ਪੌਣੇ ਪੰਜ ਲੱਖ ਦੀ ਨਕਦੀ ਖੋਹ ਕੇ ਭੱਜੇ ਲੁਟੇਰੇ ਕਾਬੂ ਕੀਤੇ
ਸ਼ਗਨ ਕਟਾਰੀਆ
ਬਠਿੰਡਾ, 20 ਨਵੰਬਰ
ਇਥੋਂ ਦੇ ਆਰੀਆ ਸਮਾਜ ਚੌਕ ’ਚੋਂ ਲੱਖਾਂ ਦੀ ਕਰੰਸੀ ਖੋਹ ਕੇ ਭੱਜੇ ਦੋ ਪਰਵਾਸੀ ਲੁਟੇਰਿਆਂ ਨੂੰ ਮਹਿਣਾ ਚੌਕ ਵਿੱਚ ਲੋਕਾਂ ਨੇ ਫੜ ਕੇ ਚੰਗਾ ਕੁਟਾਪਾ ਚਾੜ੍ਹਿਆ ਅਤੇ ਬਾਅਦ ਵਿੱਚ ਪੁਲੀਸ ਹਵਾਲੇ ਕਰ ਦਿੱਤਾ। ਦੱਸਣ ਅਨੁਸਾਰ ਲੁਟੇਰਿਆਂ ਦਾ ਇਕ ਸਾਥੀ ਮੌਕੇ ’ਤੋਂ ਭੱਜ ਗਿਆ।
ਜਾਣਕਾਰੀ ਅਨੁਸਾਰ ਲੁੱਟ-ਖੋਹ ਦਾ ਸ਼ਿਕਾਰ ਹੋਏ ਜੀਤੂ ਕੁਮਾਰ ਕਿਸੇ ਨੂੰ ਅਦਾਇਗੀ ਕਰਨ ਲਈ ਕਾਰ ਵਿਚ ਰਕਮ ਲਿਆ ਰਿਹਾ ਸੀ। ਕਾਰ ਦੇ ਪਿੱਛੇ ਮੋਟਰਸਾਈਕਲ ’ਤੇ ਆ ਰਹੇ ਤਿੰਨ ਸਵਾਰਾਂ ਨੇ ਕਾਰ ਰੁਕਣ ’ਤੇ ਜੀਤੂ ਕੁਮਾਰ ਤੋਂ ਕਿਸੇ ਦਾ ਪਤਾ ਪੁੱਛਣ ਦੇ ਬਹਾਨੇ ਜ਼ਬਰਦਸਤੀ ਰਕਮ ਖੋਹ ਲਈ ਅਤੇ ਭੱਜ ਨਿੱਕਲੇ। ਕਾਰ ਸਵਾਰ ਨੇ ਪਿੱਛਾ ਕਰਕੇ ਉਨ੍ਹਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਇਸ ਤੋਂ ਬਾਅਦ ਤਿੰਨੇ ਲੁਟੇਰੇ ਵਾਹੋ-ਦਾਹੀ ਗਲੀਆਂ ਵਿਚਦੀ ਭੱਜ ਨਿੱਕਲੇ। ਲੋਕਾਂ ਨੂੰ ਪਤਾ ਲੱਗਣ ’ਤੇ ਦੋ ਨੂੰ ਮਹਿਣਾ ਚੌਕ ’ਚ ਘੇਰ ਕੇ ਫੜ ਲਿਆ ਗਿਆ, ਜਦ ਕਿ ਤੀਜਾ ਭੱਜ ਗਿਆ।
ਕੁਟਾਪਾ ਚਾੜ੍ਹ ਰਹੇ ਲੋਕਾਂ ਨੇ ਜਦੋਂ ਉਨ੍ਹਾਂ ਦਾ ਅਤਾ-ਪਤਾ ਪੁੱਛਿਆ ਤਾਂ ਉਨ੍ਹਾਂ ਖੁਦ ਨੂੰ ਉੱਤਰ ਪ੍ਰਦੇਸ਼ ਦੇ ਬਾਸ਼ਿੰਦੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੋਲਕਾਤਾ ਦਾ ਵਸਨੀਕ ਆਲਮ ਨਾਂ ਦਾ ਸ਼ਖ਼ਸ ਉਨ੍ਹਾਂ ਨੂੰ ਦਿੱਲੀ ਮਿਲਿਆ ਸੀ ਅਤੇ ਉਸ ਕਹਿਣ ’ਤੇ ਲੁੱਟ ਖੋਹ ਵਾਲਾ ਰਾਹ ਚੁਣ ਲਿਆ। ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਕਾਰ ਸਵਾਰ ਤੋਂ ਖੋਹੀ ਗਈ ਰਾਸ਼ੀ 4.65 ਲੱਖ ਰੁਪਏ ਸੀ, ਜੋ ਉਨ੍ਹਾਂ ਤੋਂ ਬਰਾਮਦ ਕਰ ਲਈ ਗਈ ਹੈ। ਮੌਕੇ ’ਤੇ ਪੁੱਜੀ ਪੁਲੀਸ ਵੱਲੋਂ ਦੋਵਾਂ ਲੁਟੇਰਿਆਂ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।