For the best experience, open
https://m.punjabitribuneonline.com
on your mobile browser.
Advertisement

ਨਕਲੀ ਸੀਬੀਆਈ ਅਫ਼ਸਰ ਬਣ ਕੇ ਵਪਾਰੀ ਦੇ ਘਰ ਦਾਖ਼ਲ ਹੋਏ ਲੁਟੇਰੇ

07:43 AM Sep 03, 2024 IST
ਨਕਲੀ ਸੀਬੀਆਈ ਅਫ਼ਸਰ ਬਣ ਕੇ ਵਪਾਰੀ ਦੇ ਘਰ ਦਾਖ਼ਲ ਹੋਏ ਲੁਟੇਰੇ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਗੁਰਦੇਵ ਸਿੰਘ। ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 2 ਸਤੰਬਰ
ਖ਼ੁਦ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਚਾਰ ਲੁਟੇਰਿਆਂ ਨੇ ਬਾੜੇਵਾਲ ਰੋਡ ’ਤੇ ਸਥਿਤ ਪੰਚਸ਼ੀਲ ਕਲੋਨੀ ਇਲਾਕੇ ’ਚ ਰਹਿਣ ਵਾਲੇ ਕਾਰੋਬਾਰੀ ਦੇ ਘਰ ਦਾਖਲ ਹੋ ਕੇ ਉਸ ਤੇ ਉਸ ਦੇ ਦੋਸਤ ਨੂੰ ਬੰਦੀ ਬਣਾ ਕੇ ਲੁੱਟ ਕੀਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਪਿਓ-ਪੁੱਤ ਵੀ ਸ਼ਾਮਲ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕਾਰੋਬਾਰੀ ਹਰੀਸ਼ ਕੁਮਾਰ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਸੂਚਨਾ ਮਿਲਦਿਆਂ ਹੀ ਸਰਾਭਾ ਨਗਰ ਦੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਂਚ ਤੋਂ ਬਾਅਦ ਪੁਲੀਸ ਨੇ ਤਿੰਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਫਰਾਰ ਹੋ ਗਿਆ।
ਹਰੀਸ਼ ਦੀ ਸ਼ਿਕਾਇਤ ’ਤੇ ਸਰਾਭਾ ਨਗਰ ਦੀ ਪੁਲੀਸ ਨੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦੇ ਰਹਿਣ ਵਾਲੇ ਤਮਨਦੀਪ ਸਿੰਘ ਉਰਫ ਗਿੰਨੀ, ਜਲੰਧਰ ਦੇ ਸਮਾਰਟ ਐਨਕਲੇਵ ਦੇ ਰਹਿਣ ਵਾਲੇ ਵਿਪਨ ਕੁਮਾਰ ਅਤੇ ਬਸਤੀ ਸ਼ੇਖ ਦੇ ਰਹਿਣ ਵਾਲੇ ਸੁਸ਼ੀਲ ਤੇ ਰਜਤ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਵੱਲੋਂ ਵਾਰਦਾਤ ਵੇਲੇ ਵਰਤਿਆ ਗਿਆ ਹਥਿਆਰ ਇੱਕ ਖਿਡੌਣਾ ਪਿਸਤੌਲ ਸੀ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਹਰੀਸ਼ ਕੁਮਾਰ ਕਰਿਆਨੇ ਦੀ ਵੱਡੀ ਦੁਕਾਨ ਦੇ ਨਾਲ-ਨਾਲ ਮਨੀ ਐਕਸਚੇਂਜ ਦਾ ਕਾਰੋਬਾਰ ਵੀ ਕਰਦਾ ਹੈ। ਐਤਵਾਰ ਨੂੰ ਕਾਰੋਬਾਰੀ ਦਾ ਦੋਸਤ ਉਸ ਨੂੰ ਮਿਲਣ ਉਸ ਦੇ ਘਰ ਆਇਆ ਹੋਇਆ ਸੀ। ਦੋਵੇਂ ਘਰ ਵਿੱਚ ਇਕੱਲੇ ਸਨ ਅਤੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਦਰਵਾਜ਼ੇ ’ਤੇ ਚਾਰ ਵਿਅਕਤੀ ਖੜ੍ਹੇ ਸਨ। ਜਦੋਂ ਹਰੀਸ਼ ਕੁਮਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੁਲਜ਼ਮ ਅੰਦਰ ਆ ਗਏ ਅਤੇ ਦੱਸਿਆ ਕਿ ਉਹ ਸੀਬੀਆਈ ਤੋਂ ਆਏ ਹਨ। ਉਸ ਦੇ ਘਰ ਦੀ ਤਲਾਸ਼ੀ ਲੈਣੀ ਹੈ। ਜਦੋਂ ਹਰੀਸ਼ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਦੋਵਾਂ ਨੂੰ ਧਮਕਾਇਆ ਅਤੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਘਰੋਂ ਤਿੰਨ ਮੋਬਾਈਲ ਫ਼ੋਨ ਅਤੇ 40 ਹਜ਼ਾਰ ਰੁਪਏ ਕੈਸ਼ ਚੋਰੀ ਕਰ ਕੇ ਲੈ ਗਏ। ਮੁਲਜ਼ਮ ਭੱਜਣ ਤੋਂ ਬਾਅਦ ਹਰੀਸ਼ ਅਤੇ ਉਸ ਦਾ ਦੋਸਤ ਖ਼ੁਦ ਨੂੰ ਖੋਲ੍ਹ ਕੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਬਾਹਰ ਭੱਜੇ ਪਰ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਹਰੀਸ਼ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ।
ਜਦੋਂ ਪੁਲੀਸ ਜਾਂਚ ਕਰਨ ਪਹੁੰਚੀ ਤਾਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਕੀਤੀ ਅਤੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਏਸੀਪੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੁਲਜ਼ਮ ਸੁਸ਼ੀਲ ਦਾ ਪੁੱਤਰ ਰਜਤ ਵੀ ਸ਼ਾਮਲ ਸੀ। ਜੋ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement
Advertisement
Author Image

Advertisement