ਪੇਂਡੂ ਮਜ਼ਦੂਰ ਯੂਨੀਅਨ ਨੇ ਬੀਡੀਪੀਓ ਦਫ਼ਤਰ ਘੇਰਿਆ
ਪੱਤਰ ਪ੍ਰੇਰਕ
ਕਾਹਨੂੰਵਾਨ, 11 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਬੀਡੀਪੀਓ ਦਫ਼ਤਰ ਕਾਹਨੂੰਵਾਨ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਨੇ ਬਲਾਕ ਦਾ ਮੁੱਖ ਗੇਟ ਬੰਦ ਕਰ ਕੇ ਦੋ ਘੰਟੇ ਲਈ ਘਿਰਾਓ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਬਗੋਲ ਦੀਆਂ ਔਰਤ ਮਜ਼ਦੂਰਾਂ ਨੇ ਪੰਚਾਇਤ ਵੱਲੋਂ ਪਿੰਡ ਦੇ ਕਰਵਾਏ ਗਏ ਵਿਕਾਸ ਕਾਰਜਾਂ ਦੌਰਾਨ ਦੋ ਸਾਲ ਪਹਿਲਾਂ ਮਨਰੇਗਾ ਤਹਿਤ 100 ਦਿਨ ਲਈ ਮਜ਼ਦੂਰੀ ਕੀਤੀ ਸੀ ਪਰ ਅਜੇ ਤੱਕ ਉਨ੍ਹਾਂ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ। ਆਖ਼ਰਕਾਰ ਬੀਡੀਪੀਓ ਕੁਲਵੰਤ ਸਿੰਘ ਨੇ ਧਰਨਾਕਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਤਾਂ ਧਰਨਾਕਾਰੀਆਂ ਨੇ ਧਰਨਾ ਖ਼ਤਮ ਕੀਤਾ।
ਬੀਡੀਪੀਓ ਦਫ਼ਤਰ ਮੂਹਰੇ ਰੋਸ ਧਰਨਾ
ਮੁਕੇਰੀਆਂ(ਪੱਤਰ ਪ੍ਰੇਰਕ): ਪਿੰਡ ਨੰਗਲ ਅਵਾਣਾ ਅਤੇ ਕਾਲੂ ਚਾਂਗ ਦੇ ਸਰਪੰਚਾਂ ਵੱਲੋਂ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਕਰਕੇ ਮਿੱਟੀ ਵੇਚਣ ਸਬੰਧੀ ਕਾਨੂੰਨੀ ਕਾਰਵਾਈ ਦੀ ਮੰਗ ਲਈ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਸਾਹਮਣੇ 31 ਅਗਸਤ ਤੋਂ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਸਰਪੰਚਾਂ ਖਿਲਾਫ਼ ਕਾਰਵਾਈ ਵਿੱਚ ਢਿੱਲ ਵਰਤਣ ਵਾਲੇ ਪੰਚਾਇਤੀ ਅਧਿਕਾਰੀਆਂ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਓਮ ਪ੍ਰਕਾਸ਼ ਭੰਗਾਲਾ ਅਤੇ ਤਰਸੇਮ ਸਿੰਘ ਭੰਗਾਲਾ ਨੇ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਇਲਾਵਾ ਮੰਗਲ ਦਾਸ, ਪੱਪੀ ਵਰਮਾ, ਪ੍ਰੀਕਸ਼ਿਤ ਸਿੰਘ, ਵਿਜੇ ਸਿੰਘ ਪੋਤਾ, ਯਸ਼ਪਾਲ ਸਿੰਘ, ਜਸਵੰਤ ਸਿੰਘ ਹਾਜ਼ਰ ਸਨ।