ਲੁੱਟ-ਖੋਹ ਦਾ ਮਾਮਲਾ ਨਿਕਲਿਆ ਡਰਾਮਾ
ਪੱਤਰ ਪ੍ਰੇਰਕ
ਮੁਕੇਰੀਆਂ, 29 ਜੂਨ
ਇੱਥੇ ਪੁਲੀਸ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਖੋਹ ਹੋਣ ਦਾ ਡਰਾਮਾ ਕਰਨ ਵਾਲੇ ਗੈਸ ਏਜੰਸੀ ਦੇ ਕਰਿੰਦਿਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੋਸ਼ੀਆਂ ਨੂੰ ਅਗਲੇਰੀ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਰੁਦਰਾ ਗੈਸ ਏਜੰਸੀ ਦੇ ਮਾਲਕ ਦੀਪਕ ਤ੍ਰੇਹਣ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੇ ਕੱਲ ਜਦੋਂ ਉਨ੍ਹਾਂ ਦੀ ਗੈਸ ਸਪਲਾਈ ਕਰਨ ਵਾਲਾ ਡਰਾਈਵਰ ਚਮਨ ਲਾਲ ਵਾਸੀ ਗੁੱਜਰ਼ ਕਤਰਾਲਾ ਅਤੇ ਰਮਨ ਕੁਮਾਰ ਵਾਸੀ ਕਾਲੂ ਚਾਂਗ ਪਿੰਡਾਂ ਵਿੱਚ ਗੈਸ ਸਪਲਾਈ ਕਰਕੇ ਵਾਪਸ ਆ ਰਹੇ ਸਨ। ਜਦੋਂ ਉਹ ਮੁਕੇਰੀਆਂ ਦੀ ਆਰਮੀ ਗਰਾਉਂਡ ਕੋਲ ਪੁੱਜੇ ਤਾਂ ਦੋ ਪਲਸਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਕੋਲੋਂ ਪਿਸਤੌਲ ਦੀ ਨੋਕ ‘ਤੇ ਗੈਸ ਦੀ ਸੇਲ ਦੇ 65000 ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਇਸ ਸਬੰਧੀ ਮਾਮਲਾ ਦਰਜ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਹੋਈ ਸੀ।
ਇਸ ਸਬੰਧੀ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਜਾਂਚ ਆਰੰਭੀ ਤਾਂ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪੁਲੀਸ ਦੀ ਸ਼ੱਕ ਦੀ ਸੂਈ ਡਰਾਈਵਰ ਤੇ ਉਸ ਦੇ ਸਾਥੀ ਵੱਲ ਘੁੰਮੀ। ਜਦੋਂ ਪੁਲੀਸ ਨੇ ਸਖਤੀ ਨਾਲ ਦੋਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੋਹਾਂ ਨੇ ਮੰਨਿਆ ਕਿ ਉਨ੍ਹਾਂ ਇਹ ਸਾਰਾ ਡਰਾਮਾ ਪੈਸੇ ਹੜੱਪਣ ਲਈ ਹੀ ਰਚਿਆ ਗਿਆ ਸੀ। ਡਰਾਈਵਰ ਚਮਨ ਲਾਲ ਨੇ 32-32 ਹਜ਼ਾਰ ਦੋ ਵੱਖ ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਸਨ ਜਿਸ ਵਿੱਚੋਂ ਪੁਲੀਸ ਨੇ 31800 ਰੁਪਏ ਦੋਹਾਂ ਕੋਲੋਂ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।