For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਮੁੜ ਖਰੀਦ ਸ਼ੁਰੂ ਨਾ ਹੋਣ ’ਤੇ ਸੜਕਾਂ ਜਾਮ ਕੀਤੀਆਂ

11:17 AM Nov 17, 2023 IST
ਝੋਨੇ ਦੀ ਮੁੜ ਖਰੀਦ ਸ਼ੁਰੂ ਨਾ ਹੋਣ ’ਤੇ ਸੜਕਾਂ ਜਾਮ ਕੀਤੀਆਂ
ਲੰਬੀ ਵਿੱਚ ਵੀਰਵਾਰ ਨੂੰ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 16 ਨਵੰਬਰ
ਸਰਕਾਰੀ ਐਲਾਨ ਦੇ ਬਾਵਜੂਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕਾਫ਼ੀ ਮੰਡੀਆਂ ‘ਚ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਖਿਲਾਫ਼ ਭਾਕਿਯੂ (ਏਕਤਾ) ਉਗਰਾਹਾਂ ਨੇ ਅੱਜ ਮੁੜ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪੱਧਰੀ ਸੱਦੇ ‘ਤੇ ਲੰਬੀ ਵਿਖੇ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ-9 ’ਤੇ ਕਰੀਬ ਤਿੰਨ ਘੰਟੇ ਤੱਕ ਸੜਕੀ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਅਤੇ ‘ਆਪ’ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਪਾਲਾ ਸਿੰਘ ਕਿੱਲਿਆਂਵਾਲੀ, ਮਨੋਹਰ ਸਿੰਘ ਸਿੱਖਵਾਲਾ, ਕਾਲਾ ਸਿੰਘ ਖੁੰਨਣ ਖੁਰਦ, ਮਾਸਟਰ ਮਲਕੀਤ ਸਿੰਘ ਗੱਗੜ ਨੇ ਖਰੀਦ ਸਬੰਧੀ ਮਾਮਲੇ ਉਠਾਏ ਅਤੇ ਕਿਸਾਨਾਂ ਦੀ ਫ਼ਸਲ ਚੁੱਕਣ ਅਤੇ ਸੁਚੱਜੀ ਖਰੀਦ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਮਲੋਟ ਦੀ ਨਾਇਬ ਤਹਿਸੀਲਦਾਰ ਜ਼ਰੀਏ ਐਸ.ਡੀ.ਐਮ. ਮਲੋਟ ਦੇ ਨਾਂ ਮੰਗ ਪੱਤਰ ਸੌਂਪਿਆ। ਨਾਇਬ ਤਹਿਸੀਦਲਾਰ ਨੇ ਕਿਸਾਨਾਂ ਨੂੰ ਮੰਗਾਂ ‘ਤੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਮੌਕੇ ਡੀ.ਐਸ.ਪੀ. ਜਸਪਾਲ ਸਿੰਘ, ਦਲਜੀਤ ਸਿੰਘ ਮਿਠੜੀ, ਗੁਰਤੇਜ ਸਿੰਘ ਖੁੱਡੀਆਂ ਅਤੇ ਜਗਦੀਪ ਸਿੰਘ ਖੁੱਡੀਆਂ ਸਮੇਤ ਹੋਰ ਕਾਰਕੁਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ 510 ਮੰਡੀਆਂ ‘ਚ ਝੋਨਾ ਖਰੀਦ ਬੰਦ ਹੋਣ ‘ਤੇ ਸੂਬਾਈ ਸੱਦੇ ਉੱਪਰ ਬੀਤੀ 13 ਨਵੰਬਰ ਨੂੰ ਲੰਬੀ ‘ਚ ਸੜਕ ਜਾਮ ਕੀਤਾ ਗਿਆ ਸੀ।

Advertisement

ਮੰਡੀਆਂ ਨਾ ਖੋਲ੍ਹਣ ਖ਼ਿਲਾਫ਼ ਡਟੇ ਕਿਸਾਨ

ਦੋਦਾ ਵਿੱਚ ਰੋਸ ਪ੍ਰਗਟਾਉਂਦੇ ਹੋਏ ਕਿਸਾਨ।

ਦੋਦਾ (ਜਸਵੀਰ ਸਿੰਘ ਭੁੱਲਰ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰੇਦਸ਼ਾਂ ਅਨੁਸਾਰ ਅੱਜ ਬਲਾਕ ਗਿੱਦੜਬਾਹਾ ਦੇ ਕਿਸਾਨਾਂ ਵੱਲੋਂ ਦੋਦਾ ਵਿਚ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਚਾਨਕ 510 ਦਾਣਾ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਸਰਕਾਰ ਨੇ ਮੰਡੀਆਂ ਖੋਲ੍ਹਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪਰ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਨਾ ਖੋਲ੍ਹਣ ਨੂੰ ਕਿਸਾਨਾਂ ਨੇ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਮੰਡੀਆਂ ਵਿਚ ਰੁਲ ਰਹੀ ਹੈ। ਸਰਕਾਰ ਕੋਲ ਪਰਾਲੀ ਦਾ ਵੀ ਕੋਈ ਹੱਲ ਨਹੀ ਹੈ, ਪ੍ਰਸ਼ਾਸ਼ਨ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ ਜਿਸ ਦੇ ਰੋਸ ਵਜੋਂ ਦੋਦਾ ਵਿਚ ਦੁਪਹਿਰ 12 ਤੋਂ 3 ਵਜੇ ਤੱਕ ਮੁਕਤਸਰ-ਬਠਿੰਡਾ ਹਾਈਵੇਅ 754 ਉਤੇ ਜਾਮ ਲਾਇਆ ਗਿਆ ਅਤੇ ਆਗੂਆਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਮੱਲਣ, ਰਾਜਾ ਸਿੰਘ ਮਹਾਂਬੱਧਰ, ਸੁਖਰਾਜ ਸਿੰਘ ਰੂਹੜਿਆਂਵਾਲੀ, ਹਰਫੂਲ ਸਿੰਘ ਭਾਗਸਰ ਨੇ ਸੰਬੋਧਨ ਕੀਤਾ। ਪੁਲੀਸ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਦਿਆਂ ਪਿੰਡ ਕਾਉਣੀ ਰਾਹੀਂ ਆਵਾਜਾਈ ਲੰਘਾਈ।

Advertisement

Advertisement
Author Image

sukhwinder singh

View all posts

Advertisement