ਮਨੁੱਖਤਾ ਦੀ ਦੁੱਖਾਂ ਭਰੀ ਕਹਾਣੀ
ਗੁਰਬਚਨ ਜਗਤ
ਯੂਕਰੇਨ ਵਿਚ ਰੂਸ ਦੇ ਟੈਂਕਾਂ ਅਤੇ ਬਖ਼ਤਰਬੰਦ ਵਾਹਨਾਂ ਨੂੰ ਦਾਖ਼ਲ ਹੋਇਆਂ ਅਤੇ ਜੰਗ ਸ਼ੁਰੂ ਹੋਈ ਨੂੰ ਡੇਢ ਸਾਲ ਤੋਂ ਜਿ਼ਆਦਾ ਸਮਾਂ ਹੋ ਗਿਆ ਹੈ। ਰੂਸ ਨੂੰ ਆਸ ਸੀ ਕਿ ਯੂਕਰੇਨੀ ਉਸ ਦੇ ਸਾਹਮਣੇ ਬਹੁਤੀ ਦੇਰ ਟਿਕ ਨਹੀਂ ਸਕਣਗੇ ਪਰ ਅਜਿਹਾ ਨਹੀਂ ਹੋਇਆ ਤੇ ਉਦੋਂ ਤੋਂ ਜੰਗ ਚੱਲ ਰਹੀ ਹੈ। ਦੋਵੇਂ ਪਾਸਿਓਂ ਹਜ਼ਾਰਾਂ ਦੀ ਤਾਦਾਦ ਵਿਚ ਫ਼ੌਜੀ ਮਾਰੇ ਗਏ, ਯੂਕਰੇਨ ਦੇ ਬਹੁਤ ਸਾਰੇ ਸ਼ਹਿਰ ਤੇ ਪਿੰਡ ਮਲਬੇ ਦੇ ਢੇਰ ਵਿਚ ਬਦਲ ਗਏ ਅਤੇ ਸ਼ਰਨਾਰਥੀ ਬਣੇ ਕਰੀਬ ਪੰਜ ਲੱਖ ਯੂਕਰੇਨੀਆਂ ਨੂੰ ਦੂਜੇ ਦੇਸ਼ਾਂ ਵਿਚ ਪਨਾਹ ਲੈਣੀ ਪਈ। ਸ਼ਰਨਾਰਥੀ ਤਾਂ ਸ਼ਰਨਾਰਥੀ ਹੀ ਹੁੰਦੇ ਹਨ ਅਤੇ ਜੋ ਕੁਝ ਮਿਲਦਾ ਹੈ, ਉਸ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਅਮਨ ਦੀਆਂ ਸਾਰੀਆਂ ਕੋਸ਼ਿਸ਼ਾਂ ਮਾਂਦ ਪੈ ਗਈਆਂ ਹਨ ਅਤੇ ਸਰਦੀ ਦਾ ਮੌਸਮ ਫਿਰ ਆਣ ਢੁੱਕਿਆ ਹੈ। ਦੇਖਿਆ ਜਾਵੇ ਤਾਂ ਹਜ਼ਾਰਾਂ ਵਿਧਵਾਵਾਂ ਅਤੇ ਯਤੀਮ ਬੱਚਿਆਂ ਤੋਂ ਸਿਵਾਇ ਕਿਸੇ ਦੇ ਪੱਲੇ ਹੋਰ ਕੁਝ ਵੀ ਨਹੀਂ ਪਿਆ, ਬਰਫ਼ ਅਤੇ ਚਿੱਕੜ ਨਾਲ ਅੱਟੀਆਂ ਖੰਦਕਾਂ ਵਿਚ ਲੇਟੇ ਰੂਸੀ ਅਤੇ ਯੂਕਰੇਨੀ ਫ਼ੌਜੀ ਇਕ ਦੂਜੇ ਦਾ ਸਾਹਮਣਾ ਕਰ ਰਹੇ ਹਨ। ਬਹਰਹਾਲ, ਜੰਗ ਦੀ ਸਨਅਤ ਦੀ ਭੱਠੀ ਠਾਠਾਂ ਮਾਰ ਰਹੀ ਹੈ।
ਜਿਵੇਂ ਮਾਨਵਤਾ ਲਈ ਇਹ ਘਿਨਾਉਣੀ ਜੰਗ ਅਤੇ ਇਸ ਦਾ ਅਕਹਿ ਸੰਤਾਪ ਕਾਫ਼ੀ ਨਹੀਂ ਸੀ ਤਾਂ ਹਮਾਸ ਨੇ ਕਈ ਥਾਵਾਂ ਤੋਂ ਇਜ਼ਰਾਈਲ ਦੀ ਸਰਹੱਦ ਪਾਰ ਕਰ ਕੇ ਹਮਲਾ ਕਰ ਦਿੱਤਾ। ਇਹ ਨਿਹੱਥੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਉਪਰ ਕੀਤਾ ਗਿਆ ਵਹਿਸ਼ੀ ਹਮਲਾ ਸੀ। ਕਤਲੋਗਾਰਤ ਦੀ ਇਸ ਹੋਲੀ ਵਿਚ ਕਿਸੇ ਨੂੰ ਵੀ ਨਾ ਬਖ਼ਸ਼ਿਆ ਗਿਆ, ਸੰਗੀਤ ਸਮਾਗਮ ਵਿਚ ਇਕੱਠੇ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ ਘੇਰ ਕੇ ਕਤਲ ਕੀਤਾ ਗਿਆ ਅਤੇ ਬਲਾਤਕਾਰ ਕੀਤੇ ਗਏ। ਦੁਨੀਆ ਦੰਗ ਰਹਿ ਗਈ ਅਤੇ ਇਜ਼ਰਾਈਲ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਕ੍ਰੋਧ ਦਾ ਦੌਰਾ ਪਿਆ ਪੈ ਗਿਆ ਅਤੇ ਫਿਰ ਗਾਜ਼ਾ ਦੇ ਛੋਟੇ ਜਿਹੇ ਇਲਾਕੇ ਵਿਚ ਘਿਰੇ ਕਰੀਬ ਵੀਹ ਲੱਖ ਫ਼ਲਸਤੀਨੀ ਇਜ਼ਰਾਇਲੀ ਬਦਲੇ ਦਾ ਨਿਸ਼ਾਨਾ ਬਣ ਗਏ। ਉਨ੍ਹਾਂ ’ਤੇ ਹਰ ਤਰਫ਼ੋਂ ਮੀਂਹ ਵਾਂਗ ਬੰਬਾਰੀ ਕੀਤੀ ਗਈ। ਲੱਖਾਂ ਦੀ ਤਾਦਾਦ ਵਿਚ ਗਾਜ਼ਾ ਦੇ ਲੋਕ ਬੇਘਰ ਹੋ ਗਏ। ਦੁਨੀਆ ਭਰ ਵਿਚ ਫ਼ਲਸਤੀਨੀਆਂ ਦੇ ਹੱਕ ਵਿਚ ਕੀਤੇ ਗਏ ਮੁਜ਼ਾਹਰਿਆਂ ਨੇ ਜ਼ਮੀਰ ਨੂੰ ਹਲੂਣਿਆ ਪਰ ਬੰਬਾਂ ਨਾਲ ਗਾਜ਼ਾ ਸ਼ਹਿਰ ਤਬਾਹ ਕਰ ਦਿੱਤਾ ਗਿਆ। ਵਿਧਵਾਵਾਂ ਅਤੇ ਯਤੀਮ ਬੱਚਿਆਂ ਦੀ ਕਤਾਰ ਹੋਰ ਲੰਮੀ ਹੋ ਗਈ... ਇਸੇ ਦੌਰਾਨ, ਇਜ਼ਰਾਈਲ ਵਿਚ ਹੋਰ ਜਿ਼ਆਦਾ ਹਥਿਆਰ ਤੇ ਗੋਲੀ ਸਿੱਕਾ ਆਉਂਦਾ ਰਿਹਾ ਅਤੇ ਜੰਗ ਦੀ ਸਨਅਤ ਹੋਰ ਤੇਜ਼ ਹੋ ਗਈ। ਸੰਯੁਕਤ ਰਾਸ਼ਟਰ ਅਤੇ ਹੋਰਨਾਂ ਸੰਸਥਾਵਾਂ ਨੂੰ ਮਾਨਵੀ ਇਮਦਾਦ ਪਹੁੰਚਾਉਣ ਲਈ ਗਾਜ਼ਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਜਿਸ ਕਰ ਕੇ ਉੱਥੇ ਪੀਣ ਵਾਲੇ ਪਾਣੀ, ਖੁਰਾਕ, ਈਂਧਣ ਅਤੇ ਦਵਾਈਆਂ ਦੀ ਬਹੁਤ ਜਿ਼ਆਦਾ ਘਾਟ ਹੋ ਗਈ। ਗਲੀਆਂ ਅਤੇ ਸੜਕਾਂ ਉਪਰ ਥਾਂ ਥਾਂ ’ਤੇ ਲਾਸ਼ਾਂ ਪਈਆਂ ਹਨ।
ਅਮਾਨਵੀਪੁਣੇ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਬਿਆਨ ਕੀਤੀਆਂ ਜਾ ਸਕਦੀਆਂ ਹਨ। ਸਾਡਾ ਇਤਿਹਾਸ ਜੰਗਾਂ ਅਤੇ ਤਬਾਹੀ, ਕਤਲੋਗਾਰਤ, ਲੁੱਟਾਂ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਲੰਮੇ ਅਰਸੇ ਤੋਂ ਮਹਾਂ ਸ਼ਕਤੀਆਂ ਵਲੋਂ ਆਪਣੀ ਧਾਂਕ ਜਮਾਉਣ ਲਈ ਇਹ ਖੇਡ ਖੇਡੀ ਜਾਂਦੀ ਰਹੀ ਹੈ। 1917 ਵਿਚ ਬਾਲਫੋਰ ਐਲਾਨਨਾਮੇ (ਇੰਗਲੈਂਡ ਦੁਆਰਾ ਫ਼ਲਸਤੀਨ ਵਿਚ ਯਹੂਦੀਆਂ ਨੂੰ ਵਸਾਉਣ ਬਾਰੇ ਐਲਾਨਨਾਮਾ) ਤੋਂ ਬਾਅਦ ਅਰਬਾਂ ਦੇ ਇਲਾਕੇ ਵਿਚ ਇਜ਼ਰਾਇਲੀ ਸਟੇਟ/ਰਿਆਸਤ ਦੇ ਗਠਨ ਨਾਲ ਹਿੰਸਾ ਅਤੇ ਨਫ਼ਰਤ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਇਜ਼ਰਾਇਲੀ ਸਟੇਟ ਦੀ ਸਥਾਪਨਾ ਦੇ ਨਾਲ ਹੀ ਫ਼ਲਸਤੀਨੀਆਂ ਦਾ ਉਜਾੜਾ ਸ਼ੁਰੂ ਹੋ ਗਿਆ (ਲੱਖਾਂ ਲੋਕਾਂ ਦੇ ਉਸ ਮਹਾਂ-ਉਜਾੜੇ ਨੂੰ ਨਕਬਾ ਕਿਹਾ ਜਾਂਦਾ ਹੈ)। ਉਦੋਂ ਤੋਂ ਲੈ ਕੇ ਜੰਗਾਂ ਅਤੇ ਕਤਲੋਗਾਰਤ ਦਾ ਇਹ ਸਿਲਸਿਲਾ ਚਲਦਾ ਆ ਰਿਹਾ ਹੈ। ਮੈਂ ਨਵੇਂ ਦੌਰ ਦਾ ਜਿ਼ਕਰ ਇਸ ਲਈ ਕੀਤਾ ਹੈ ਕਿਉਂਕਿ ਯੇਰੂਸ਼ਲਮ ਤਿੰਨ ਮੁੱਖ ਧਰਮਾਂ ਅਤੇ ਉਨ੍ਹਾਂ ਦਰਮਿਆਨ ਲੜੀਆਂ ਗਈਆਂ ਜੰਗਾਂ ਦਾ ਕੇਂਦਰ ਬਿੰਦੂ ਬਣਿਆ ਰਿਹਾ ਹੈ। ਧਰਮ ਯੁੱਧਾਂ ਅਤੇ ਰੋਮਨਾਂ ਤੋਂ ਪਹਿਲਾਂ ਵੀ ਇੱਥੇ ਲੜਾਈਆਂ ਹੋਈਆਂ ਸਨ। ਸੀਰਿਆਈਆਂ, ਬੇਬੀਲੋਨੀਆਂ ਅਤੇ ਰੋਮਨਾਂ ਸਭਨਾਂ ਨੇ ਯਹੂਦੀਆਂ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਵਿਚ ਸ਼ਰਨਾਰਥੀ ਬਣਨਾ ਪਿਆ ਸੀ ਅਤੇ ਫਿਰ ਉੱਥੇ ਜਾ ਕੇ ਵੀ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ। ਨਾਜ਼ੀ ਜਰਮਨੀ ਵੇਲੇ ਯਹੂਦੀਆਂ ਦੀ ਨਸਲਕੁਸ਼ੀ ਕਿਸੇ ਭਾਈਚਾਰੇ ਖਿਲਾਫ਼ ਅਮਾਨਵੀਪੁਣੇ ਦਾ ਸਭ ਤੋਂ ਸਿਆਹ ਇਤਿਹਾਸ ਗਿਣੀ ਜਾਂਦੀ ਹੈ। ਨਾਜ਼ੀਆਂ ਨੇ 60 ਲੱਖ ਯਹੂਦੀਆਂ ਨੂੰ ਕਤਲ ਕੀਤਾ।
ਸਾਡੇ ਆਪਣੇ ਪੰਜਾਬ ਦੀ ਵੰਡ ਅਤੇ ਉਸ ਤੋਂ ਬਾਅਦ ਹੋਈ ਕਤਲੋਗਾਰਤ ਅਤੇ ਕਰੋੜਾਂ ਲੋਕਾਂ ਦੇ ਉਜਾੜੇ ’ਤੇ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਇਹ ਵੀ ਸਾਡੇ ਬਸਤੀਵਾਦੀ ਹਾਕਮਾਂ ਵਲੋਂ ਆਲਮੀ ਬਿਸਾਤ ’ਤੇ ਆਪਣੀ ਚੌਧਰ ਬਣਾਈ ਰੱਖਣ ਦੇ ਮਨਸੂਬੇ ਦੀ ਕੜੀ ਸੀ। ਅਮਰੀਕਾ ਅਤੇ ਆਸਟਰੇਲੀਆ ਵਿਚ ਉੱਥੋਂ ਦੇ ਮੂਲਵਾਸੀਆਂ ਦਾ ਕੀਤਾ ਗਿਆ ਵਿਨਾਸ਼, ਮੰਗੋਲਾਂ ਦੀਆਂ ਚੜ੍ਹਾਈਆਂ, ਪੂਰਬੀ ਯੂਰੋਪੀਅਨ ਉਪਰ ਸੋਵੀਅਤ ਸੰਘ ਦੀ ਅਜਾਰੇਦਾਰੀ ਅਤੇ ਸਟਾਲਿਨ ਦੇ ਅੱਤਿਆਚਾਰ... ਇਹ ਸੂਚੀ ਅੰਤਹੀਣ ਹੈ। ਯਹੂਦੀਆਂ ਦਾ ਦੇਸ਼ ਵਸਾਉਣ ਨੂੰ ਲੈ ਕੇ ਚਰਚਿਲ ਨੇ ਪੀਲ ਕਮਿਸ਼ਨ (ਬਰਤਾਨੀਆ ਸਰਕਾਰ ਨੇ ਇਹ ਕਮਿਸ਼ਨ 1936 ਵਿਚ ਅਰਬਾਂ ਦੇ ਯਹੂਦੀਆਂ ਨੂੰ ਫ਼ਲਸਤੀਨ ਵਿਚ ਵਸਾਉਣ ਦੇ ਵਧਦੇ ਵਿਰੋਧ ਤੇ ਰੋਸ ਦਾ ਹੱਲ ਲੱਭਣ ਲਈ ਬਣਾਇਆ ਸੀ) ਸਾਹਮਣੇ ਆਖਿਆ ਸੀ, “ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਜੇ ਕੋਈ ਕੁੱਤਾ ਕਿਸੇ ਖੁਰਲੀ ’ਤੇ ਲੰਮੇ ਸਮੇਂ ਤੋਂ ਲੇਟਿਆ ਹੋਵੇ ਤਾਂ ਉਸ ਦਾ ਖੁਰਲੀ ’ਤੇ ਅੰਤਿਮ ਹੱਕ ਕਾਇਮ ਹੋ ਜਾਂਦਾ ਹੈ। ਮੈਂ ਨਹੀਂ ਮੰਨਦਾ ਕਿ ਇਹ ਸਹੀ ਹੋਵੇਗਾ। ਮੈਂ ਇਸ ਮਿਸਾਲ ਨੂੰ ਵੀ ਨਹੀਂ ਮੰਨਦਾ ਕਿ ਅਮਰੀਕਾ ਦੇ ਰੈੱਡ ਇੰਡੀਅਨਾਂ ਜਾਂ ਆਸਟਰੇਲੀਆ ਦੇ ਕਾਲੇ ਲੋਕਾਂ ਨਾਲ ਬਹੁਤ ਵੱਡੀ ਨਾਇਨਸਾਫ਼ੀ ਹੋਈ ਸੀ। ਇਸ ਤੱਥ ਦੇ ਪੇਸ਼ੇਨਜ਼ਰ ਮੈਂ ਨਹੀਂ ਮੰਨਦਾ ਕਿ ਇਨ੍ਹਾਂ ਲੋਕਾਂ ਨਾਲ ਕੋਈ ਗ਼ਲਤ ਭਾਣਾ ਵਾਪਰਿਆ ਹੈ ਕਿ ਮਜ਼ਬੂਤ ਜ਼ਾਤ, ਆਲ੍ਹਾ ਦਰਜੇ ਦੀ ਨਸਲ ਜੋ ਦੁਨਿਆਵੀ ਤੌਰ ’ਤੇ ਜਿ਼ਆਦਾ ਅਕਲਮੰਦ ਸੀ, ਨੇ ਆ ਕੇ ਉਨ੍ਹਾਂ ਦੀ ਥਾਂ ਲੈ ਲਈ ਸੀ।” ਕੀ ਮਨੁੱਖਤਾ ਦੇ ਵਿਕਾਸ ਦੀ ਕਹਾਣੀ ਦਾ ਇਹੀ ਸਾਰ ਹੈ- ਜਿਸ ਦੀ ਲਾਠੀ ਉਸ ਦੀ ਮੱਝ, ਜ਼ੋਰਾਵਰ ਹੀ ਜਿ਼ੰਦਾ ਰਹਿਣ ਦੇ ਲਾਇਕ ਹੈ? ਕੀ ਅਸੀਂ ਜੰਗਲ ਵਿਚ ਰਹਿ ਰਹੇ ਜਾਨਵਰ ਹਾਂ? ਜਾਨਵਰ ਤਾਂ ਪੇਟ ਭਰਨ ਲਈ ਦੂਜੇ ਜਾਨਵਰ ਨੂੰ ਮਾਰਦੇ ਹਨ ਨਾ ਕਿ ਮਨਪ੍ਰਚਾਵੇ ਜਾਂ ਆਪਣੇ ਲਾਲਚ ਲਈ। ਉਹ ਨਸਲਕੁਸ਼ੀ ਨਹੀਂ ਕਰਦੇ। ਫਿਰ ਭਲਾ, ਅਸੀਂ ਮਿਲ ਜੁਲ ਕੇ ਕਿਉਂ ਨਹੀਂ ਰਹਿ ਸਕਦੇ ਅਤੇ ਵੰਡ ਕੇ ਕਿਉਂ ਨਹੀਂ ਛਕ ਸਕਦੇ? ਸਾਡੇ ਗ੍ਰਹਿ ’ਤੇ ਕੁਦਰਤ ਦੀਆਂ ਅਪਾਰ ਦਾਤਾਂ ਹਨ... ਲਾਲਚ ਅਤੇ ਖ਼ੂਨ ਖਰਾਬਾ ਕਿਉਂ ਸ਼ਾਂਤਮਈ ਸਹਿਹੋਂਦ ਉਪਰ ਭਾਰੂ ਪੈ ਜਾਂਦਾ ਹੈ?
ਸਾਡਾ ਇਤਿਹਾਸ ਕਲਾ ਤੇ ਵਿਗਿਆਨ ਦੇ ਸ਼ੁਹਬਿਆਂ ਵਿਚ ਮਾਰੀਆਂ ਗਈਆਂ ਮੱਲਾਂ ਨਾਲ ਭਰਿਆ ਪਿਆ ਹੈ। ਅਤੀਤ ’ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਆਦਮੀ ਨੇ ਗੁਫ਼ਾ ਵਿਚ ਰਹਿੰਦੇ ਹੋਏ, ਸ਼ਿਕਾਰ ਦੀ ਤਲਾਸ਼ ਕਰਨ ਦੇ ਰੂਪ ਵਿਚ ਸ਼ੁਰੂਆਤ ਕੀਤੀ ਸੀ। ਹੌਲੀ ਹੌਲੀ ਉਸ ਨੂੰ ਖੇਤੀਬਾੜੀ ਦੀ ਜਾਚ ਆ ਗਈ ਅਤੇ ਉਸ ਨੇ ਫ਼ਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਬਹਰਹਾਲ, ਵੱਖ ਵੱਖ ਖੇਤਰਾਂ ਵਿਚ ਵਿਗਿਆਨਕ ਖੋਜ ਜਾਰੀ ਰਹੀ ਅਤੇ ਅਸੀਂ ਸਨਅਤੀ ਯੁੱਗ ਵਿਚ ਦਾਖ਼ਲ ਹੋ ਗਏ ਜਿੱਥੇ ਸੰਚਾਰ ਤੋਂ ਲੈ ਕੇ ਢੋਆ-ਢੁਆਈ ਤੱਕ ਅਤੇ ਸਟੀਲ ਉਤਪਾਦਨ ਦੀਆਂ ਵੱਡੀਆਂ ਸਨਅਤਾਂ ਅਤੇ ਬਜਿਲੀ ਉਤਪਾਦਨ ਦੇ ਰੂਪ ਵਿਚ ਵੱਡੀਆਂ ਸਿਫ਼ਤੀ ਤਬਦੀਲੀਆਂ ਸਾਹਮਣੇ ਆਈਆਂ। ਆਦਮੀ ਦਾ ਸਫ਼ਰ ਜਾਰੀ ਰਿਹਾ ਅਤੇ ਅੱਜ ਅਸੀਂ ਆਪਣੇ ਆਲੇ ਦੁਆਲੇ ਸੂਚਨਾ ਤਕਨਾਲੋਜੀ ਅਤੇ ਮਸਨੂਈ ਜ਼ਹੀਨਤਾ (ਏਆਈ) ਨੂੰ ਦੇਖ ਰਹੇ ਹਾਂ ਜੋ ਸਾਡੇ ਜੀਵਨ ਵਿਚ ਅਸੀਮ ਤਬਦੀਲੀਆਂ ਲੈ ਕੇ ਆ ਰਹੀਆਂ ਹਨ। ਅਸੀਂ ਆਪਣੇ ਗ੍ਰਹਿ ਤੋਂ ਪਰ੍ਹੇ ਤੱਕ ਜਾ ਪਹੁੰਚੇ ਹਾਂ ਅਤੇ ਚੰਦ, ਮੰਗਲ ਅਤੇ ਤਾਰਿਆਂ ਦੀ ਖੋਜ ਕਰ ਰਹੇ ਹਾਂ। ਅੱਜ ਸਾਡੇ ਕੋਲ ਬ੍ਰਹਿਮੰਡ ਦੀ ਉਤਪਤੀ ਦੀ ਖੋਜ ਕਰਨ ਦੇ ਸਾਧਨ ਆ ਗਏ ਹਨ। ਕਲਾ ਦੇ ਖੇਤਰ ਵਿਚ ਸਾਡੇ ਕੋਲ ਨਵੇਂ ਰੂਪ ਅਤੇ ਮਾਧਿਅਮ ਆ ਗਏ ਹਨ ਜੋ ਸਮੁੱਚੀ ਦੁਨੀਆ ਵਿਚ ਫ਼ੈਲ ਰਹੇ ਹਨ। ਇਨ੍ਹਾਂ ਸਾਰਿਆਂ ਖੇਤਰਾਂ ਵਿਚ ਬਹੁਤ ਜਿ਼ਆਦਾ ਤਜਰਬੇ ਕੀਤੇ ਜਾ ਰਹੇ ਹਨ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਾਰਾ ਅਮਾਨਵੀਪੁਣਾ ਕਿੱਥੋਂ ਆ ਰਿਹਾ ਹੈ? ਆਦਮੀ ਹੀ ਇਕੋ-ਇਕ ਅਜਿਹਾ ਜਾਨਵਰ ਹੈ ਜੋ ਨਸਲਕੁਸ਼ੀ ਕਰਦਾ ਹੈ। ਇਹ ਸਭ ਕੁਝ ਲਾਲਚ, ਹਵਸ ਅਤੇ ਸੱਤਾ ਦੇ ਕਬਜ਼ੇ ’ਚੋਂ ਪੈਦਾ ਹੁੰਦਾ ਹੈ। ਪੁਲੀਸ ਵਿਚ ਆਪਣੇ ਕਾਰਜਕਾਲ ਦੌਰਾਨ ਮੈਂ ਬਹੁਤ ਸਾਰੇ ਜਨਾਜ਼ੇ ਅਤੇ ਬਦਲੇ ਦੇ ਕਾਰਨਾਮਿਆਂ ਦਾ ਗਵਾਹ ਬਣਿਆ ਸਾਂ ਅਤੇ ਬਹੁਤ ਸਰੀਆਂ ਵਿਧਵਾਵਾਂ ਅਤੇ ਯਤੀਮ ਬੱਚਿਆਂ ਨੂੰ ਮਿਲਿਆ ਸਾਂ ਜਿਨ੍ਹਾਂ ਕੋਲ ਕਿਸੇ ਤ੍ਰਾਸਦੀ ਵਾਪਰਨ ਤੋਂ ਬਾਅਦ ਕੁਝ ਵੀ ਨਹੀਂ ਬਚਦਾ। ਮੇਰਾ ਤਜਰਬਾ ਦੱਸਦਾ ਹੈ ਕਿ ਹਿੰਸਾ ਭਾਵੇਂ ਕਿੰਨੀ ਵੀ ਵਾਜਬਿ ਹੋਵੇ, ਇਸ ਦੇ ਰਾਹ ਪੈਣ ਨਾਲੋਂ ਅਮਨ ਦੇ ਰਾਹ ’ਤੇ ਤੁਰਦੇ ਰਹਿਣਾ ਕਤਿੇ ਜਿ਼ਆਦਾ ਅਕਲਮੰਦੀ ਹੁੰਦੀ ਹੈ। ਜਾਂ ਕੀ ਇਹ ਸਭ ਵਿਅਰਥ ਹੈ? ਕੀ ਸਾਡਾ ਸਮੂਹਿਕ ਵਿਨਾਸ਼ ਹੀ ਸਾਡੀ ਅੰਤਿਮ ਪ੍ਰਾਪਤੀ ਹੋਵੇਗੀ? ਜਾਂ ਜਿਵੇਂ ਸ਼ੇਕਸਪੀਅਰ ਨੇ ‘ਕਿੰਗ ਲੀਅਰ’ ਲਿਖਿਆ ਹੈ- “ਜਿਵੇਂ ਹੁੰਦੜਹੇਲ ਆਪਣੇ ਮਨਪ੍ਰਚਾਵੇ ਲਈ ਮੱਖੀਆਂ ਨੂੰ ਮਾਰਦੇ ਹਨ, ਉਵੇਂ ਦੇਵਤੇ ਸਾਡੇ ਨਾਲ ਖੇਡਦੇ ਰਹਿੰਦੇ ਹਨ।”
*ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਗਵਰਨਰ, ਮਨੀਪੁਰ।