ਕਿਸੇ ਵੀ ਸਮਾਜ ਦੇ ਵਿਕਾਸ ’ਚ ਸਿੱਖਿਆ ਦੀ ਭੂਮਿਕਾ ਅਹਿਮ: ਮੁਰਮੂ
ਗੜ੍ਹਚਿਰੌਲੀ (ਮਹਾਰਾਸ਼ਟਰ), 5 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ, ਖਾਸ ਕਰ ਕੇ ਕਬਾਇਲੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਸਥਿਤੀ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਹ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਗੌਂਡਵਾਨਾ ਯੂਨੀਵਰਸਿਟੀ ਦੇ 10ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀਮਤੀ ਮੁਰਮੂ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਮਹਾਰਾਸ਼ਟਰ ਦੇ ਆਪਣੇ ਦੌਰੇ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਨ ’ਤੇ ਖੁਸ਼ੀ ਜ਼ਾਹਿਰ ਕੀਤੀ। ਪਿਛਲੇ ਸਾਲ ਜੁਲਾਈ ਵਿੱਚ ਚੋਟੀ ਦਾ ਸੰਵਿਧਾਨਕ ਅਹੁਦਾ ਸੰਭਾਲਣ ਤੋਂ ਬਾਅਦ ਮੁਰਮੂ ਦਾ ਮਹਾਰਾਸ਼ਟਰ ਦਾ ਇਹ ਪਹਿਲਾ ਦੌਰਾ ਹੈ। ਉਨ੍ਹਾਂ ਸਾਰੇ ਡਿਗਰੀ ਧਾਰਕਾਂ ਨੂੰ ਵਧਾਈ ਦਿੱਤੀ ਅਤੇ ਖ਼ਾਸ ਤੌਰ ’ਤੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ। ਗੌਂਡਵਾਨਾ ਯੂਨੀਵਰਸਿਟੀ ਦੇ ਕੁੱਲ ਡਿਗਰੀ ਧਾਰਕਾਂ ਵਿੱਚੋਂ 45 ਫੀਸਦ ਵਿਦਿਆਰਥਣਾਂ ਹਨ। ਉਨ੍ਹਾਂ ਕਿਹਾ, ‘‘ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਸਿੱਖਿਆ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ, ਖ਼ਾਸ ਕਰ ਕੇ ਕਬਾਇਲੀਆਂ ਤੇ ਪੱਛੜੇ ਵਰਗਾਂ ਦੀ ਸਥਿਤੀ ਬਲਦਣ ’ਚ।’’ ਉਨ੍ਹਾਂ ਜ਼ਿਲ੍ਹੇ ਵਿੱਚ ਕਬਾਇਲੀਆਂ ਨੂੰ ਸਿੱਖਿਆ ਮੁਹੱਈਆ ਕਰਨ ਅਤੇ ਹੋਰ ਵੱਖ-ਵੱਖ ਹੁਨਰ-ਆਧਾਰਤ ਕੋਰਸ ਸ਼ੁਰੂ ਕਰਨ ਲਈ ਗੌਂਡਵਾਨਾ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਚਾਹੁੰਦੇ ਹਨ। ਉਨ੍ਹਾਂ ਗੜ੍ਹਚਿਰੌਲੀ ਨੂੰ ਦੇਸ਼ ਦੇ ਪ੍ਰਗਤੀਸ਼ੀਲ ਜ਼ਿਲ੍ਹਿਆਂ ਵਿੱਚੋਂ ਇਕ ਬਣਾਉਣ ਦੀ ਵਕਾਲਤ ਕੀਤੀ ਅਤੇ ਕਬਾਇਲੀਆਂ ਤੇ ਪੱਛੜੇ ਵਰਗਾਂ ਨੂੰ ਸਰਕਾਰ ’ਤੇ ਬਹੁਤ ਜ਼ਿਆਦਾ ਨਿਰਭਰ ਨਾ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚ ਵੀ ਜ਼ਿੰਦਗੀ ’ਚ ਅੱਗੇ ਵਧਣ ਦਾ ਜਨੂੰਨ ਹੋਣਾ ਚਾਹੀਦਾ ਹੈ। -ਪੀਟੀਆਈ
ਆਪਣੀ ਮਾਤ ਭਾਸ਼ਾ ਤੇ ਮਾਤ ਭੂਮੀ ਨੂੰ ਕਦੇ ਨਾ ਭੁੱਲੋ: ਮੁਰਮੂ
ਨਾਗਪੁਰ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪਰਿਵਾਰ ਤੇ ਸਮਾਜ ਵਿੱਚ ਮਾਤ ਭਾਸ਼ਾ ਦੇ ਇਸਤੇਮਾਲ ਦੀ ਵਕਾਲਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਤੇ ਮਾਤ ਭੂਮੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਉਹ ਨਾਗਪੁਰ ਵਿੱਚ ਭਾਰਤੀ ਵਿਦਿਆ ਭਵਨ ਦੇ ਸੰਸਕ੍ਰਿਤੀ ਕੇਂਦਰ ਦੇ ਉਦਘਾਟਨ ਮੌਕੇ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਭਾਰਤੀ ਹਾਂ, ਭਾਵੇਂ ਦੇਸ਼ ਵਿੱਚ ਜਾਂ ਦੇਸ਼ ਤੋਂ ਬਾਹਰ ਰਹਿੰਦੇ ਹਾਂ।’’ ਉਨ੍ਹਾਂ ਰਾਮਾਇਣ ਤੋਂ ੲਿਕ ਉਦਹਾਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਤ ਭੂਮੀ, ਮਾਤ ਭਾਸ਼ਾ ਅਤੇ ਮਾਂ ਸਭ ਤੋਂ ਉੱਪਰ ਹਨ। -ਪੀਟੀਆਈ