ਟੈਕਸੀ ਡਰਾਈਵਰ ਤੋਂ ਕਾਰ ਖੋਹਣ ਵਾਲਾ ਲੁਟੇਰਾ ਕਾਬੂ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 20 ਅਗਸਤ
ਥਾਣਾ ਡੇਹਲੋਂ ਦੀ ਪੁਲੀਸ ਨੇ ਇੰਦਰਜੀਤ ਸਿੰਘ ਉਰਫ਼ ਇੰਦਰ ਵਾਸੀ ਰਾਮਪੁਰਾ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਇੱਕ ਟੈਕਸੀ ਚਾਲਕ ਤੋਂ ਉਸਦੀ ਕਾਰ ਲਾਗਲੇ ਪਿੰਡ ਕਿਲਾਰਾਏਪੁਰ ਵਿੱਚ ਖੋਹ ਲਈ ਸੀ। ਮੁਲਜ਼ਮ ਕੋਲੋਂ ਖੋਹੀ ਗਈ ਔਰਾ ਕਾਰ ਅਤੇ ਹਮਲੇ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ’ਤੇ ਪਹਿਲਾਂ ਵੀ ਫਗਵਾੜਾ ਥਾਣੇ ਵਿੱਚ ਕਾਰਾਂ ਚੋਰੀ ਕਰਨ ਦੇ ਦੋ ਕੇਸ ਦਰਜ ਹਨ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਪਿੰਡ ਕਿਲਾ ਰਾਏਪੁਰ ਦੇ ਬਾਹਰਵਾਰ ਇੱਕ ਸੁੰਨਸਾਨ ਜਗ੍ਹਾ ’ਤੇ ਇੱਕ ਲੁਟੇਰੇ ਨੇ ਉਸ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਕਰਕੇ ਉਸਦੀ ਟੈਕਸੀ, ਬਟੂਆ ਤੇ ਮੋਬਾਈਲ ਖੋਹ ਲਿਆ ਸੀ। ਆਪਣੇ-ਆਪ ਨੂੰ ਕ੍ਰਿਕਟ ਖਿਡਾਰੀ ਦੱਸ ਕੇ ਮੁਲਜ਼ਮ ਨੇ ਕਰੀਬ ਅੱਧੀ ਰਾਤ ਵੇਲੇ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਕਿਲਾ ਰਾਏਪੁਰ ਤੱਕ ਸ਼ਿਕਾਇਤਕਰਤਾ ਦੀ ਟੈਕਸੀ ਕਿਰਾਏ ’ਤੇ ਲਈ ਸੀ। ਜਦੋਂ ਉਹ ਕਿਲਾ ਰਾਏਪੁਰ ਪਿੰਡ ਪਹੁੰਚੇ ਤਾਂ ਸਵਾਰੀ ਨੇ ਇਲਾਕੇ ਦੇ ਬਾਹਰਵਾਰ ਇੱਕ ਸੁੰਨਸਾਨ ਜਗ੍ਹਾ ’ਤੇ ਸਥਿਤ ਦੋ ਘਰਾਂ ਦੇ ਕੋਲ ਗੱਡੀ ਰੋਕਣ ਲਈ ਕਿਹਾ ਅਤੇ ਕਿਰਾਇਆ ਅਦਾ ਕਰ ਦਿੱਤਾ ਪਰ ਜਦੋਂ ਉਹ ਕਾਰ ਤੋਂ ਬਾਹਰ ਆਇਆ ਤਾਂ ਮੁਲਜ਼ਮ ਨੇ ਇੱਕ ਚਾਕੂ ਕੱਢ ਕੇ ਚਾਲਕ ਦੀ ਗਰਦਨ ’ਤੇ ਵਾਰ ਕਰ ਦਿੱਤਾ। ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਐੱਸਐੱਚਓ ਡੇਹਲੋਂ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਮੁਲਜ਼ਮ ਨੂੰ ਉਸ ਵੇਲੇ ਕਾਬੂ ਕਰ ਲਿਆ ਸੀ ਜਦੋਂ ਉਹ ਪਿੰਡ ਆਲਮਗੀਰ ਨੇੜੇ ਇਲਾਕੇ ਵਿੱਚੋਂ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਸੀ।