For the best experience, open
https://m.punjabitribuneonline.com
on your mobile browser.
Advertisement

ਪੁਲੀਸ ਵਰਦੀ ’ਚ ਆਏ ਲੁਟੇਰਿਆਂ ਨੇ ਵਪਾਰੀ ਤੋਂ ਪੰਜ ਲੱਖ ਲੁੱਟੇ

08:19 PM Jun 23, 2023 IST
ਪੁਲੀਸ ਵਰਦੀ ’ਚ ਆਏ ਲੁਟੇਰਿਆਂ ਨੇ ਵਪਾਰੀ ਤੋਂ ਪੰਜ ਲੱਖ ਲੁੱਟੇ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਮੋਗਾ, 9 ਜੂਨ

ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਗਿੱਲ ਰੋਡ ‘ਤੇ ਲੰਘੀ ਦੇਰ ਸ਼ਾਮ ਨੂੰ ਪੁਲੀਸ ਵਰਦੀ ‘ਚ ਲੁਟੇਰਿਆਂ ਨੇ ਨਾਕਾਬੰਦੀ ਕਰ ਕੇ ਕਰਿਆਨਾ ਵਪਾਰੀ ਦੋ ਭਰਾਵਾਂ ਕੋਲੋਂ ਪੰਜ ਲੱਖ ਰੁਪਏ ਨਗਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ। ਜ਼ਿਕਰਯੋਗ ਹੈ ਕਿ ਇੱਥੇ ਪੁਲੀਸ ਮੁਲਾਜ਼ਮ ਜਾਂ ਅਫ਼ਸਰ ਦੱਸ ਦੇ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸਰਗਰਮ ਹੈ। ਇਸ ਸਬੰਧੀ ਪੁਲੀਸ ਨੇ ਆਮ ਲੋਕਾਂ ਨੂੰ ਸਾਵਧਾਨ ਕੀਤਾ ਹੈ। ਠੱਗਾਂ ਦਾ ਗੈਂਗ ਆਪਣੇ ਆਪ ਨੂੰ ਪੁਲੀਸ ਮੁਲਾਜ਼ਮ ਤੇ ਅਫ਼ਸਰ ਦੱਸਦਾ ਹੈ।

ਇਸ ਸਬੰਧੀ ਭੁੱਟੋ ਕਰਿਆਨਾ ਦੁਕਾਨ ਦੇ ਮਾਲਕ ਰਾਜ ਕੁਮਾਰ ਅਤੇ ਬੰਟੀ ਨੇ ਦੱਸਿਆ ਕਿ ਉਹ ਪੁਰਾਣੀ ਅਨਾਜ ਮੰਡੀ ਵਿੱਚੋਂ ਦੁਕਾਨ ਬੰਦ ਕਰ ਕੇ ਆਪਣੇ ਘਰ ਗਿੱਲ ਰੋਡ ਵੱਲ ਸਕੂਟਰ ‘ਤੇ ਜਾ ਰਹੇ ਹਨ। ਰਾਤ ਕਰੀਬ 9 ਵਜੇ ਉਹ ਗਿੱਲ ਰੋਡ ‘ਤੇ ਗਲੀ ਨੰਬਰ-1 ਦੇ ਬਾਹਰ ਪਹੁੰਚੇ ਤਾਂ ਇੱਕ ਕੋਲ ਪੁਲੀਸ ਵਰਦੀ ‘ਚ ਖੜ੍ਹੇ ਚਾਰ ਲੋਕਾਂ ਨੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਸਕੂਟਰ ਦੇ ਕਾਗਜ ਚੈੱਕ ਕਰਨ ਬਹਾਨੇ ਰੋਕ ਲਿਆ। ਪੀੜਤਾਂ ਨੇ ਦੱਸਿਆ ਕਿ ਵਰਦੀਧਾਰੀ ਵਿਅਕਤੀਆਂ ਨੇ ਉਨ੍ਹਾਂ ‘ਤੇ ਨਕਲੀ ਘਿਓ ਵੇਚਣ ਦੇ ਦੋਸ਼ ਲਾ ਕੇ ਕਾਰ ਵਿੱਚ ਬੈਠੇ ਜਾਅਲੀ ਉੱਚ ਅਧਿਕਾਰੀ ਕੋਲ ਜਾਣ ਲਈ ਕਿਹਾ। ਕਾਰ ਵਿੱਚ ਬੈਠਾ ਵਿਅਕਤੀ ਉਨ੍ਹਾਂ ਨੂੰ ਥਾਣੇ ਲਿਜਾਣ ਬਾਰੇ ਆਖ ਕੇ ਗੱਡੀ ਵਿੱਚ ਬਿਠਾ ਕੇ ਲੈ ਗਿਆ ਤੇ ਚੁੱਪ ਰਹਿਣ ਦੀਆਂ ਧਮਕੀਆਂ ਦਿੱਤੀਆਂ। ਪੀੜਤਾਂ ਨੇ ਜਦੋਂ ਥਾਣੇ ਦੀ ਬਜਾਇ ਗ਼ਲਤ ਰਸਤੇ ਲਿਜਾਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੀੜਤ ਭਰਾਵਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਕੋਲੋਂ ਕਰੀਬ 5 ਲੱਖ ਨਗਦ ਤੇ ਸੋਨੇ ਦੀ ਚੇਨ ਖੋਹ ਲਈ ਤੇ ਲੁਹਾਰਾ ਚੌਕ ਕੋਲ ਛੱਡ ਦਿੱਤਾ। ਉਹ ਕਰੀਬ ਰਾਤ 12 ਵਜੇ ਘਰ ਪੁੱਜੇ ਤੇ ਪੁਲੀਸ ਨੂੰ ਇਤਲਾਹ ਦਿੱਤੀ।

ਜ਼ਿਲ੍ਹਾ ਪੁਲੀਸ ਮੁਖੀ ਜੇ ਏਲਨਚੇਜ਼ੀਅਨ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਜੇ ਅਜਿਹੇ ਕੋਈ ਸ਼ੱਕੀ ਪੁਲੀਸ ਵਰਦੀ ਵਿੱਚ ਆਪਣੇ ਆਪ ਨੂੰ ਮੁਲਾਜ਼ਮ ਜਾਂ ਅਫਸਰ ਦੱਸ ਕੇ ਤਲਾਸ਼ੀ ਲੈਂਦੇ ਹਨ ਤਾਂ ਤੁਰੰਤ ਆਪਣੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀ ਮਦਦ ਲਈ ਜਾਵੇ ਤੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ।

Advertisement
Advertisement
Advertisement
×