ਮੀਂਹ ਪੈਣ ਨਾਲ ਸ਼ਾਹੀ ਸ਼ਹਿਰ ‘ਪਾਣੀ-ਪਾਣੀ’ ਹੋਇਆ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 29 ਜੂਨ
ਪਟਿਆਲਾ ਤੇ ਆਸ-ਪਾਸ ਦੇ ਇਲਾਕਿਆਂ ਅੰਦਰ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਦਾ ਪੈਂਡਾ ਦੂਰ ਹੋ ਗਿਆ। ਅੱਜ ਸਵੇਰੇ ਅਤੇ ਦੁਪਹਿਰ ਸਮੇਂ ਭਾਰੀ ਬਾਰਿਸ਼ ਪੈਣ ਨਾਲ ਤਾਪਮਾਨ ਡਿੱਗਿਆ ਹੈ। ਸਵੇਰੇ ਸਮੇਂ ਤੇਜ਼ ਧੁੱਪ ਪੈਣ ਨਾਲ ਤਾਪਮਾਨ ਵਿਚ ਵਾਧਾ ਹੋ ਗਿਆ ਸੀ, ਜੋ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੀਹ ਪੈਣ ਤੋਂ ਬਾਅਦ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ। ਅੱਜ ਸਵੇਰੇ ਵਧੀ ਗਰਮੀ ਤੋਂ ਬਾਅਦ ਬਾਰਿਸ਼ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਸ਼ਹਿਰ ਅੰਦਰ ਨੀਵੀਆਂ ਥਾਵਾਂ ਅਤੇ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਸਫ਼ਰ ਕਰਨ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਘੰਟੇ ਦੇ ਕਰੀਬ ਪਏ ਮੀਂਹ ਨਾਲ ਸ਼ਹਿਰੀ ਖੇਤਰ ਅੰਦਰ ਫਲੱਡ ਵਰਗੀ ਸਥਿਤੀ ਪੈਦਾ ਹੋ ਗਈ। ਸ਼ਾਹੀ ਸ਼ਹਿਰ ਦੀਆਂ ਸੜਕਾਂ ਨੇ ਬਾਰਿਸ਼ ਤੋਂ ਬਾਅਦ ਨਾਲਿਆਂ ਦਾ ਰੂਪ ਧਾਰ ਲਿਆ। ਪਟਿਆਲਾ ਦੀਆਂ ਕੁਝ ਸੜਕਾਂ ‘ਤੇ ਦੋ ਤੋਂ ਢਾਈ ਫੁੱਟ ਤੱਕ ਪਾਣੀ ਭਰਨ ਨਾਲ ਲੋਕਾਂ ਨੂੰ ਸੜਕਾਂ ਤੋਂ ਲੰਘਣ ‘ਚ ਮੁਸ਼ਕਿਲਾਂ ਪੇਸ਼ ਆਈਆਂ। ਮੀਂਹ ਪੈਣ ਨਾਲ ਕਿਸਾਨਾਂ ਨੂੰ ਝੋਨਾ ਲਾਉਣ ਵੇਲੇ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਕਿਸਾਨਾਂ ਨੂੰ ਪਾਣੀ ਦੀ ਸਖ਼ਤ ਲੋੜ ਸੀ। ਮੀਂਹ ਪੈਣ ਨਾਲ ਕਿਸਾਨਾਂ ਨੂੰ ਝੋਨੇ ਲਈ ਬਾਹਣ ਤਿਆਰ ਕਰਨ ਵਿੱਚ ਮਦਦ ਮਿਲੀ ਹੈ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵੀ ਘਟੀ ਹੈ।
ਭਾਵੇਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਫੀ ਪ੍ਰਬੰਧ ਵੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਸਥਿਤੀ ਪੂਰੀ ਤਰ੍ਹਾਂ ਸੰਭਲੀ ਨਹੀਂ ਹੈ। ਸ਼ਹਿਰ ਦੇ ਤਫੱਜਲਪੁਰਾ, ਅਨਾਰਦਾਨਾਂ ਚੌਕ, ਅਫ਼ਸਰ ਕਲੋਨੀ, ਮਾਲਵਾ ਕਲੋਨੀ, ਮਥਰਾ ਕਲੋਨੀ, ਨਾਭਾ ਮੰਡੀ ਅਤੇ ਤ੍ਰਿਪੜੀ ਖੇਤਰ ਸਮੇਤ ਦਰਜਨਾਂ ਹੀ ਹੋਰ ਕਲੋਨੀਆਂ ਦੀਆਂ ਸੜਕਾਂ ‘ਤੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲਿਆ। ਇਥੋਂ ਤੱਕ ਕਿ ਸ਼ਹਿਰ ਦੇ ਨੀਵੇਂ ਖੇਤਰਾਂ ਦੇ ਘਰਾਂ ਅੰਦਰ ਵੀ ਪਾਣੀ ਦਾਖਲ ਹੋਣ ਦੀਆਂ ਖਬਰਾਂ ਹਨ, ਜਿਸ ਕਾਰਨ ਇਨ੍ਹਾਂ ਪਰਿਵਾਰਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ‘ਤੇ ਪਾਣੀ ਭਰਨ ਕਰਕੇ ਦੋ-ਪਹੀਆ ਵਾਹਨਾਂ ਨੂੰ ਲੰਘਣ ਲਈ ਜੱਦੋ-ਜਹਿਦ ਕਰਨੀ ਪਈ।