For the best experience, open
https://m.punjabitribuneonline.com
on your mobile browser.
Advertisement

ਸੋਸ਼ਲ ਮੀਡੀਆ ਦੀ ਭੂਮਿਕਾ

06:13 AM Aug 12, 2023 IST
ਸੋਸ਼ਲ ਮੀਡੀਆ ਦੀ ਭੂਮਿਕਾ
Advertisement

ਹਰਿਆਣਾ ਪੁਲੀਸ ਦਾ ਕਹਿਣਾ ਹੈ ਕਿ ਜਿਉਂ ਹੀ ਨੂਹ ਵਿਚ ਦੰਗੇ ਭੜਕੇ ਤਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਕੱਟੜਪੰਥੀ ਵੀ ਸੋਸ਼ਲ ਮੀਡੀਆ ’ਤੇ ਭੜਕਾਊ ਖ਼ਬਰਾਂ ਤੇ ਟਿੱਪਣੀਆਂ ਪਾਉਣ ਲਈ ਨਿੱਤਰ ਆਏ। ਗੁਆਂਢੀ ਮੁਲਕ ਤੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਗਰੁੱਪਾਂ ਵਿਚ ਰਾਜਸਥਾਨ ਅਤੇ ਹਰਿਆਣਾ ਦੇ ਮੇਵਾਤ ਖੇਤਰ ਤੋਂ ਹਜ਼ਾਰਾਂ ਲੋਕ ਫਾਲੋਅਰ ਹਨ ਜਿਨ੍ਹਾਂ ਨੇ ਭੀੜ ਨੂੰ ‘ਝੜਪਾਂ ਵਿਚ ਆਪਣਾ ਸਾਰਾ ਕੁਝ ਦਾਅ ’ਤੇ ਲਾ ਦੇਣ’ ਲਈ ਭੜਕਾਇਆ। ਇੱਥੋਂ ਤੱਕ ਕਿ ਜਦੋਂ ਹਿੰਸਾ ਤੋਂ ਪ੍ਰਭਾਵਿਤ ਲੋਕ ਆਪਣਾ ਬਚਾਅ ਕਰ ਰਹੇ ਸਨ ਤਾਂ ਇਨ੍ਹਾਂ ਗਰੁੱਪਾਂ ਨੇ ਇੰਟਰਨੈੱਟ ਉੱਤੇ ਇਸ ਸਭ ਕਾਸੇ ਦਾ ਜਸ਼ਨ ਮਨਾਉਣ ਵਾਲੇ ਸੁਨੇਹਿਆਂ ਦਾ ਹੜ੍ਹ ਲਿਆ ਦਿੱਤਾ। ਅਜਿਹਾ ਕਰਦਿਆਂ ਉਨ੍ਹਾਂ ਨੇ ਅਜਿਹੀਆਂ ਸਰਗਰਮੀਆਂ ਖ਼ਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਦੋਂਕਿ ਇਸ ਕਾਰਨ ਫੜੇ ਗਏ ਸਥਾਨਕ ਨੌਜਵਾਨਾਂ ਦੇ ਪਰਿਵਾਰ ਬਰਬਾਦ ਹੋ ਸਕਦੇ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਨੂੰ ਕੱਟੜਪੰਥੀ ਸਿਆਸਤ ਦਾ ਹਥਿਆਰ ਬਣਾਇਆ ਜਾ ਰਿਹਾ ਹੈ।
ਅਜਿਹੇ ਮਾਮਲਿਆਂ ਵਿਚ ਪਾਕਿਸਤਾਨ ਦਾ ਹੱਥ ਹੋਣ ’ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਸੋਸ਼ਲ ਮੀਡੀਆ ਹੁਣ ਸਰਹੱਦਾਂ ਦੇ ਆਰ-ਪਾਰ ਨਫ਼ਰਤ ਫੈਲਾਉਣ ਲਈ ਕਾਰਗਰ ਸੰਦ ਬਣ ਗਿਆ ਹੈ। ਨੂਹ ਵਿਚ ਭੜਕਾਹਟ ਦਾ ਮਕਸਦ ਖ਼ਤਰਨਾਕ ਤੇ ਮਾਰੂ ਟਕਰਾਅ ਪੈਦਾ ਕਰਨਾ ਸੀ। ਭਾਰਤ ਵਿਚ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (Inter-Services Intelligence-ਆਈਐੱਸਆਈ) ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ। ਆਈਐੱਸਆਈ ਦੀਆਂ ਅਜਿਹੀਆਂ ਕਾਰਵਾਈਆਂ ਦੇ ਨਿਸ਼ਾਨ 2021 ਵਿਚ ਇਸਲਾਮ ਪੱਖੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਦੇ ਤਤਕਾਲੀਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਅੰਦੋਲਨ ਦੌਰਾਨ ਵੀ ਦੇਖੇ ਗਏ ਸਨ ਕਿਉਂਕਿ ਇਮਰਾਨ ਤੇ ਉਸ ਦੀ ਪਾਰਟੀ ਨੇ ਫ਼ੌਜੀ ਜਰਨੈਲਾਂ ਨੂੰ ਨਿਸ਼ਾਨਾ ਬਣਾਇਆ ਸੀ।
ਕਸ਼ਮੀਰ ਤਾਂ ਇਸ ਦਾ ਬਾਰਾਮਾਹੀ ਨਿਸ਼ਾਨਾ ਹੈ ਹੀ ਪਰ ਆਈਐੱਸਆਈ ਨੇ ਮਾਲਦੀਵ ’ਚ ਵੀ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਦੇ ਉਪਰਾਲੇ ਕੀਤੇ ਜਿੱਥੇ ਉਨ੍ਹਾਂ ਦਾ ਅਸਰ ਬੀਤੇ ਸਾਲ ਦੇਖਣ ਨੂੰ ਮਿਲਿਆ ਜਦੋਂ ਰਾਜਧਾਨੀ ਮਾਲੇ ’ਚ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਜਾ ਰਹੇ ਯੋਗ ਦਿਵਸ ਸਮਾਗਮ ’ਚ ਲੋਕਾਂ ਦੇ ਹਜੂਮ ਨੇ ਵਿਘਨ ਪਾਇਆ। ਆਈਐੱਸਆਈ ਦੀ ਅਫ਼ਗ਼ਾਨਿਸਤਾਨ ਅਤੇ ਭਾਰਤ ਵਿਚ ਪਾਕਿਸਤਾਨ ਦੀ ਵਿਦੇਸ਼ ਨੀਤੀ ਟੀਚਿਆਂ ਨੂੰ ਸਰ ਕਰਨ ਲਈ ਦਹਿਸ਼ਤਗਰਦਾਂ ਨਾਲ ਮਿਲੀਭੁਗਤ ਜਾਰੀ ਹੈ। ਇਸ ਦਾ ਉਲਟ ਅਸਰ ਪਾਕਿਸਤਾਨ ਦੇ ਪਖ਼ਤੂਨਵਾ ਸੂਬੇ ਦੇ ਸ਼ਹਿਰ ਬਜੌਰ ਵਿਚ ਦੇਖਣ ਨੂੰ ਮਿਲਿਆ ਜਿੱਥੇ ਧਮਾਕੇ ਕਾਰਨ 60 ਜਾਨਾਂ ਜਾਂਦੀਆਂ ਰਹੀਆਂ। ਸੋਸ਼ਲ ਮੀਡੀਆ ਨੂੰ ਕਾਬੂ ਕਰਨਾ ਤਾਂ ਹਾਫ਼ਿਜ਼ ਸਈਦ ਅਤੇ ਅਜ਼ਹਰ ਮਸੂਦ ਵਰਗਿਆਂ ਤੋਂ ਵੀ ਜ਼ਿਆਦਾ ਔਖਾ ਹੈ। ਇਹ ਸੋਸ਼ਲ ਮੀਡੀਆ ਗਰੁੱਪ ਇਹੋ ਜਿਹੀ ਨਫ਼ਰਤ ਪਾਕਿਸਤਾਨ ਵਿਚ ਵੀ ਫੈਲਾ ਸਕਦੇ ਹਨ। ਨੌਜਵਾਨਾਂ ਨੂੰ ਇਹੋ ਜਿਹੇ ਸੋਸ਼ਲ ਮੀਡੀਆ ਗਰੁੱਪਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ ਗਰੁੱਪ ਨਫ਼ਰਤ ਭੜਕਾ ਕੇ ਸਮਾਜ ਵਿਚ ਵੰਡੀਆਂ ਪਾਉਂਦੇ ਹਨ। ਸੋਸ਼ਲ ਮੀਡੀਆ ਦੋਧਾਰੀ ਤਲਵਾਰ ਹੈ; ਜਿੱਥੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਇਕ ਪਾਸੇ ਇਹ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਇੰਟਰਨੈੱਟ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਸੀਲੇ ਮੁਹੱਈਆ ਕਰਵਾਉਂਦੇ ਹਨ ਉੱਥੇ ਕਈ ਵਿਅਕਤੀ ਤੇ ਜਥੇਬੰਦੀਆਂ ਇਨ੍ਹਾਂ ਪਲੇਟਫਾਰਮਾਂ ਰਾਹੀਂ ਭੜਕਾਊ ਪ੍ਰਚਾਰ ਵੀ ਕਰਦੇ ਹਨ। ਇਸ ਸਬੰਧ ਵਿਚ ਇਹ ਵੀ ਧਿਆਨਦੇਣ ਯੋਗ ਹੈ ਕਿ ਨੂਹ ਵਿਚ ਮੋਨੂ ਮਾਨੇਸਰ, ਬਿੱਟੂ ਬਜਰੰਗੀ ਅਤੇ ਹੋਰ ਕੱਟੜਪੰਥੀਆਂ ਨੇ ਵੀ ਨਫ਼ਰਤ ਤੇ ਹਿੰਸਾ ਭੜਕਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਗਰੁੱਪਾਂ ਪ੍ਰਤੀ ਸਾਵਧਾਨ ਰਹਿਣ ਲਈ ਕਹਿਣਾ ਚਾਹੀਦਾ ਹੈ।

Advertisement

Advertisement
Advertisement
Author Image

joginder kumar

View all posts

Advertisement