ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਦੜੀਆਂ ਸਜਾਦੜੀਆਂ

07:50 AM Oct 02, 2023 IST

ਕਮਲੇਸ਼ ਉੱਪਲ
ਇਕ ਵਾਰ ਫਿਰ ‘ਮਨ ਕੀ ਬਾਤ’ ਵਿਚ ਮਣ ਮਣ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਹੁਣ ਫਿਰ ਨਵਾਂ ਜੁਮਲਾ ਜਾਂ ਨਾਅਰਾ ਘੜਿਆ ਗਿਆ ਹੈ- ਮੇਰੀ ਮਿੱਟੀ, ਮੇਰਾ ਦੇਸ਼। ਇਹ ਸਭ ਤੋਂ ਛੇਕੜਲੀ ਮੁਹਿੰਮ ਵੀ ਅਸਲੀ ਮੁੱਦਿਆ ਤੋਂ ਪਾਸਾ ਵੱਟਣ ਅਤੇ ਵਕਤੀ ਮੂਡ ਜਾਂ ਚਲ ਰਹੇ ਦੌਰ ਵਿਚ ਲੋਕਾਂ ਨੂੰ ਵਰਗਲਾਉਣ ਵਾਸਤੇ ਹੈ। ਅਗਸਤ ਵਿਚ ਆਜ਼ਾਦੀ ਦਵਿਸ ਦੇ ਜਸ਼ਨ ਦਾ ਮਾਹੌਲ ਰਿਹਾ। ਵਾਜਬਿ ਹੈ ਕਿ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੀ ਯਾਦ ਵਿਚ ਪ੍ਰੋਗਰਾਮ ਵਿੱਢੇ ਜਾਣ। ਪਹਿਲਾ ਪ੍ਰੋਗਰਾਮ ਇਹ ਹੈ ਕਿ ਦੇਸ਼ ਵਿਚ ਅੰਮ੍ਰਿਤ ਕਲਸ਼ ਯਾਤਰਾ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਤਹਿਤ ਸੈਂਕੜੇ ਪੇਂਡੂ ਘਰਾਂ ਵਿਚੋਂ ਮਿੱਟੀ ਮੰਗ ਕੇ ਲਿਆਂਦੀ ਜਾ ਰਹੀ ਹੈ ਜੋ ਕਲਸ਼ਾਂ ਵਿਚ ਪਾ ਕੇ ਕਲਸ਼-ਯਾਤਰਾ ਬਣਾ ਕੇ ਦਿੱਲੀ ਆਵੇਗੀ ਤੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਲਈ ਵਰਤੀ ਜਾਵੇਗੀ। ਅਜਿਹੇ ਰੀਤ ਅਨੁਸ਼ਠਾਨ ਦੀ ਲੋੜ ਬਾਰੇ ਘੋਖ ਕਰਨ ਵਾਲਾ ਲੋਕਾਂ ਵਿਚੋਂ ਮਾਦਾ ਹੀ ਮੁੱਕ ਗਿਆ ਹੈ। ਜਨਵਰੀ 2020 ਵਿਚ ਪਹਿਲਾ ਵੱਡਾ ਨਫ਼ਰਤੀ ਭਾਸ਼ਣ ‘ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ...ਕੋ’ ਦੇਣ ਵਾਲੇ ਕੇਂਦਰੀ ਮੰਤਰੀ ਫਗਵਾੜਾ (ਪੰਜਾਬ) ਵਿਚ ਆਪਣੇ ਬਿਆਨ ਵਿਚ ਇਹ ਦੁਹਰਾਅ ਕੇ ਗਏ ਹਨ ਕਿ ਸਾਢੇ ਛੇ ਲੱਖ ਪਿੰਡਾਂ ਵਿਚੋਂ ਮਿੱਟੀ ਇਕੱਠੀ ਕਰਨੀ ਹੈ।
ਦੇਸ਼ ਦੀ ਮਿੱਟੀ ਬਾਰੇ ਜ਼ਰਾ ਗੰਭੀਰਤਾ ਨਾਲ ਸੋਚੀਏ ਤੇ ਦੇਖੀਏ ਤਾਂ ਅਸਲੀਅਤ ਇਹ ਹੈ ਕਿ ਮਨੀਪੁਰ ਦੀ ਮਿੱਟੀ ਮਹੀਨਿਆਂ ਤੋਂ ਸੁਲਗ ਰਹੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਲੇਹ ਲੱਦਾਖ ਦੀ ਮਿੱਟੀ ਲਗਾਤਾਰ ਖੁਰ ਰਹੀ ਹੈ, ਟੁੱਟ ਰਹੀ ਹੈ। ਅੱਜ ਇਸ ਥਾਂ ਤੋਂ, ਕੱਲ੍ਹ ਉਸ ਥਾਂ ਤੋਂ। ਕਦੇ ਕੁੱਲੂ ਤੋਂ ਅਤੇ ਕਦੇ ਕਿੰਨੌਰ ਤੋਂ। ਪੂਰੇ ਹਿਮਾਚਲ ਵਿਚੋਂ ਸੈਂਕੜੇ ਸੜਕਾਂ, ਇਕ ਹਜ਼ਾਰ ਦੇ ਕਰੀਬ ਘਰਾਂ ਅਤੇ ਤਿੰਨ ਸੌ ਤੋਂ ਵੱਧ ਦੁਕਾਨਾਂ ਦੀ ਮਿੱਟੀ ਧਸ ਚੁੱਕੀ ਹੈ। ਪਹਾੜ ਖਿਸਕਣ, ਹੜ੍ਹਾਂ, ਬੱਦਲ ਫਟਣਾ ਵਰਗੀਆਂ ਦੁਰਘਟਨਾਵਾਂ ਇਸ ਵਾਰ ਦੀ ਮੌਨਸੂਨ ਵਿਚ ਲਗਾਤਾਰ ਵਾਪਰੀਆਂ। ਵਿਕਾਸ ਅਤੇ ਸਾਂਭ-ਸੰਭਾਲ ਨਾਲ ਸਬੰਧਿਤ ਮਹਿਕਮਿਆਂ ਦਾ ਮਾਲੀ ਨੁਕਸਾਨ ਹੋਣ ਤੋਂ ਇਲਾਵਾ ਰਾਹਗੀਰਾਂ, ਫਲ ਢੋਣ ਵਾਲੇ ਟਰੱਕਾਂ ਦੀ ਆਵਾਜਾਈ, ਸੈਲਾਨੀਆਂ ਦੀ ਆਮਦ-ਓ-ਰਫ਼ਤ, ਭਾਵ, ਸਾਰਾ ਜਨਜੀਵਨ ਕੁਦਰਤੀ ਤਬਾਹੀ ਦੇ ਮੂੰਹ ਆਇਆ ਪਿਆ ਹੈ। ਇਕੱਲੇ ਹਿਮਾਚਲ ਪ੍ਰਦੇਸ਼ ਵਿਚ ਤਿੰਨ ਸੌ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਬਥੇਰੇ ਲੋਕ ਸਮਝਦੇ ਤੇ ਜਾਣਦੇ ਹਨ ਕਿ ਇਹ ਤਬਾਹੀ ਸਰਕਾਰਾਂ ਦੀ ਆਪ ਸਹੇੜੀ ਮੁਸੀਬਤ ਹੈ। ਪਹਾੜੀ ਇਲਾਕੇ ਵਿਚ ਬਿਨਾ ਨਤੀਜਿਆਂ ਅਤੇ ਨਾਲ ਹੋਣ ਵਾਲੇ ਨੁਕਸਾਨਾਂ ਦੀ ਪਰਵਾਹ ਕੀਤਿਆਂ ਸੜਕਾਂ ਚੌੜੀਆਂ ਕਰਨਾ, ਚਾਰ ਮਾਰਗੀ ਸੜਕਾਂ ਦਾ ਨਿਰਮਾਣ ਪਹਿਲਾਂ ਕਦੇ ਨਾ ਕਿਸੇ ਨੇ ਸੋਚਿਆ, ਨਾ ਕੀਤਾ। ਅੰਗਰੇਜ਼ਾਂ ਨੇ ਜਦੋਂ ਸ਼ਿਮਲਾ ਵਰਗੇ ਥਾਂ ਵਸਾਏ ਤਾਂ ਇਹ ਸੋਚ ਕੇ ਸਥਾਨਕ ਸਮੱਗਰੀ ਵਰਤ ਕੇ ਵਸਾਏ ਕਿ ਲੋਕਾਂ ਨੇ ਇਥੇ ਵਸਣਾ ਹੈ, ਵਿਕਾਸ ਦੇ ਰਾਹ ਪੈ ਕੇ ਮਰਨਾ ਨਹੀਂ ਹੈ। ਪੱਕੀਆਂ ਇੱਟਾਂ, ਸੀਮਿੰਟ ਲਾ ਕੇ ਬਣਾਈਆਂ ਇਮਾਰਤਾਂ, ਕਈ ਮੰਜ਼ਲੇ ਘਰ ਅਤੇ ਹੋਟਲ ਵਿਕਾਸ ਦਾ ਨਾਂ ਲੈ ਕੇ ਹੋਂਦ ਵਿਚ ਆਉਣ ਲੱਗੇ ਤਾਂ ਤਬਾਹੀ ਦੇ ਦੌਰ ਦੀ ਨੀਂਹ ਨਾਲ ਹੀ ਰੱਖੀ ਜਾ ਰਹੀ ਸੀ। ਵਿਕਾਸ ਕਹਿਣ ਸੁਣਨ ਨੂੰ ਬੜਾ ਤਹਿਜ਼ੀਬੀ ਅਤੇ ਹਾਂ-ਪੱਖੀ ਸ਼ਬਦ ਹੈ ਪਰ ਅਸਲ ਵਿਚ ਇਹ ਵਨਿਾਸ਼ ਦਾ ਸਾਮਾਨ ਵੀ ਨਾਲ ਚੁੱਕੀ ਫਿਰਦਾ ਹੈ। ਇਕ ਚੌਧਰੀ ਦੇ ਇਸ਼ਾਰੇ ’ਤੇ ਚਲਦੀ ਦੇਸ਼ ਦੀ ਸਰਕਾਰ ਲਈ ਇਹ ਜਾਦੂ ਮੰਤਰ ਜਾਂ ਮੂਲ ਮੰਤਰ ਹੈ। ‘ਸਭ ਕਾ ਵਿਕਾਸ...’ ਵਰਗੇ ਨਾਅਰਿਆਂ ਹੇਠ, ਸਿਰ ਚੜ੍ਹ ਬੋਲਦੇ ਰਾਸ਼ਟਰਵਾਦ ਦੀ ਸੋਟੀ ਨਾਲ ਨਾਸਮਝ ਜਨਤਾ ਭੇਡਾਂ ਵਾਂਗ ਹੱਕੀ ਜਾ ਰਹੀ ਹੈ। ਲੋਕ ਸ਼ਰਧਾ/ਭਗਤੀ ਦੀ ਲੋਰ ਵਿਚ ਭੇਡਾਂ ਬਣੇ ਇਕ ਪੁਰਖਵਾਦ, ਇਕ ਦੀ ਸਰਦਾਰੀ ਦੇ ਸਿਧਾਂਤ ਦੀ ਘੋਖ ਕਰਨਾ ਭੁੱਲੀ ਬੈਠੇ ਹਨ। ਜਮਹੂਰੀਅਤ ਦਾ ਗਲ ਘੁਟਦਾ ਦੇਖ ਰਹੇ ਹਨ।
ਸਿਆਸੀ ਹਕੂਮਤ ਦੀਆਂ ਖ਼ਬਤਾਂ ਦਾ ਦੌਰ ਨੋਟਬੰਦੀ ਤੋਂ ਸ਼ੁਰੂ ਹੋਇਆ ਜਦੋਂ ਦੱਬੇ ਨੋਟ ਕਢਾਉਣ ਦੇ ਬਹਾਨੇ ਚੱਲ ਰਹੇ ਨੋਟ ਬਦਲਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਨੋਟ ਬਦਲਾਉਣ, ਜਮ੍ਹਾ ਕਰਾਉਣ ਲਈ ਬਹੁਗਿਣਤੀ, ਮਸਾਂ ਗੁਜ਼ਾਰਾ ਕਰਦੇ ਲੋਕ ਲਾਈਨਾਂ ਵਿਚ ਲੱਗ ਕੇ ਆਪਣਾ ਕੀਮਤੀ ਸਮਾਂ, ਇੱਥੋਂ ਤਕ ਕਿ ਜਾਨਾਂ ਗੁਆਉਣ ਲਈ ਮਜਬੂਰ ਹੋਏ। ਇਕ ਬਜ਼ੁਰਗ ਭਗਵਾਨ ਸਿੰਘ ਕਾਦੀਆਂ ਅਜਿਹਾ ਮੰਜ਼ਰ ਦੇਖ ਕੇ ਇਹ ਕਹਿਣ ਲਈ ਮਜਬੂਰ ਹੋਏ:
ਜ਼ਰਾ ਬਜ਼ਮ-ਏ-ਇਸ਼ਰਤ ਸੇ ਬਾਹਰ ਤੋ ਆਓ
ਤੁਮ੍ਹੇਂ ਭੀ ਦਿਖਾਏਂ ਜੋ ਹਮ ਦੇਖਤੇ ਹੈਂ।
ਥਾਵਾਂ ਦੇ ਨਾਮ ਬਦਲੇ, ਪਹਿਲਾਂ ਬਣਿਆ ਹਰ ਸੰਕਲਪ ਮਿਟਾ ਕੇ ਨਵਾਂ ਉਸਾਰਨਾ ਰਾਸ਼ਟਰਵਾਦੀ ਸਰਕਾਰ ਦੀ ਪਹਿਲੀ ਪਸੰਦ ਬਣਿਆ ਹੈ।
ਨੋਟਬੰਦੀ ਤੋਂ ਬਾਅਦ ਖੇਤੀ ਕਾਨੂੰਨ ਪਾਸ ਕਰਨ ਦਾ ਹਠ, ਤਾਲਾਬੰਦੀ, ਥਾਲੀ ਖੜਕਾਓ, ਸਿਖਿਆ ਨੀਤੀ, ਜੀਐੱਸਟੀ, ਸਾਰੇ ਰਾਜਾਂ ’ਤੇ ਹਿੰਦੀ ਥੋਪਣਾ, ਰਾਜਾਂ ਦੀ ਅਹਿਮੀਅਤ ਨੂੰ ਆਨੇ ਬਹਾਨੇ ਘਟਾ ਕੇ ਰੱਖਣਾ, ਈਡੀ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਰਾਜਾਂ ਦੇ ਵੱਕਾਰ ਨੂੰ ਸੱਟ ਲਾਉਣੀ ਤੇ ਉਨ੍ਹਾਂ ਨਾਲ ਮਸ਼ਵਰਾ ਕੀਤੇ ਬਿਨਾ ਫ਼ੈਸਲੇ ਕਰਨਾ ਆਦਿ ਸਭ ਸਮੇਂ ਦੀ ਸਰਕਾਰ ਦੀਆਂ ਵਾਦੜੀਆਂ ਸਜਾਦੜੀਆਂ ਹਨ। ਇਨ੍ਹਾਂ ਨੂੰ ਸਮਝਣ, ਘੋਖਣ ਅਤੇ ਲੋੜ ਪਵੇ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ ਹੈ।
ਸੰਪਰਕ: 98149-02564

Advertisement

Advertisement