ਪਾਵਰਕੌਮ ਦਫ਼ਤਰ ਦੀ ਛੱਤ ਦਾ ਖਲੇਪੜ ਡਿੱਗਿਆ; ਮੁਲਾਜ਼ਮ ਜ਼ਖ਼ਮੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਜੁਲਾਈ
ਇੱਥੇ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਪਾਵਰਕੌਮ ਦਫਤਰ (ਸ਼ਹਿਰੀ) ਦੀ ਛੱਤ ਤੋਂ ਖਲੇਪੜ ਡਿੱਗਣ ਲੱਗ ਪਏ। ਇਸ ਕਰਕੇ ਇੱਕ ਬਿਜਲੀ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਉਸ ਦੇ ਲੱਤ ਤੇ ਪਿੱਠ ’ਤੇ ਸੱਟ ਲੱਗੀ ਹੈ।
ਜ਼ਿਕਰਯੋਗ ਹੈ ਕਿ ਇੱਥੋਂ ਦਾ ਪਾਵਰਕੌਮ ਦਫ਼ਤਰ ਦੀ ਮੁੜ ਉਸਾਰੀ ਦਾ ਕੰਮ ਵਿੱਚਕਾਰ ਲਟਕ ਗਿਆ ਹੈ ਜਿਸ ਕਰਕੇ ਬਿਜਲੀ ਕਾਮਿਆਂ ਵੱਲੋਂ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ’ਤੇ ਬਣਾਏ ਇੱਕ ਹੋਰ ਪੁਰਾਣੀ ਇਮਾਰਤ ’ਚ ਕੰਮ ਚਲਾਇਆ ਜਾ ਰਿਹਾ ਹੈ। ਐਂਪਲਾਈਜ਼ ਫੈਡਰੇਸ਼ਨ ਦੇ ਸੂਬਾ ਆਗੂ ਪੂਰਨ ਸਿੰਘ ਖਾਈ ਅਤੇ ਰਾਮ ਸਿੰਘ ਖਾਈ ਨੇ ਕਿਹਾ ਹੈ ਕਿ ਦਫਤਰ ਦੀ ਇਮਾਰਤ ਖਸਤਾ ਹੋਣ ਕਾਰਨ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਨੂੰ ਲੈ ਕੇ ਦਫਤਰ ਦੇ ਸਾਰੇ ਕਰਮਚਾਰੀਆਂ ਵਿੱਚ ਸਹਿਮ ਹੈ। ਦਫਤਰ ਦੇ ਸਾਰੇ ਹੀ ਕਮਰੇ ਖਸਤਾ ਹਾਲਤ ਵਿੱਚ ਹਨ। ਸਾਰੇ ਕਮਰਿਆਂ ਵਿੱਚ ਹਲਕੀ ਬਰਸਾਤ ਹੋਣ ’ਤੇ ਛੱਤਾਂ ’ਚੋ ਪਾਣੀ ਰਿਸਦਾ ਰਹਿੰਦਾ ਹੈ ਜਿਸ ਨਾਲ ਦਫਤਰੀ ਰਿਕਾਰਡ/ਸਮਾਨ ਖਰਾਬ ਹੋਣ ਦਾ ਵੀ ਖਦਸਾ ਬਣਿਆ ਰਹਿੰਦਾ ਹੈ।
ਦਫਤਰ ਦੀ ਇਮਾਰਤ ਦੀ ਖਸਤਾ ਹਾਲਤ ਬਾਰੇ ਪਾਵਰਕੌਮ ਦਫਤਰ ਦੇ ਐਕਸੀਅਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵਾਰ ਵਾਰ ਲਿਆਂਦਾ ਜਾ ਚੁੱਕਾ ਹੈ ਪਰ ਫ਼ੰਡਾਂ ਦੀ ਘਾਟ ਹੋਣ ਕਾਰਨ ਇਮਾਰਤੀ ਕੰਮਾਂ ਵਿੱਚ ਦੇਰੀ ਹੋ ਰਹੀ ਹੈ।