ਆਰਪੀਐਫ ਦੀ ਕਾਂਸਟੇਬਲ ਨੇ ਰੇਲਵੇ ਸਟੇਸ਼ਨ ’ਤੇ ਜਣੇਪਾ ਕਰਵਾਇਆ
ਰਤਨ ਸਿੰਘ ਢਿੱਲੋਂ
ਅੰਬਾਲਾ, 6 ਜੁਲਾਈ
ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੀ ਮਹਿਲਾ ਸਿਪਾਹੀ ਰੇਣੂ ਨੇ ਸਿਖਲਾਈ ਦੌਰਾਨ ਮਿਲੇ ਗਿਆਨ ਦੀ ਵਰਤੋਂ ਕਰਦਿਆਂ ਇਕ ਔਰਤ ਦਾ ਸੁਰੱਖਿਅਤ ਜਣੇਪਾ ਕਰਵਾ ਕੇ ਮਾਂ ਅਤੇ ਬੱਚੇ ਦੋਹਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਹੈ। ਜਣੇਪੇ ਤੋਂ ਬਾਅਦ ਆਰਪੀਐੱਫ ਦੇ ਜਵਾਨਾਂ ਨੇ ਮਾਂ ਅਤੇ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਬਾਅਦ ਵਿੱਚ ਮਹਿਲਾ ਦੇ ਪਰਿਵਾਰ ਵਾਲੇ ਦੋਹਾਂ ਨੂੰ ਨਾਲ ਲੈ ਗਏ। ਆਰਪੀਐੱਫ ਇੰਸਪੈਕਟਰ ਜਾਵੇਦ ਖਾਨ ਨੇ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 2 ਵਜੇ ਸਬ ਇੰਸਪੈਕਟਰ ਵਜਿੰਦਰ ਸਿੰਘ ਅਤੇ ਏਐੱਸਆਈ ਰਾਜੇਸ਼ ਕੁਮਾਰ ਰੇਲਵੇ ਸਟੇਸ਼ਨ ’ਤੇ ਗਸ਼ਤ ਕਰ ਰਹੇ ਹਨ। ਇਸ ਦੌਰਾਨ ਸੂਚਨਾ ਮਿਲੀ ਕਿ ਪਲੈਟਫਾਰਮ ਨੰਬਰ-7 ’ਤੇ ਇਕ ਮਹਿਲਾ ਮੁਸਾਫਰ ਜਣੇਪਾ ਪੀੜਾਂ ਨਾਲ ਤੜਪ ਰਹੀ ਹੈ। ਸੂਚਨਾ ਮਿਲਦਿਆਂ ਹੀ ਜ਼ਰੂਰੀ ਹਦਾਇਤਾਂ ਦੇ ਕੇ ਮਹਿਲਾ ਸਿਪਾਹੀ ਰੇਣੂ ਨੂੰ ਮੌਕੇ ’ਤੇ ਭੇਜਿਆ ਗਿਆ। ਉਸ ਨੇ ਆਪਣੀ ਸੂਝ-ਬੂਝ ਨਾਲ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਦਾ ਸੁਰੱਖਿਅਤ ਜਣੇਪਾ ਕਰਵਾ ਦਿੱਤਾ। ਮਹਿਲਾ ਨੇ ਇਕ ਲੜਕੇ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਨਗਰ ਦੀ ਵਸਨੀਕ ਸੰਤੋਸ਼ (26) ਆਪਣੇ ਪਤੀ ਲਖਨ ਨਾਲ ਅੰਬਅੰਦੌਰਾ (ਊਨਾ) ਤੋਂ ਅੰਬਾਲਾ ਕੈਂਟ ਆਈ ਸੀ। ਇਸ ਦੌਰਾਨ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋਣ ਕਰ ਕੇ ਉਹ ਪਲੈਟਫਾਰਮ ’ਤੇ ਤੜਪ ਰਹੀ ਸੀ।