For the best experience, open
https://m.punjabitribuneonline.com
on your mobile browser.
Advertisement

ਤਾਲੇ ਤੋਂ ਮਿਹਣੋ-ਮਿਹਣੀ ਹੋਈ ਹਾਕਮ ਤੇ ਵਿਰੋਧੀ ਧਿਰ

06:53 AM Mar 05, 2024 IST
ਤਾਲੇ ਤੋਂ ਮਿਹਣੋ ਮਿਹਣੀ ਹੋਈ ਹਾਕਮ ਤੇ ਵਿਰੋਧੀ ਧਿਰ
ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

* ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਦਰਮਿਆਨ ਤਿੱਖੀ ਬਹਿਸ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਅਜਲਾਸ ਵਿਚ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਰੋਧੀ ਧਿਰ ਦੀ ਸਦਨ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਜਿਵੇਂ ਹੀ ਸਪੀਕਰ ਨੂੰ ਇੱਕ ਲਿਫਾਫਾਬੰਦ ਤਾਲਾ ਭੇਟ ਕੀਤਾ ਤਾਂ ਮੁੱਖ ਮੰਤਰੀ ਦੇ ਇਸ ਰਵੱਈਏ ਨੂੰ ਲੈ ਕੇ ਵਿਰੋਧੀ ਧਿਰ ਤਲਖ਼ ਹੋ ਗਈ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸਦਨ ਦੇ ਕਰੀਬ ਚਾਰ ਘੰਟੇ ਹੰਗਾਮੇ ਵਿੱਚ ਹੀ ਗੁਆਚ ਗਏ।
ਮੁੱਖ ਮੰਤਰੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਰਾਜਪਾਲ ਦੇ ਭਾਸ਼ਨ ਮੌਕੇ ਵਿਰੋਧੀ ਧਿਰ ਭੱਜ ਗਈ ਸੀ। ਇਸ ਲਈ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਧਿਰ ਸਦਨ ਵਿਚ ਹਾਜ਼ਰ ਰਹੇ ਕਿਉਂਕਿ ਉਸ ਨੂੰ ਸਦਨ ਅੰਦਰ ਸੁਣਨ ਦੀ ਆਦਤ ਨਹੀਂ ਹੈ ਤੇ ਛੇਤੀ ਹੀ ਬਾਹਰ ਚਲੀ ਜਾਂਦੀ ਹੈ। ਵਿਰੋਧੀ ਧਿਰ ਦਾ ਨਿੱਤ ਦਿਨ ਭੱਜਣਾ ਸਦਨ ਨਾਲ ਮਜ਼ਾਕ ਹੈ। ਤਾਲੇ ਦੇ ਮਾਮਲੇ ’ਤੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਤਲਖ਼ੀ ਏਨੀ ਵਧ ਗਈ ਕਿ ਦੋਵਾਂ ਧਿਰਾਂ ਵਿੱਚ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਜਦੋਂ ਮੁੱਖ ਮੰਤਰੀ ਨੇ ਬਾਜਵਾ ਦੇ ਮੂੰਹ ’ਤੇ ਲਗਾਉਣ ਲਈ ਇੱਕ ਤਾਲਾ ਹੋਰ ਦੇਣ ਦੀ ਗੱਲ ਆਖੀ ਤਾਂ ਸਥਿਤੀ ਵਿਗੜ ਗਈ। ਬਾਜਵਾ ਨੇ ਸਵਾਲ ਕੀਤਾ ਕਿ ਕੀ ਸਪੀਕਰ ਨੂੰ ਤਾਲਾ ਲਗਾਉਣ ਦਾ ਅਧਿਕਾਰ ਹੈ। ਇਸ ਮਗਰੋਂ ਵਿਰੋਧੀ ਧਿਰ ਨੇ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਜਵਾ ਨੇ ਸਪੀਕਰ ਨੂੰ ਸਦਨ ਨੂੰ ਤਾਲਾ ਲਾਉਣ ਦੀ ਚੁਣੌਤੀ ਦਿੱਤੀ। ਹਾਲਾਂਕਿ, ਸਪੀਕਰ ਸ੍ਰੀ ਸੰਧਵਾਂ ਨੇ ਸਪਸ਼ਟ ਕੀਤਾ ਕਿ ਤਾਲਾ ਇੱਕ ਸੰਕੇਤਕ ਇਸ਼ਾਰਾ ਹੈ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ’ਚ ਸ਼ਾਮਲ ਹੋਵੇ। ਸੈਸ਼ਨ ਦੇ ਸ਼ੁਰੂ ਵਿਚ ਮਾਹੌਲ ਏਨਾ ਭਖ ਗਿਆ ਕਿ ਇੱਕ ਦਫਾ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ। ਜਦੋਂ ਸਦਨ ਮੁੜ ਜੁੜਿਆ ਤਾਂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਮਾਹੌਲ ਵਿੱਚ ਉਦੋਂ ਗਰਮੀ ਆਈ ਜਦੋਂ ਸਪੀਕਰ ਨੇ ਪ੍ਰਥਾ ਦੇ ਉਲਟ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਤੋਂ ਪਹਿਲਾਂ ਹੀ ਸਦਨ ਤੋਂ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਕਰਾਉਣ ਦੀ ਸਹਿਮਤੀ ਲੈ ਲਈ। ਭਾਜਪਾ ਦੇ ਵਿਧਾਇਕ ਅੱਜ ਸਦਨ ’ਚੋਂ ਗ਼ੈਰਹਾਜ਼ਰ ਰਹੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਡਾ. ਸੁਖਵਿੰਦਰ ਸੁੱਖੀ, ਆਜ਼ਾਦ ਵਿਧਾਇਕ ਇੰਦਰ ਪ੍ਰਤਾਪ ਸਿੰਘ ਅਤੇ ਬਸਪਾ ਦੇ ਇਕਲੌਤੇ ਵਿਧਾਇਕ ਡਾ. ਨਛੱਤਰਪਾਲ ਤੋਂ ਇਲਾਵਾ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਚੁੱਪ-ਚਾਪ ਸਦਨ ਵਿੱਚ ਸਮੁੱਚੇ ਸਿਆਸੀ ਡਰਾਮੇ ਨੂੰ ਦੇਖਦੇ ਰਹੇ। ਰਾਜਪਾਲ ਦੇ ਭਾਸ਼ਨ ’ਤੇ ਧੰਨਵਾਦ ਪ੍ਰਸਤਾਵ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਪੇਸ਼ ਕੀਤਾ। ਮੁੱਖ ਮੰਤਰੀ ਨੇ ਤਨਜ ਕੀਤਾ ਕਿ ਕਾਂਗਰਸ ਸਰਕਾਰ ਸਮੇਂ ਮਨਪ੍ਰੀਤ ਬਾਦਲ ਦਾ ਖਜ਼ਾਨਾ ਵੀ ਖਾਲੀ ਸੀ ਤੇ ਨੀਅਤ ਵੀ। ਮੁੱਖ ਮੰਤਰੀ ਨੇ ਸੁਖਪਾਲ ਖਹਿਰਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਖਹਿਰਾ ਸਾਹਿਬ ਹੁਣ ਨਵੀਂ ਪਾਰਟੀ ਵਿਚ ਜਾ ਰਹੇ ਹਨ। ਸਦਨ ਵਿਚ ਮਾਹੌਲ ਉਦੋਂ ਸਿਖ਼ਰ ਵੱਲ ਹੋ ਗਿਆ ਜਦੋਂ ਸੁਖਪਾਲ ਖਹਿਰਾ ਨੇ ਸਪੀਕਰ ਨੂੰ ‘ਤੂੰ’ ਆਖ ਕੇ ਸੰਬੋਧਨ ਕਰ ਦਿੱਤਾ। ਉਸ ਵਕਤ ਹਾਕਮ ਤੇ ਵਿਰੋਧੀ ਧਿਰ ਵਿਚ ਫਲੋਰ ਪਾਰ ਕਰਨ ਦੀ ਨੌਬਤ ਬਣੀ ਅਤੇ ਸਪੀਕਰ ਦੋਵੇਂ ਧਿਰਾਂ ਨੂੰ ਬੈਠਣ ਲਈ ਆਖਦੇ ਰਹੇ। ਸਦਨ ਵਿਚ ਮੁੱਖ ਮੰਤਰੀ ਅਤੇ ਪ੍ਰਤਾਪ ਬਾਜਵਾ ਦਰਮਿਆਨ ਤਿੱਖੀ ਬਹਿਸ ਹੋਈ। ਬਾਜਵਾ ਨੇ ਜਦ ਤਲਖੀ ਦਿਖਾਈ ਤਾਂ ਮੁੱਖ ਮੰਤਰੀ ਨੇ ਕਿਹਾ, ‘‘ਮਿਸਟਰ ਬਾਜਵਾ, ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰੋ।’’ ਉਨ੍ਹਾਂ ਕਿਹਾ ਕਿ ਉਹ ਤਾਂ ਰਾਤ ਨੂੰ ਦੋ-ਦੋ ਵਜੇ ਤੱਕ ਕਿਸਾਨਾਂ ਨਾਲ ਮੀਟਿੰਗ ਕਰਦੇ ਹਨ, ਤੁਹਾਨੂੰ ਕੀ ਪਤੈ ਕਿ ਗ਼ਰੀਬੀ ਕੀ ਹੁੰਦੀ ਹੈ। ਮੁੱਖ ਮੰਤਰੀ ਨੇ ਸੁਖਪਾਲ ਖਹਿਰਾ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬੀ ਦੇ ਪੇਪਰ ’ਚੋਂ 25 ਨੰਬਰ ਲੈ ਕੇ ਦਿਖਾਉਣ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਬਹਿਸ ਦੌਰਾਨ ਕਿਹਾ ਕਿ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਉਵੇਂ ਕਾਂਗਰਸੀ ਕੁਰਸੀ ਤੋਂ ਬਿਨਾਂ ਤੜਫ ਰਹੇ ਹਨ। ਬਹਿਸ ਦੌਰਾਨ ਸਪੀਕਰ ਨੇ ਰਾਜਾ ਵੜਿੰਗ ਨੂੰ ਬੋਲਣ ਦਾ ਸਮਾਂ ਦਿੱਤਾ ਪਰ ਉਹ ਬੋਲੇ ਨਹੀਂ। ਇਸੇ ਦੌਰਾਨ ਮੁੱਖ ਮੰਤਰੀ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦਰਮਿਆਨ ਤਲਖੀ ਹੋਈ ਤਾਂ ਵਿਰੋਧੀ ਧਿਰ ਭੜਕ ਗਈ ਅਤੇ ਕੋਟਲੀ ਵੀ ਭਾਵੁਕ ਹੋ ਗਏ। ਮੁੱਖ ਮੰਤਰੀ ਜਦੋਂ ਸਦਨ ’ਚੋਂ ਚਲੇ ਗਏ ਤਾਂ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਕੋਟਲੀ ਦੇ ਮਾਮਲੇ ’ਤੇ ਸਦਨ ’ਚੋਂ ਵਾਕਆਊਟ ਕਰ ਗਏ। ਅਖੀਰ ’ਚ ਸਦਨ ਨੇ ਰਾਜਪਾਲ ਦੇ ਭਾਸ਼ਨ ’ਤੇ ਧੰਨਵਾਦ ਪ੍ਰਸਤਾਵ ਪਾਸ ਕਰ ਦਿੱਤਾ।

ਸਦਨ ਵਿਚ ‘ਇੰਡੀਆ’ ਗੱਠਜੋੜ ਦਾ ਨਵਾਂ ਰੰਗ

‘ਇੰਡੀਆ’ ਗੱਠਜੋੜ ਦਾ ਵੱਖਰਾ ਦ੍ਰਿਸ਼ ਅੱਜ ਵਿਧਾਨ ਸਭਾ ਵਿਚ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਨੇ ਵਿਰੋਧੀ ਕਾਂਗਰਸੀ ਆਗੂਆਂ ਨੂੰ ਸਵਾਲ ਕੀਤਾ, ‘‘ਕੀ ਤੁਸੀਂ ਕਦੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਬੈਠੇ ਹੋ ? ਉਹ (ਰਾਹੁਲ ਤੇ ਸੋਨੀਆ) ਮੇਰੇ ਨਾਲ ਬੈਠਦੇ ਹਨ।’’ ਭਗਵੰਤ ਮਾਨ ਨੇ ਕਿਹਾ ਕਿ ‘ਇੱਕ ਪਾਸੇ ਤੁਸੀਂ ਸਾਡੇ ਨਾਲ ਸਮਝੌਤੇ ਕਰ ਰਹੇ ਹੋ, ਜਾਓ ਰਾਹੁਲ ਤੇ ਸੋਨੀਆ ਗਾਂਧੀ ਨੂੰ ਕਹੋ ਕਿ ਉਹ ਸਾਨੂੰ ਕੁਰੂਕਸ਼ੇਤਰ, ਦਿੱਲੀ ਤੇ ਗੁਜਰਾਤ ਦੀਆਂ ਸੀਟਾਂ ਨਾ ਦੇਣ।’’

ਕਿਸਾਨੀ ਮੁੱਦਿਆਂ ਨੂੰ ਵੱਜਿਆ ਤਾਲਾ

ਸਦਨ ਵਿਚੋਂ ਅੱਜ ਕਿਸਾਨੀ ਮੁੱਦੇ ਗਾਇਬ ਰਹੇ। ਮੌਜੂਦਾ ਚੱਲ ਰਹੇ ਕਿਸਾਨੀ ਅੰਦੋਲਨ ’ਤੇ ਵਿਰੋਧੀ ਧਿਰ ਸਦਨ ਵਿਚ ਆਪਣੀ ਗੱਲ ਨਾ ਰੱਖ ਸਕੀ। ਵਿਰੋਧੀ ਧਿਰ ਪੂਰਾ ਸਮਾਂ ਤਾਲਾਬੰਦੀ ’ਤੇ ਹੀ ਉਲਝੀ ਰਹੀ ਜਦੋਂ ਕਿ ਹਾਕਮ ਧਿਰ ਨੇ ਵੀ ਬਹੁਤਾ ਸਮਾਂ ਕਿਸਾਨੀ ਨੂੰ ਨਹੀਂ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਸਾਨੀ ਘੋਲ ਦੇ ਮੁੱਦਿਆਂ ਨੂੰ ਚੁੱਕਿਆ। ਕਿਸਾਨੀ ਘੋਲ ਦੀ ਮੁੱਦੇ ਦੀ ਥਾਂ ਅੱਜ ਤਾਲੇ ਨੇ ਲੈ ਲਈ।

ਰਾਜਪਾਲ ਦੀ ਤੌਹੀਨ ਦਾ ਮਾਮਲਾ ਮਰਿਆਦਾ ਕਮੇਟੀ ਨੂੰ ਭੇਜਿਆ

ਸੰਸਦੀ ਮਾਮਲਿਆਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸਦਨ ਵਿੱਚ ਨਿੰਦਾ ਪ੍ਰਸਤਾਵ ਪੇਸ਼ ਕੀਤਾ ਕਿ ਕਾਂਗਰਸੀ ਵਿਧਾਇਕਾਂ ਨੇ ਪਹਿਲੀ ਮਾਰਚ ਨੂੰ ਰਾਜਪਾਲ ਨੂੰ ਭਾਸ਼ਨ ਦੇਣ ਤੋਂ ਰੋਕਿਆ ਅਤੇ ਪਵਿੱਤਰ ਸਦਨ ਦੀ ਤੌਹੀਨ ਕੀਤੀ। ਅਜਿਹਾ ਕੀਤੇ ਜਾਣ ’ਤੇ ਰਾਜਪਾਲ ਨੇ ਬੁਰਾ ਮਨਾਇਆ ਹੈ। ਸਦਨ ਨੇ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਸਪੀਕਰ ਨੇ ਇਹ ਮਾਮਲਾ ਮਰਿਆਦਾ ਕਮੇਟੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ।

ਬੱਸਾਂ ਦੀਆਂ ਬਾਡੀਆਂ ਸਬੰਧੀ ਮਾਮਲੇ ਦੀ ਜਾਂਚ ਕਰਾਂਗੇ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਸਦਨ ਵਿੱਚ ਐਲਾਨ ਕੀਤਾ ਕਿ ਕਾਂਗਰਸੀ ਰਾਜ ਭਾਗ ਦੌਰਾਨ ਸਰਕਾਰੀ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਾਏ ਜਾਣ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਭਦੌੜ ਅਤੇ ਜਲੰਧਰ ਬੱਸਾਂ ਦੀਆਂ ਬਾਡੀਆਂ ਲਈ ਮਸ਼ਹੂਰ ਹਨ ਤਾਂ ਹਰੀਸ਼ ਚੌਧਰੀ ਦੇ ਕਹਿਣ ’ਤੇ ਰਾਜਸਥਾਨ ’ਚੋਂ ਬੱਸਾਂ ਦੀਆਂ ਬਾਡੀਆਂ ਕਿਉਂ ਲਗਵਾਈਆਂ ਗਈਆਂ, ਇਸ ਦੀ ਜਾਂਚ ਕੀਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×