ਗਾਹਕ ਬਣ ਕੇ ਆਏ ਲੁਟੇਰੇ ਗਹਿਣੇ ਲੁੱਟ ਕੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਨਵੰਬਰ
ਇੱਥੋਂ ਦੇ ਕੰਪਨੀ ਬਾਗ਼ ਚੌਕ ਨੇੜੇ ਸਥਿਤ ਰਵੀ ਜਿਊਲਰ ਦੇ ਸ਼ੋਅਰੂਮ ’ਚੋਂ ਲੁਟੇਰੇ ਸੋਨੇ ਦੀਆਂ ਪੰਜ ਚੇਨਾਂ ਲੁੱਟ ਕੇ ਫ਼ਰਾਰ ਹੋ ਗਏ। ਗਹਿਣਿਆਂ ਦਾ ਕੁੱਲ ਵਜ਼ਨ 35 ਗ੍ਰਾਮ ਦੱਸਿਆ ਜਾ ਰਿਹਾ ਹੈ। ਘਟਨਾ ਸਮੇਂ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਵੀ ਬੰਦ ਪਾਏ ਗਏ। ਪੁਲੀਸ ਸ਼ੋਅਰੂਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਜਿਸ ਥਾਂ ’ਤੇ ਇਹ ਘਟਨਾ ਵਾਪਰੀ, ਉਸ ਦੇ ਨੇੜੇ ਹੀ ਮਹਿਜ਼ 200 ਮੀਟਰ ’ਤੇ ਪੁਲੀਸ ਨਾਕੇ ਲੱਗੇ ਰਹਿੰਦੇ ਹਨ ਪਰ ਫਿਰ ਵੀ ਲੁਟੇਰੇ ਲੁੱਟਮਾਰ ਕਰ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-4 ਅਤੇ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਸੀਆਈਏ ਸਟਾਫ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੀੜਤ ਜੌਹਰੀ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਨੌਜਵਾਨਾਂ ਨੇ ਆਉਂਦਿਆਂ ਹੀ ਸੋਨੇ ਦੀ ਚੇਨ ਦਿਖਾਉਣ ਲਈ ਕਿਹਾ। ਦੁਕਾਨਦਾਰ ਨੇ ਮੁਲਜ਼ਮਾਂ ਨੂੰ ਸੋਨੇ ਦੀਆਂ 5 ਚੇਨੀਆਂ ਦਿਖਾਈਆਂ। ਲੁਟੇਰਿਆਂ ਨੇ ਪਹਿਲਾਂ ਪੰਜ ਸੋਨੇ ਦੀਆਂ ਚੇਨਾਂ ਨੂੰ ਪਸੰਦ ਕਰ ਲਿਆ ਜਿਸ ਦਾ ਬਿੱਲ ਕਰੀਬ 2.40 ਲੱਖ ਰੁਪਏ ਬਣਿਆ।
ਦੁਕਾਨਦਾਰ ਨੇ ਜਦੋਂ ਪੈਸੇ ਮੰਗੇ ਤਾਂ ਲੁਟੇਰਿਆਂ ਨੇ 50 ਹਜ਼ਾਰ ਰੁਪਏ ਦੇ ਦਿੱਤੇ। ਬਾਕੀ ਦੇ ਪੈਸੇ ਉਨ੍ਹਾਂ ਨੇ ਕਾਰਡ ਸਵਾਈਪ ਕਰ ਕੇ ਦੇਣ ਲਈ ਕਿਹਾ। ਪੀੜਤ ਨੇ ਜਦੋਂ ਸਵਾਈਪਿੰਗ ਮਸ਼ੀਨ ਅੱਗੇ ਰੱਖੀ ਤਾਂ ਇੱਕ ਲੁਟੇਰੇ ਨੇ ਪਿਸਤੌਲ ਕੱਢ ਲਿਆ। ਇਸੇ ਦੌਰਾਨ ਲੁਟੇਰੇ 5 ਚੇਨਾਂ ਤੇ ਜਿਹੜੇ 50 ਹਜ਼ਾਰ ਰੁਪਏ ਦਿੱਤੇ ਸਨ ਉਹ ਵੀ ਖੋਹ ਕੇ ਲੈ ਗਏ। ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੀਤਾ ਹੈ।