ਲੁਟੇਰਿਆਂ ਨੇ ਨੌਜਵਾਨ ਨੂੰ ਗੋਲੀ ਮਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਇੱਥੇ ਪੁਲੀਸ ਥਾਣੇ ਤੋਂ ਕੁਝ ਦੂਰੀ ’ਤੇ ਲੁਟੇਰਿਆਂ ਨੇ ਬੁੱਧਵਾਰ ਦੀ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਘੇਰ ਲਿਆ। ਜਦੋਂ ਨੌਜਵਾਨਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ ਤੇ ਇੱਕ ਗੋਲੀ ਇੱਕ ਨੌਜਵਾਨ ਦੀ ਪਿੱਠ ’ਤੇ ਲੱਗੀ। ਇੱਥੇ ਜਦੋਂ ਰੌਲਾ ਪੈ ਗਿਆ ਤਾਂ ਲੁਟੇਰੇ ਫ਼ਰਾਰ ਹੋ ਗਏ। ਥਾਣੇ ਤੋਂ ਕੁਝ ਦੂਰੀ ’ਤੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਮੋਟਰਸਾਈਕਲ ਸਵਾਰ ਆਪਣੇ ਸਾਥੀ ਨੂੰ ਲੈ ਕੇ ਹਸਪਤਾਲ ਪੁੱਜ ਗਏ ਸਨ। ਪੁਲੀਸ ਨੇ ਸਿਵਲ ਹਸਪਤਾਲ ਪੁੱਜ ਕੇ ਨੌਜਵਾਨ ਦਾ ਹਾਲ-ਚਾਲ ਪੁੱਛਿਆ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ’ਚ ਦਾਖ਼ਲ ਨੌਜਵਾਨ ਦੀ ਪਛਾਣ ਅਮਨ ਵਜੋਂ ਹੋਈ ਹੈ ਜੋ ਮੁੰਡੀਆਂ ਕੋਲ ਰਾਮ ਨਗਰ ਇਲਾਕੇ ਦਾ ਰਹਿਣ ਵਾਲਾ ਹੈ।
ਅਮਨ ਦੇ ਦੋਸਤ ਅਰਜੁਨ ਨੇ ਦੱਸਿਆ ਕਿ ਅਮਨ ਤੇ ਰਾਹੁਲ ਦਾਣਾ ਮੰਡੀ ਕੋਲ ਇੱਕ ਫੈਕਟਰੀ ’ਚ ਕੰਮ ਕਰਦੇ ਹਨ। ਉਹ ਕੰਮ ਖ਼ਤਮ ਕਰ ਕੇ ਉਸ ਨਾਲ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਰਾਤ ਕਰੀਬ ਪੌਣੇ 12 ਵਜੇ ਢੋਲੇਵਾਲ ਪੁਲ ਕੋਲ ਦੋ ਨੌਜਵਾਨਾਂ ਨੇ ਉਨ੍ਹਾਂ ਤੋਂ ਲਿਫਟ ਮੰਗੀ ਤੇ ਇਨਕਾਰ ਕਰਨ ’ਤੇ ਉਨ੍ਹਾਂ ਹਮਲਾ ਕਰ ਦਿੱਤਾ। ਉਨ੍ਹਾਂ ਨੇ ਲੁੱਟਖੋਹ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅਮਨ ਨੂੰ ਗੋਲੀ ਮਾਰ ਦਿੱਤੀ। ਉਹ ਆਪਣੇ ਦੋਸਤ ਰਾਹੁਲ ਦੀ ਮਦਦ ਨਾਲ ਅਮਨ ਨੂੰ ਸਿਵਲ ਹਸਪਤਾਲ ਲੈ ਗਿਆ।
ਥਾਣਾ ਡਿਵੀਜ਼ਨ ਨੰਬਰ-6 ਦੇ ਐੱਸਐੱਚਓ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੇ ਹਾਲੇ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਹੈ। ਸ਼ਿਕਾਇਤ ਦੇਣ ਲਈ ਉਹ ਟਾਲ-ਮਟੋਲ ਕਰ ਰਹੇ ਹਨ। ਡਾਕਟਰ ਕੋਲ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮਾਮੂਲੀ ਜਿਹਾ ਝਗੜਾ ਹੋਇਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।