ਲੁਟੇਰੇ ਕਾਰ ਦਾ ਸ਼ੀਸ਼ਾ ਤੋੜ ਕੇ ਪੌਣੇ ਤਿੰਨ ਲੱਖ ਰੁਪਏ ਲੈ ਕੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 10 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਸਰੁੱਖਿਆ ਫੋਰਸਾਂ ਦੀ ਸਖ਼ਤੀ ਦੇ ਬਾਵਜੂਦ ਲੁੱਟ-ਖੋਹ, ਕੁੱਟਮਾਰ ਅਤੇ ਸ਼ਰਾਬ ਦੀ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦਿਨ ਦਿਹਾੜੇ ਸੰਘਣੀ ਆਬਾਦੀ ਵਿੱਚ ਐਸਡੀ ਕਾਲਜ ਦੇ ਨਜ਼ਦੀਕ ਗੋਬਿੰਦ ਕਲੋਨੀ ਦੀ ਗਲੀ ਨੰਬਰ 1 ਵਿੱਚ ਦੋ ਲੁਟੇਰੇ ਕਾਰ ਦਾ ਸ਼ੀਸਾ ਭੰਨ੍ਹ ਕੇ 2 ਲੱਖ 70 ਹਜ਼ਾਰ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੀ ਪੁਲੀਸ ਨੇ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਆੜ੍ਹਤੀ ਸੁਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਸ਼ਾਲ ਗੋਇਲ ਬੈਂਕ ’ਚ 5 ਲੱਖ ਰੁਪਏ ਨਗਦ ਕਢਵਾ ਕੇ ਲਿਆਇਆ ਸੀ। ਇਸ ਵਿੱਚੋਂ 2 ਲੱਖ 30 ਹਜ਼ਾਰ ਰੁਪਏ ਦੀ ਦੇਣ ਵਾਲੀ ਰਕਮ ਦੇ ਕੇ 2 ਲੱਖ 70 ਹਜ਼ਾਰ ਰੁਪਏ ਲੈ ਕੇ ਆਪਣੇ ਸਕੂਟਰ ’ਤੇ ਘਰ ਆ ਗਿਆ ਸੀ। ਸ੍ਰੀ ਗੋਇਲ ਨੇ ਦੱਸਿਆ ਕਿ ਉਸ ਨੇ ਸ਼ੈੱਲਰ ਜਾਣ ਤੋਂ ਪਹਿਲਾਂ ਇਹ ਰਕਮ ਕਾਰ ’ਚ ਰੱਖ ਦਿੱਤੀ ਅਤੇ ਬਾਥਰੂਮ ਜਾਣ ਲਈ ਘਰ ਅੰਦਰ ਚਲਾ ਗਿਆ। ਉਹ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸਾ ਟੁੱਟਿਆ ਪਿਆ ਸੀ ਅਤੇ ਕਾਰ ਪਈ ਰਕਮ ਲੁਟੇਰੇ ਲੈ ਕੇ ਫ਼ਰਾਰ ਹੋ ਚੁੱਕੇ ਸਨ। ਘਟਨਾ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਲਦ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ।