ਸਿੱਖ ਰਾਜ ਦੇ ਅਸਤ ਹੋਣ ਦੀ ਗਾਥਾ
ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ਪੜਚੋਲ
ਸਚਿੱਤਰ ਪੁਸਤਕ ‘ਮਹਾਰਾਜਾ ਦਲੀਪ ਸਿੰਘ’ (ਲੇਖਕ: ਨੰਦ ਕੁਮਾਰ ਦੇਵ ਸ਼ਰਮਾ; ਪੰਜਾਬੀ ਅਨੁਵਾਦ: ਤੇਜਾ ਸਿੰਘ ਤਿਲਕ; ਕੀਮਤ 250 ਰੁਪਏ; ਈਵਾਨ ਪਬਲੀਕੇਸ਼ਨ, ਬਰਨਾਲਾ) ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਢਹਿਣ ਦੀ ਉਦਾਸ ਦਾਸਤਾਨ ਹੈ। ਪੁਸਤਕ ਦੀ ਪ੍ਰਾਪਤੀ ਬਾਰੇ ਅਨੁਵਾਦਕ ਨੇ ਦਿਲਚਸਪ ਜਾਣਕਾਰੀ ਸ਼ੁਰੂ ਵਿੱਚ ਦਿੱਤੀ ਹੈ। ਇਹ ਇਤਿਹਾਸਕ ਪੁਸਤਕ 1922 ਵਿੱਚ ਬੰਗਾਲੀ ਲੇਖਕ ਨੇ ਹਿੰਦੀ ਵਿੱਚ ਲਿਖੀ ਸੀ। ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1839 ਵਿੱਚ ਉਸ ਦਾ ਅਕਾਲ ਚਲਾਣਾ ਹੋਣ ਤੱਕ ਰਿਹਾ। ਇਹ ਆਪਣੀ ਕਿਸਮ ਦਾ ਸਾਂਝਾ ਰਾਜ ਸੀ। ਇਸ ਰਾਜ ਦੀਆਂ ਅਨੇਕਾਂ ਕਹਾਣੀਆਂ ਤੇ ਦਿਲਚਸਪ ਕਿੱਸੇ ਪਾਠਕਾਂ ਨੇ ਪੜ੍ਹੇ ਹਨ, ਪਰ ਹਥਲੀ ਪੁਸਤਕ ਵਿੱਚ ਕਈ ਸੂਖ਼ਮ ਘਟਨਾਵਾਂ ਹਨ। ਲਾਹੌਰ ਦਰਬਾਰ ਦੀ ਪਲ ਪਲ ਦੀ ਜਾਣਕਾਰੀ ਵੀ ਉਪਲਬਧ ਹੈ। ਅਨੁਵਾਦਕ ਦਾ ਮੰਨਣਾ ਹੈ ਕਿ ਗਿਆਨੀ ਸੋਹਨ ਸਿੰਘ ਸੀਤਲ ਦਾ ਇਤਿਹਾਸਕ ਕਾਰਜ ਸਭ ਤੋਂ ਵੱਧ ਹੈ। ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵੀ ਸਿੱਖ ਰਾਜ ਦੇ ਪਤਨ ਦੀ ਸਟੀਕ ਕਿਰਤ ਹੈ। ਵਿਚਾਰ ਅਧੀਨ ਇਤਿਹਾਸਕ ਕਿਤਾਬ ਦੇ 18 ਕਾਂਡ ਹਨ। ਲੇਖਕ ਮਹਾਰਾਜਾ ਰਣਜੀਤ ਸਿੰਘ (1780-1839) ਨੂੰ ਪੰਜਾਬ ਕੇਸਰੀ ਲਿਖਦਾ ਹੈ। ਸ਼ੇਰ-ਏ-ਪੰਜਾਬ ਦੇ ਰਾਜ ਦੀਆਂ ਹੱਦਾਂ ਬਹੁਤ ਵਿਸ਼ਾਲ ਸਨ। ਮਹਾਰਾਜਾ ਕਿਹਾ ਕਰਦਾ ਸੀ ਕਿ ਮੇਰੇ ਪਿੱਛੋਂ ਦਸ ਸਾਲ ਮੇਰੀ ਜੁੱਤੀ ਵੀ ਪੰਜਾਬ ’ਤੇ ਰਾਜ ਕਰੇਗੀ। ਮਹਾਰਾਜੇ ਦਾ ਵੱਡਾ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਅਤੇ ਸਭ ਤੋਂ ਛੋਟਾ ਸ਼ਹਿਜ਼ਾਦਾ ਦਲੀਪ ਸਿੰਘ ਸੀ। ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਸੀ। ਰਣਜੀਤ ਸਿੰਘ ਨੇ ਆਖ਼ਰੀ ਉਮਰੇ ਰਾਣੀ ਜਿੰਦਾਂ ਨਾਲ ਵਿਆਹ ਕਰਵਾਇਆ ਸੀ। ਮਹਾਰਾਜੇ ਦੇ ਅਕਾਲ ਚਲਾਣਾ ਕਰਨ ਮਗਰੋਂ ਦਰਬਾਰ ਵਿੱਚ ਖਾਨਾਜੰਗੀ ਸ਼ੁਰੂ ਹੋ ਗਈ। ਪੁਸਤਕ ਵਿੱਚ ਅਨੇਕਾਂ ਪੰਨਿਆਂ ’ਤੇ ਦਿੱਤੇ ਫੁਟਨੋਟ ਇਤਿਹਾਸ ਦੀ ਤਹਿ ਤੱਕ ਜਾ ਕੇ ਹੋਰ ਜਾਣਕਾਰੀ ਦੇਣ ਵਾਲੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ, ਸਿੱਖ, ਮੁਸਲਮਾਨ ਅਤੇ ਅੰਗਰੇਜ਼ ਅਫਸਰ ਤਾਇਨਾਤ ਸਨ। ਖੜਕ ਸਿੰਘ ਦੀ ਰਾਜਨੀਤੀ ਅੰਗਰੇਜ਼ ਲਾਉਣ ਦੀ ਸੀ। ਸਿੱਖ ਫ਼ੌਜ ਵਿੱਚ ਇਸ ਦਾ ਵਿਰੋਧ ਹੁੰਦਾ ਗਿਆ। ਇਸ ਧੜੇਬੰਦੀ ਵਿੱਚ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਅਜੀਤ ਸਿੰਘ, ਲਹਿਣਾ ਸਿੰਘ, ਸੰਧਾਵਾਲੀਏ ਸਰਦਾਰਾਂ ਦੇ ਕਤਲਾਂ ਤੋਂ ਬਾਅਦ ਮਹਾਰਾਣੀ ਜਿੰਦਾਂ ਦੇ ਨਾਬਾਲਗ ਪੁੱਤਰ ਦਲੀਪ ਸਿੰਘ ਨੂੰ ਰਾਜਗੱਦੀ (ਸਤੰਬਰ 1843) ’ਤੇ ਬਿਠਾਇਆ ਗਿਆ। ਕਿਤਾਬ ਵਿੱਚ ਲਾਹੌਰ ਦਰਬਾਰ ਦਾ ਨਕਸ਼ਾ ਫੁਟਨੋਟ ਦੇ ਕੇ ਵਿਖਾਇਆ ਹੈ। ਫੁਟਨੋਟ ਲਗਭਗ ਹਰੇਕ ਕਾਂਡ ਵਿੱਚ ਹਨ।
ਸਿੱਖ ਇਤਿਹਾਸ ਦੇ ਪ੍ਰਮੁੱਖ ਪਾਤਰਾਂ ਦੇ ਨਾਲ ਨਾਲ ਇਸ ਪੁਸਤਕ ਵਿੱਚ ਲੇਖਕ ਨੇ ਕੋਹਿਨੂਰ ਹੀਰੇ ਦਾ ਇਤਿਹਾਸ ਦਰਜ ਕੀਤਾ ਹੈ। ਨਾਬਾਲਗ ਦਲੀਪ ਸਿੰਘ ਨਾਲ ਅੰਗਰੇਜ਼ਾਂ ਨੇ ਕੁਝ ਸੰਧੀਆਂ ਕੀਤੀਆਂ ਸਨ। ਇਹ ਸੰਧੀਆਂ ਨਹੀਂ ਸਗੋਂ ਅੰਗਰੇਜ਼ਾਂ ਦੀ ਪੰਜਾਬ ’ਤੇ ਕਾਬਜ਼ ਹੋਣ ਦੀ ਕੂਟਨੀਤੀ ਸੀ। ਮੁੱਦਕੀ ਦੀ ਜੰਗ, ਸਭਰਾਵਾਂ ਦੀ ਜੰਗ, ਫੇਰੂ ਸ਼ਹਿਰ ਦੀ ਜੰਗ ਅਤੇ ਬਦੋਵਾਲ ਦੀ ਜੰਗ ਆਦਿ ਜੰਗਾਂ ਦਾ ਜ਼ਿਕਰ ਪੂਰੇ ਵੇਰਵੇ ਸਹਿਤ ਦਰਜ ਹੈ। ਕਿਤਾਬ ਵਿੱਚ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਰਾਣੀ ਜਿੰਦਾਂ ਦੀ ਨਜ਼ਰਬੰਦੀ, ਉਸ ਦੇ ਗਹਿਣੇ ਅੰਗਰੇਜ਼ਾਂ ਵੱਲੋਂ ਜ਼ਬਤ ਕਰਨ, ਮਾਂ ਪੁੱਤਰ ਨੂੰ ਇੱਕ-ਦੂਜੇ ਤੋਂ ਦੂਰ ਕਰਨ, ਦਲੀਪ ਸਿੰਘ ਦਾ ਬੰਬਾ ਨਾਲ ਵਿਆਹ ਅਤੇ ਉਸ ਦੇ ਛੇ ਬੱਚਿਆਂ ਦਾ ਜ਼ਿਕਰ ਹੈ। ਉਸ ਦਾ ਫਰਾਂਸ ਤੇ ਰੂਸ ਵਿੱਚ ਜਾ ਕੇ ਸਿੱਖ ਰਾਜ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰਨ, ਦੁਬਾਰਾ ਸਿੱਖੀ ਧਾਰਨ ਕਰਨਾ ਆਦਿ ਸਾਰਾ ਬਿਰਤਾਂਤ ਅਜੋਕੀ ਪੀੜ੍ਹੀ ਲਈ ਖ਼ਾਸ ਤੌਰ ’ਤੇ ਪੜ੍ਹਨ ਵਾਲਾ ਹੈ। ਰਾਣੀ ਜਿੰਦਾਂ ਤੇ ਮਹਾਰਾਜਾ ਦਲੀਪ ਸਿੰਘ ਦੀ ਸਮੁੱਚੀ ਸ਼ਖ਼ਸੀਅਤ ’ਤੇ ਕਿਤਾਬ ਵਿੱਚ ਰੌਸ਼ਨੀ ਪਾਈ ਗਈ ਹੈ। ਇਹ ਅਨੁਵਾਦ ਮਿਆਰੀ ਹੈ।
ਸੰਪਰਕ: 98148-56160