ਨਰਾਇਣਗੜ੍ਹ ਛੰਨਾ ’ਚ ਕਈ ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਬਿ, 13 ਜੁੁਲਾਈ
ਬਲਾਕ ਸਰਹਿੰਦ ਦੇ ਪਿੰਡ ਨਰਾਇਣਗੜ੍ਹ ਛੰਨਾਂ ਵਿੱਚ ਮੀਂਹ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ। ਹਰਮੇਸ਼ ਸਿੰਘ ਛੰਨਾਂ ਅਤੇ ਨੰਬਰਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਕਿਰਤੀ ਪਰਿਵਾਰਾਂ ਦੀਆਂ ਛੱਤਾਂ ਚੋਣ ਲੱਗ ਗਈਆਂ ਸਨ। ਪਿੰਡ ਦੇ ਸੁੁਰਜੀਤ ਸਿੰਘ, ਬਲਬੀਰ ਸਿੰਘ ਦੇ ਮਕਾਨ ਡਿੱਗ ਗਏ ਤੇ ਮਹਿੰਦਰ ਸਿੰਘ, ਹਰਦੀਪ ਸਿੰਘ , ਬੰਟੀ, ਹਰਤੇਜ ਸਿੰਘ, ਜਸਬੀਰ ਸਿੰਘ, ਗੁੁਰਮੀਤ ਸਿੰਘ, ਚਰਨਜੀਤ ਸਿੰਘ, ਸਾਧੂ ਸਿੰਘ, ਗੁੁਰਪ੍ਰੀਤ ਸਿੰਘ, ਗੁੁਰਮੇਲ ਸਿੰਘ, ਮੋਰ ਸਿੰਘ, ਰਾਜੂ ਅਤੇ ਕਾਕਾ ਪੁੱਤਰ ਰਾਮਚੰਦ ਦੇ ਮਕਾਨ ਖਸਤਾ ਹਾਲ ਹੋਣ ਕਰਕੇ ਛੱਤਾਂ ਚੋਣ ਕਾਰਨ ਸਾਮਾਨ ਨੁਕਸਾਨਿਆ ਗਿਆ।
ਇਸੇ ਤਰ੍ਹਾਂ ਪਿੰਡ ਜਖਵਾਲੀ ਦੇ ਗਿਆਨੀ ਸ਼ੇਰ ਸਿੰਘ ਪੁੱਤਰ ਮੇਵਾ ਸਿੰਘ ਦਾ ਸਾਰਾ ਸਮਾਨ ਪਾਣੀ ਕਾਰਨ ਖਰਾਬ ਹੋ ਗਿਆ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਨੀਤੀਆਂ ਅਨੁਸਾਰ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਪਹਾੜਾਂ ’ਤੇ ਬਣੇ ਮਕਾਨ ਡਿੱਗਣ ਦਾ ਡਰ; ਐੱਨਐੱਚਏਆਈ ਖ਼ਿਲਾਫ਼ ਪ੍ਰਦਰਸ਼ਨ
ਪੰਚਕੂਲਾ (ਪੱਤਰ ਪ੍ਰੇਰਕ): ਪਿੰਜੌਰ ਵਿੱਚ ਜ਼ਮੀਨ ਖਿਸਕਣ ਕਾਰਨ ਪਹਾੜੀ ’ਤੇ ਬਣੇ ਮਕਾਨਾਂ ਦੇ ਢਿੱਗਣ ਦੇ ਖਤਰੇ ਨੂੰ ਭਾਪਦਿਆਂ ਮਕਾਨ ਮਾਲਕਾਂ ਨੇ ਪ੍ਰਸ਼ਾਸਨ ਸਮੇਤ ਐੱਨਐੱਚਏਆਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਧਿਕਾਰੀਆਂ ਦੇ ਸਾਹਮਣੇ ਇਸ ਸਮੱਸਿਆ ਨੂੰ ਉਠਾਉਂਦੇ ਆ ਰਹੇ ਹਨ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਚੇਤਨ, ਵਨਿੋਦ, ਚੇਤਨ ਗੌਤਮ, ਵਿਸ਼ਾਲ, ਕਾਰਤਿਕ ਸ਼ਰਮਾ ਅਤੇ ਪ੍ਰਵੀਨ ਨੇ ਦੱਸਿਆ ਕਿ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਮਲਬਾ ਹੇਠਾਂ ਆ ਗਿਆ, ਜਿਸ ਕਾਰਨ ਪਹਾੜੀ ’ਤੇ ਬਣੇ ਕਰੀਬ 178 ਮਕਾਨ ਖਤਰੇ ਵਿੱਚ ਹਨ। ਉਨ੍ਹਾਂ ਇਸ ਸਬੰਧੀ ਪ੍ਰਾਜੈਕਟ ਡਾਇਰੈਕਟਰ ਐੱਨਐੱਚਏਆਈ ਨੂੰ ਮੰਗ ਪੱਤਰ ਵੀ ਸੌਂਪਿਆ ਪਰ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਉਸ ਨੇ 48 ਘੰਟੇ ਪਹਿਲਾਂ ਫੋਨ ਕਰਕੇ ਐੱਸਡੀਐੱਮ ਨੂੰ ਸਮੱਸਿਆ ਬਾਰੇ ਜਾਣੂ ਕਰਵਾਇਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੁੜ ਐੱਸਡੀਐਮ ਦਫ਼ਤਰ ਵਿੱਚ ਮੰਗ ਪੱਤਰ ਸੌਂਪਿਆ, ਜਿਸ ਮਗਰੋਂ ਜੇਈ ਅਜੈ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਗੰਭੀਰ ਹੋਣ ਦੀ ਗੱਲ ਵੀ ਕਹੀ। ਤਹਿਸੀਲਦਾਰ ਕਾਲਕਾ ਵੀ ਮੌਕੇ ’ਤੇ ਪਹੁੰਚ ਗਏ। ਕਾਲਕਾ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸ਼ਨੀ ਦੇਵ ਕਲੋਨੀ ਦੇ ਨਾਲ ਬਣਿਆ ਉਸਾਰੀ ਅਧੀਨ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਨਗਰ ਕੌਂਸਲ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਮੀਂਹ ਕਾਰਨ ਰਾਮਬਾਗ ਰੋਡ ’ਤੇ ਪੁਲ ਦੇ ਨਾਲ ਬਣੀ ਕੰਧ ਡਿੱਗਣ ਦੇ ਕਗਾਰ ’ਤੇ ਹੈ।
ਫ਼ੌਜ ਦੀ ਮਦਦ ਨਾਲ ਗਰਭਵਤੀ ਨੂੰ ਹਸਪਤਾਲ ਪਹੁੰਚਾਇਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਪੁਲੀਸ ਨੇ ਫ਼ੌਜ ਦੀ ਮਦਦ ਨਾਲ ਨੌਂ ਮਹੀਨੇ ਦੀ ਗਰਭਵਤੀ ਨੂੰ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਹੈ। ਅਲਾਉਦੀਨ ਮਾਜਰਾ ਦੀ ਗਰਭਵਤੀ ਪ੍ਰਵੀਨ ਕੁਮਾਰੀ ਪਾਣੀ ਭਰਿਆ ਹੋਣ ਕਰਕੇ ਘਰ ਵਿੱਚ ਫਸੀ ਹੋਈ ਸੀ। ਇਸਮਾਈਲਾਬਾਦ ਪੁਲੀਸ ਥਾਣੇ ਵਿੱਚ ਬਤੌਰ ਸਹਾਇਕ ਤਾਇਨਾਤ ਮਹਿਲਾ ਦੇ ਪਤੀ ਸੁਭਾਸ਼ ਨੇ ਜੰਮਣ ਪੀੜਾਂ ਹੋਣ ਦੀ ਸੂਚਨਾ ਨੱਗਲ ਥਾਣੇ ਵਿੱਚ ਦਿੱਤੀ, ਜਿਸ ਮਗਰੋਂ ਥਾਣਾ ਇੰਚਾਰਜ ਇੰਸਪੈਕਟਰ ਸੁਨੀਤਾ ਢਾਕਾ ਫ਼ੌਜ ਦੀ ਟੀਮ ਲੈ ਕੇ ਪਿੰਡ ਪਹੁੰਚੀ ਅਤੇ ਪ੍ਰਵੀਨ ਕੁਮਾਰੀ ਨੂੰ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ।