੱਚ ਮਾਂ ਪਿਉ ਦਾ ਹੱਥ ਸਿਰ ਤੋਂ ਉੱਠ ਜਾਣ ਕਾਰਨ ਉਦਾਸ ਨਿਹਾਲ ਸਿੰਘ ਪਹਿਲਾਂ ਪਿੰਡ ਠੀਕਰੀਵਾਲਾ ਦੇ ਨਿਰਮਲੇ ਸੰਤ ਤੋਤਾ ਸਿੰਘ ਦੇ ਚਰਨੀਂ ਲੱਗਾ ਅਤੇ ਫਿਰ ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਡੇਰੇ ਵਿੱਚ ਆ ਗਿਆ। ਇੱਥੇ ਅੰਮ੍ਰਿਤ ਛਕਣ ਪਿੱਛੋਂ ਉਸ ਦਾ ਨਾਉਂ ਭਗਵਾਨ ਸਿੰਘ ਰੱਖਿਆ ਗਿਆ। ਗੱਭਰੂ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਸੇਵਾ ਕਰ ਚੁੱਕਾ ਬਾਬਾ ਬੀਰ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ ਆਦਿ ਸੈਨਿਕ ਗਤੀਵਿਧੀਆਂ ਵਿੱਚ ਮਾਹਰ ਸੀ ਜਿਸ ਕਾਰਨ ਉਸ ਦੇ ਡੇਰੇ ਵਿੱਚ ਇਨ੍ਹਾਂ ਦਾ ਅਭਿਆਸ ਕਰਨਾ ਨਿਤਾ-ਪ੍ਰਤੀ ਕਰਮ ਸੀ। ਦਿਨਾਂ ਵਿੱਚ ਹੀ ਇਸ ਕਲਾ ਦਾ ਮਾਹਰ ਹੋ ਜਾਣ ਕਾਰਨ ਭਾਈ ਭਗਵਾਨ ਸਿੰਘ ਆਪਣੇ ਸੰਗੀਆਂ ਵਿੱਚ ਆਗੂ ਵਜੋਂ ਜਾਣਿਆ ਜਾਣ ਲੱਗਾ। ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ‘ਜੀ ਮਹਾਰਾਜ’ ਕਹਿ ਕੇ ਸੰਬੋਧਨ ਕਰਨ ਵਾਲੇ ਭਾਈ ਭਗਵਾਨ ਸਿੰਘ ਨੂੰ ਸੰਗਤ ਪਿਆਰ ਨਾਲ ਭਾਈ ਮਹਾਰਾਜ ਸਿੰਘ ਬੁਲਾਉਣ ਲੱਗੀ।
ਖਾਲਸਾ ਦਰਬਾਰ ਪ੍ਰਤੀ ਸੁਹਿਰਦ ਹੋਰ ਅਨੇਕ ਸਿੱਖਾਂ ਵਾਂਗ ਭਾਈ ਮਹਾਰਾਜ ਸਿੰਘ ਨੂੰ ਵੀ ਅੰਗਰੇਜ਼ ਰੈਜ਼ੀਡੈਂਟ ਦਾ ਮਹਾਰਾਣੀ ਜਿੰਦਾਂ ਨੂੰ ਅਣਗੌਲੇ ਕਰਨ ਦਾ ਵਤੀਰਾ ਪਸੰਦ ਨਹੀਂ ਸੀ। ਅੰਗਰੇਜ਼ ਰੈਜ਼ੀਡੈਂਟ ਹੈਨਰੀ ਲਾਰੈਂਸ ਅਤੇ ਗਰਜ਼ ਪੂਰਤੀ ਲਈ ਉਸ ਦਾ ਹੱਥ ਠੋਕਾ ਬਣੇ ਦਗੇਬਾਜ਼ਾਂ ਨੂੰ ਮਾਰ ਮੁਕਾਉਣ ਦੀ ਅਸਫਲ ਸਾਜ਼ਿਸ਼ ਵਿੱਚ ਉਸ ਦਾ ਨਾਂ ਬੋਲਦਾ ਹੋਣ ਕਾਰਨ ਗ੍ਰਿਫ਼ਤਾਰੀ ਤੋਂ ਬਚਣ ਵਾਸਤੇ ਉਹ ਰੂਪੋਸ਼ ਹੋ ਗਿਆ ਤਾਂ ਜੂਨ 1847 ਵਿੱਚ ਉਸ ਦੀ ਜਾਇਦਾਦ ਜ਼ਬਤ ਕਰ ਲਈ ਗਈ। ਉਸ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟਿਸ਼ ਰੈਜ਼ੀਡੈਂਟ ਦੇ ਕਬਜ਼ੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ, ਪਰ ਸਫਲਤਾ ਨਾ ਮਿਲੀ। ਉਹ ਆਪਣੇ ਸਿਰਲੱਥ ਪੈਰੋਕਾਰਾਂ ਨੂੰ ਨਾਲ ਲੈ ਕੇ ਦੀਵਾਨ ਮੂਲ ਰਾਜ ਅਤੇ ਸ. ਚਤਰ ਸਿੰਘ ਅਟਾਰੀ ਵਾਲੇ ਦੇ ਪੱਖ ਵਿੱਚ ਡਟ ਕੇ ਖੜ੍ਹਾ ਹੋਇਆ। ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਈ ਦੂਜੀ ਜੰਗ ਵਿੱਚ ਹਾਰ ਹੋਣ ਪਿੱਛੋਂ ਅਟਾਰੀ ਵਾਲੇ ਸਰਦਾਰਾਂ ਨੇ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਅੰਗਰੇਜ਼ ਹਕੂਮਤ ਦੇ ਹਵਾਲੇ ਕਰ ਦਿੱਤਾ, ਪਰ ਭਾਈ ਮਹਾਰਾਜ ਸਿੰਘ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਆਖ਼ਰ ਇੱਕ ਸੂਹੀਏ ਦੀ ਮੁਖਬਰੀ ਕਾਰਨ ਦਸੰਬਰ 1849 ਵਿੱਚ ਭਾਈ ਮਹਾਰਾਜ ਸਿੰਘ ਦੀ ਗ੍ਰਿਫ਼ਤਾਰੀ ਹੋਈ। ਭਾਈ ਮਹਾਰਾਜ ਸਿੰਘ ਪ੍ਰਤੀ ਜਨਤਕ ਸ਼ਰਧਾ ਭਾਵਨਾ ਹੋਣ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਲੋਕ-ਨਜ਼ਰਾਂ ਤੋਂ ਦੂਰ ਕਰਨ ਵਾਸਤੇ ਦੇਸ਼ ਬਦਰ ਕਰ ਕੇ ਸਿੰਗਾਪੁਰ ਵਿੱਚ ਕੈਦ ਕੀਤਾ ਜਿੱਥੇ ਉਹ 5 ਜੁਲਾਈ 1856 ਨੂੰ ਅਕਾਲ ਪਿਆਣਾ ਕਰ ਗਏ। ਇਉਂ ਭਾਈ ਮਹਾਰਾਜ ਸਿੰਘ ਬਰਤਾਨਵੀ ਹਿੰਦੋਸਤਾਨ ਸਰਕਾਰ ਵੱਲੋਂ ਦੇਸ਼ ਬਦਰ ਕੀਤੇ ਜਾਣ ਪਿੱਛੋਂ ਵਿਦੇਸ਼ੀ ਧਰਤੀ ਉੱਤੇ ਪ੍ਰਾਣ ਤਿਅਗਣ ਵਾਲਾ ਪਹਿਲਾ ਦੇਸ਼ਭਗਤ ਬਣ ਗਿਆ।
ਭਾਈ ਮਹਾਰਾਜ ਸਿੰਘ ਦੇ ਜੀਵਨ ਸੰਘਰਸ਼ ਨੂੰ ਸਭ ਤੋਂ ਪਹਿਲਾਂ ਡਾ. ਐਮ.ਐਲ. ਆਹਲੂਵਾਲੀਆ ਨੇ 1964 ਵਿੱਚ ਪੁਸਤਕ ਰੂਪ ਵਿੱਚ ਕਲਮਬੰਦ ਕੀਤਾ ਜਿਸ ਤੋਂ ਪ੍ਰੇਰਨਾ ਲੈ ਕੇ ਭਾਈ ਨਾਹਰ ਸਿੰਘ ਨੇ ਭਾਰਤੀ ਮਿਸਲਖਾਨੇ ਵਿੱਚੋਂ ਭਾਈ ਮਹਾਰਾਜ ਸਿੰਘ ਨਾਲ ਸਬੰਧਿਤ ਸਮੱਗਰੀ ਨੂੰ ਪੁਸਤਕ “Rebels Against the British Rule” ਵਿੱਚ ਸੰਗ੍ਰਹਿ ਕਰਨ ਦਾ ਇਤਿਹਾਸਕ ਕਾਰਜ ਕੀਤਾ। ਇਸ ਵਿਸ਼ੇ ਬਾਰੇ ਨਵੀਨਤਮ ਪੁਸਤਕ ਹੈ ਅਮਰੀਕਾ ਨਿਵਾਸੀ ਸ. ਰਾਜਿੰਦਰ ਸਿੰਘ ਜਾਲੀ ਦੀ ਰਚਨਾ ‘ਲੋਕ ਨਾਇਕ ਭਾਈ ਮਹਾਰਾਜ ਸਿੰਘ ਜੀ’ (ਕੀਮਤ: 325 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ)। ਨਿਰਸੰਦੇਹ, ਲੇਖਕ ਨੇ ਭਾਈ ਮਹਾਰਾਜ ਸਿੰਘ ਬਾਰੇ ਮਿਲਦੀਆਂ ਪੂਰਬਲੀਆਂ ਲਿਖਤਾਂ ਦਾ ਲਾਭ ਉਠਾਇਆ ਹੈ, ਪਰ ਪੁਸਤਕ ਦੇ ਪਹਿਲੇ 100 ਪੰਨਿਆਂ ਵਿੱਚ ਭਾਈ ਮਹਾਰਾਜ ਸਿੰਘ ਦਾ ਹਵਾਲਾ ਢੂੰਡਿਆਂ ਹੀ ਲੱਭਦਾ ਹੈ। ਪੁਸਤਕ ਵਿੱਚ ਵਿਚਾਰਾਂ ਦਾ ਦੁਹਰਾਉ ਰੜਕਦਾ ਹੈ। ਪੰਨਾ 190 ਉੱਤੇ ਟੂਕ ਵਜੋਂ ਅੰਗਰੇਜ਼ੀ ਦੇ ਦੋ ਪੈਰੇ ਦਰਜ ਹਨ। ਪਹਿਲੇ ਪੈਰੇ ਦੀਆਂ ਅੰਤਲੀਆਂ ਤਿੰਨ ਪੰਕਤੀਆਂ ਦੂਜੇ ਪੈਰੇ ਦੇ ਅੰਤ ਵਿੱਚ ਮੁੜ ਦਰਜ ਕੀਤੀਆਂ ਹਨ। ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਜਨਮ 3 ਸਾਵਣ 1825 ਸੰਮਤ ਨੂੰ ਅੰਗਰੇਜ਼ੀ ਕੈਲੰਡਰ ਵਿੱਚ ਬਦਲਦਿਆਂ ਜੁਲਾਈ 1867 ਲਿਖਿਆ ਹੈ ਜਦੋਂਕਿ ਇਹ 1768 ਬਣਦਾ ਹੈ।
ਖ਼ੈਰ, ਪੁਸਤਕ ਦੀ ਸੁੰਦਰ ਦਿੱਖ ਪਾਠਕ ਨੂੰ ਲੁਭਾਉਣ ਵਾਲੀ ਹੈ।
ਸੰਪਰਕ: 94170-49417