For the best experience, open
https://m.punjabitribuneonline.com
on your mobile browser.
Advertisement

ਮਹਿਕਾਂ ਬਿਖੇਰਦਾ ਗੁਲਾਬ ਮੇਲਾ ਸਮਾਪਤ

07:05 AM Feb 26, 2024 IST
ਮਹਿਕਾਂ ਬਿਖੇਰਦਾ ਗੁਲਾਬ ਮੇਲਾ ਸਮਾਪਤ
ਗੁਲਾਬ ਮੇਲੇ ਦੌਰਾਨ ਆਨੰਦ ਮਾਣਦੇ ਹੋਏ ਲੋਕ ਅਤੇ ਛੋਟੇ ਬੱਚੇ। -ਫੋਟੋ: ਵਿੱਕੀ ਘਾਰੂ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 25 ਫਰਵਰੀ
ਚੰਡੀਗੜ੍ਹ ਦੇ ਸੈਕਟਰ-16 ’ਚ ਸਥਿਤ ਰੋਜ਼ ਗਾਰਡਨ ਵਿੱਚ ਜਾਰੀ ਤਿੰਨ ਰੋਜ਼ਾ 52ਵਾਂ ਜ਼ੀਰੋ ਵੇਸਟ ‘ਗੁਲਾਬ ਮੇਲਾ-2024’ ਵੰਨ-ਸਵੰਨੇ ਗੁਲਾਬ ਦੇ ਫੁੱਲਾਂ ਦੀਆਂ ਮਹਿਕਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ। ਅੱਜ ਇਸ ਫੈਸਟੀਵਲ ਦੇ ਤੀਜੇ ਅਤੇ ਆਖ਼ਰੀ ਦਿਨ ਦੀ ਸ਼ਾਮ ਨੂੰ ਪ੍ਰਸਿੱਧ ਗਾਇਕ ਅਭਿਲਿਪਸਾ ਪਾਂਡਾ ਦੀ ਸੰਗੀਤਕ ਪੇਸ਼ਕਾਰੀ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ 52ਵੇਂ ਗੁਲਾਬ ਮੇਲੇ ਦਾ ‘ਦਿ ਟ੍ਰਿਬਿਊਨ’ ਮੀਡੀਆ ਪਾਰਟਨਰ ਸੀ। ਗੁਲਾਬ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਸਥਾਨਕ ਸਕੂਲਾਂ ਅਤੇ ਕਾਲਜਾਂ ਦੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਗੁਲਾਬ ਮੇਲੇ ਦੀ ਸਮਾਪਤੀ ਮੌਕੇ ਕਰਵਾਏ ਸਮਾਗਮ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੇਲੇ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਸ਼ਹਿਰ ਦੇ ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਤਿੰਨ ਰੋਜ਼ਾ ਗੁਲਾਬ ਮੇਲੇ ਨੂੰ ‘ਜ਼ੀਰੋ ਵੇਸਟ’ ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਰਾਜੀਵ ਵਰਮਾ ਤੇ ਹੋਰ।

ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਤਿੰਨ ਰੋਜ਼ਾ ਮੇਲੇ ਦੇ ਸਫ਼ਲਤਾਪੂਰਵਕ ਸਮਾਪਤ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਸਾਲ ਦੇ ਸਮਾਗਮ ਨੂੰ ਯਾਦਗਾਰੀ ਬਣਾਉਣ ਦੇ ਨਾਲ-ਨਾਲ ਸਾਫ਼-ਸਫ਼ਾਈ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਗਰ ਨਿਗਮ ਦੀ ਪੂਰੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਲਗਾਤਾਰ ਦੂਜੇ ਸਾਲ ਇਸ ਰੋਜ਼ ਫੈਸਟੀਵਲ ਵਿੱਚ ‘ਜ਼ੀਰੋ ਵੇਸਟ’ ਪਹਿਲਕਦਮੀ ਨੂੰ ਅਪਣਾਇਆ ਜੋ ਨਿਗਮ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ 52ਵੇਂ ਗੁਲਾਬ ਮੇਲੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਸਵੱਛ ਗੇਮ ਜ਼ੋਨ ਸੀ। ਇਸ ਸਵੱਛ ਗੇਮ ਜ਼ੋਨ ਵਿੱਚ ਭਾਰਤੀ ਖੇਡਾਂ ਅਤੇ ਸਵੱਛਤਾ-ਥੀਮ ਵਾਲੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਜਿਸ ਦਾ ਉਦੇਸ਼ ਹਰ ਉਮਰ ਦੇ ਨਾਗਰਿਕਾਂ ਨੂੰ ਸਫ਼ਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਸਫ਼ਾਈ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਨਗਰ ਨਿਗਮ ਨੇ ਇੱਕ ਵਾਤਾਵਰਨ-ਪੱਖੀ ‘ਜ਼ੀਰੋ ਵੇਸਟ ਕਿਚਨ’ ਫੂਡ ਕੋਰਟ ਦਾ ਪ੍ਰਬੰਧ ਕੀਤਾ। ‘ਜ਼ੀਰੋ ਵੇਸਟ’ ਤਹਿਤ ਸਮਾਗਮ ਦੌਰਾਨ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ’ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਸੀ ਅਤੇ ਬਾਇਓਡੀਗ੍ਰੇਡੇਬਲ ਅਤੇ ਰੀਸਾਈਕਲ ਕੀਤੇ ਜਾਣ ਵਾਲੇ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਗਿਆ। ਗੁਲਾਬ ਮੇਲੇ ਦੀ ਸਮਾਪਤੀ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਜ਼ੈਡੇ ਸਣੇ ਕੌਂਸਲਰ, ਨਗਰ ਨਿਗਮ ਦੇ ਉੱਚ ਅਧਿਕਾਰੀ ਅਤੇ ਸ਼ਹਿਰ ਦੇ ਪ੍ਰਮੁੱਖ ਲੋਕ ਹਾਜ਼ਰ ਸਨ। ਗੁਲਾਬੇ ਮੇਲੇ ਦੀ ਸਮਾਪਤੀ ਗਾਇਕਾ ਅਭਿਲਿਪਸਾ ਪਾਂਡਾ ਦੀ ਸੰਗੀਤਕ ਸ਼ਾਮ ਨਾਲ ਹੋਈ।

Advertisement
Author Image

Advertisement
Advertisement
×