For the best experience, open
https://m.punjabitribuneonline.com
on your mobile browser.
Advertisement

ਈਥਾਨੋਲ ਫੈਕਟਰੀ ਸਬੰਧੀ ਸਰਕਾਰ ਦੀ ਭੂਮਿਕਾ ਸ਼ੱਕੀ ਕਰਾਰ

08:57 AM May 02, 2024 IST
ਈਥਾਨੋਲ ਫੈਕਟਰੀ ਸਬੰਧੀ ਸਰਕਾਰ ਦੀ ਭੂਮਿਕਾ ਸ਼ੱਕੀ ਕਰਾਰ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ।
Advertisement

ਜਗਮੋਹਨ ਸਿੰਘ
ਰੂਪਨਗਰ, 1 ਮਈ
ਇੱਥੇ ਅੱਜ ਰੂਪਨਗਰ ਪ੍ਰੈੱਸ ਕਲੱਬ ਵਿੱਚ ਪਿੰਡ ਕੋਕੂਵਾਲ ਵਿੱਚ ਲੱਗ ਰਹੀ ਈਥਾਨੋਲ ਫੈਕਟਰੀ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਘਰਸ਼ਕਾਰੀਆਂ ਦੀ ਕਮੇਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਪੰਜਾਬ ਮੋਰਚਾ ਦੇ ਕੰਨਵੀਨਰ ਗੌਰਵ ਰਾਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਕੁਰੜ, ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ, ਜਨਰਲ ਸਕੱਤਰ ਜਗਮਨਦੀਪ ਸਿੰਘ ਪੜ੍ਹੀ, ਵਿਸ਼ਵ ਸ਼ਾਂਤੀ ਕਮੇਟੀ ਦੇ ਜਨਰਲ ਸਕੱਤਰ ਡਾ. ਦਵਿੰਦਰ ਬਜਾੜ, ਪਿੰਡ ਦੇ ਸਮਾਜ ਸੇਵੀ ਆਗੂ ਚੌਧਰੀ ਕਮਲਜੀਤ ਰੋੜੂਆਣਾ ਅਤੇ ਸਰਪੰਚ ਗੁਰਚਰਨ ਸਿੰਘ ਠੋਡਾ ਆਦਿ ਨੇ ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਵੱਲੋਂ ਸਬੰਧਤ ਕੰਪਨੀ ਦੇ ਨਾਲ ਹੋਈ ਮੀਟਿੰਗ ਦੇ ਅੰਕੜੇ ਪੇਸ਼ ਕੀਤੇ।
ਆਗੂਆਂ ਨੇ ਦੱਸਿਆ ਕਿ ਉਪਰੋਕਤ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਿਕਾਰਡ ’ਚ ਕੇਂਦਰ ਦੇ ਵਾਤਾਵਰਨ ਮੰਤਰਾਲੇ ਤੇ ਪੰਜਾਬ ਸਰਕਾਰ ਦੇ ਵਾਟਰ ਰੈਗੂਲੇਟਰੀ ਅਦਾਰੇ ਵੱਲੋਂ ਐੱਨਓਸੀ ਮਿਲਣ ਦਾ ਵੇਰਵਾ ਦਰਜ ਹੈ, ਜਦੋਂ ਕਿ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਫੈਕਟਰੀ ਨੂੰ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਫੈਕਟਰੀ ਵੱਲੋਂ ਪਿੰਡ ਦੇ ਕਈ ਵਿਅਕਤੀਆਂ ਦੀ ਜ਼ਮੀਨ ਦੇ ਖਸਰਾ ਨੰਬਰਾਂ ਨੂੰ ਵਿਵਾਦਤ ਫੈਕਟਰੀ ਦੇ ਪ੍ਰਬੰਧਕਾਂ ਨੇ ਆਪਣੀ ਦਰਸਾਇਆ ਹੈ ਜਦੋਂ ਕਿ ਲਗਪਗ 20 ਵਿਅਕਤੀਆਂ ਦੀ ਜ਼ਮੀਨ ਫੈਕਟਰੀ ਵੱਲੋਂ ਦਰਸਾਏ ਨੰਬਰਾਂ ਨਾਲ ਮੁਸ਼ਤਰਕਾ ਹੈ ਅਤੇ ਫੈਕਟਰੀ ਵੱਲੋਂ ਸਬੰਧਤ ਜ਼ਮੀਨ ਮਾਲਕਾਂ ਤੋਂ ਕੋਈ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕਾਂ ਵੱਲੋਂ ਪੀਣ ਵਾਲੇ ਪਾਣੀ ਦੀ ਲਾਈਨ ਤੋੜ ਕੇ ਉਸ ਦਾ ਪਾਣੀ ਇਮਾਰਤ ਉਸਾਰੀ ਦੇ ਕੰਮ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਫੈਕਟਰੀ ਪ੍ਰਬੰਧਕਾਂ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਥੋੜੀ ਜਿਹੀ ਜ਼ਮੀਨ ਵਿੱਚ ਐਨੇ ਜ਼ਿਆਦਾ ਪਸ਼ੂਆਂ ਦਾ ਰੱਖ ਰਖਾਓ ਤੇ ਚਾਰਾ ਕਿਵੇਂ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਦੀ ਆੜ ਵਿੱਚ ਈਥਾਨੋਲ ਫੈਕਟਰੀ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਇਲਾਕੇ ਦੇ ਲੋਕ ਸਹਿਣ ਨਹੀਂ ਕਰਨਗੇ।

Advertisement

ਕੰਪਨੀ ਵੱਲੋਂ ਈਥਾਨੋਲ ਫੈਕਟਰੀ ਜੰਮੂ ਕਸ਼ਮੀਰ ਤਬਦੀਲ ਕਰਨ ਦੀ ਤਜਵੀਜ਼: ਡਾਇਰੈਕਟਰ

ਕੰਪਨੀ ਦੇ ਡਾਇਰੈਕਟਰ ਸੰਦੀਪ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ 2022 ਵਿੱਚ ਇੱਥੇ ਈਥਾਨੋਲ ਪ੍ਰਾਜੈਕਟ ਲਗਾਉਣ ਲਈ ਅਪਲਾਈ ਕੀਤਾ ਗਿਆ ਸੀ, ਪਰ ਹੁਣ ਇਲਾਕੇ ਦੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਈਥਾਨੋਲ ਪ੍ਰਾਜੈਕਟ ਇੱਥੋਂ ਤਬਦੀਲ ਕਰ ਕੇ ਜੰਮੂ ਕਸ਼ਮੀਰ ਵਿੱਚ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਧਾਇਕ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਦਫ਼ਾ ਤੋਂ ਬਾਹਰ ਲਗਪਗ 30 ਏਕੜ ਰਕਬੇ ਵਿੱਚੋਂ ਢਾਈ- ਤਿੰਨ ਏਕੜ ਰਕਬੇ ਵਿੱਚ ਸਿਰਫ ਮਿਲਕ ਪਲਾਂਟ ਲਗਾਇਆ ਜਾਵੇਗਾ ਅਤੇ 27 ਏਕੜ ਰਕਬੇ ਦੀ ਵਰਤੋਂ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਨ ਲਈ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×