ਕਿਸਾਨਾਂ ਵੱਲੋਂ ਝੋਨੇ ਦੀ ਖ਼ਰੀਦ ਤੇ ਚੁਕਾਈ ਨਾ ਹੋਣ ਦੇ ਰੋਸ ਵਜੋਂ ਸੜਕਾਂ ਜਾਮ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਅੱਜ ਮੁਹਾਲੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਾ ਮਾਤਰ ਹੋਣ ਕਾਰਨ ਲਾਂਡਰਾਂ ਨੇੜੇ ਪਿੰਡ ਬੈਂਰੋਪੁਰ-ਭਾਗੋਮਾਜਰਾ ਰਾਜ ਮਾਰਗ ’ਤੇ ਚੱਕਾ ਜਾਮ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਇਲਾਕਾ ਨਿਵਾਸੀਆਂ ਸਮੇਤ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਮਜ਼ਦੂਰਾਂ, ਆੜ੍ਹਤੀਆ ਐਸੋਸੀਏਸ਼ਨਾਂ, ਵਪਾਰ ਮੰਡਲ ਅਤੇ ਸ਼ੈਲਰ ਮਾਲਕਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਜਲਦੀ ਹਾਲਾਤ ਨਾ ਸੁਧਰੇ ਤਾਂ 29 ਅਕਤੂਬਰ ਨੂੰ ਸਮੂਹ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੰਡੀਆਂ ਵਿੱਚ ‘ਆਪ’ ਅਤੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਵਿਖਾਵਾ ਕੀਤਾ ਜਾਵੇਗਾ। ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰੀ ਹੋਵੇਗੀ।
ਲਾਲੜੂ (ਸਰਬਜੀਤ ਸਿੰਘ ਭੱਟੀ):
ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਦੇ ਰੋਸ ਵਜੋਂ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਇੱਥੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਉੱਤੇ ਆਈਟੀਆਈ ਚੌਕ ’ਚ ਧਰਨਾ ਲਗਾਇਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਨਾਲਾਇਕੀਆਂ ਕਾਰਨ ਅੱਜ ਅੰਨਦਾਤਾ ਸੜਕਾਂ ’ਤੇ ਰੁਲਣ ਲਈ ਮਜਬੂਰ ਹੈ। ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ਧਨੌਨੀ, ਨੰਬਰਦਾਰ ਕਰਮ ਸਿੰਘ ਕਾਰਕੌਰ, ਰਾਜਿੰਦਰ ਸਿੰਘ ਢੋਲਾ ਆਦਿ ਮੌਜੂਦ ਸਨ। ਇਸ ਮੌਕੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੀ ਟਰੈਫਿਕ ਡੇਰਾਬੱਸੀ ਤੋਂ ਵਾਇਆ ਬਰਵਾਲਾ ਅਤੇ ਅੰਬਾਲਾ ਸ਼ਹਿਰ ਤੋਂ ਵਾਇਆ ਨਰਾਇਣਗੜ੍ਹ ਮੋੜ ਦਿੱਤੀ ਗਈ। ਟਰੈਫਿਕ ਵਿੱਚ ਫਸੇ ਵਾਹਨਾਂ ਨੂੰ ਥਾਣਾ ਮੁਖੀ ਲਾਲੜੂ ਇੰਸਪੈਕਟਰ ਆਕਾਸ਼ ਸ਼ਰਮਾ ਬਦਲਵੇ ਰਸਤਿਆਂ ਰਾਹੀਂ ਭੇਜ ਰਹੇ ਸਨ। ਐਂਬੂਲੈਂਸ ਵਰਗੇ ਵਾਹਨਾਂ ਨੂੰ ਕਿਸਾਨਾਂ ਵੱਲੋਂ ਛੋਟ ਦਿੱਤੀ ਗਈ।
ਬਨੂੜ (ਕਰਮਜੀਤ ਸਿੰਘ ਚਿੱਲਾ):
ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਬਨੂੜ ਵਿੱਚ ਚਾਰ ਘੰਟੇ ਜਾਮ ਲਗਾਇਆ। ਕਿਸਾਨਾਂ ਵੱਲੋਂ ਬਨੂੜ ਦੇ ਬੈਰੀਅਰ ਥੱਲੇ ਲਗਾਏ ਗਏ ਜਾਮ ਕਾਰਨ ਲਾਂਡਰਾਂ-ਅੰਬਾਲਾ ਕੌਮੀ ਮਾਰਗ ਅਤੇ ਓਵਰਬ੍ਰਿਜ ਉੱਤੇ ਲਗਾਏ ਜਾਮ ਕਾਰਨ ਜ਼ੀਰਕਪੁਰ-ਪਟਿਆਲਾ ਕੌਮੀ ਮਾਰਗ ਦੀ ਆਵਜਾਈ ਮੁਕੰਮਲ ਠੱਪ ਰਹੀ। ਜਾਮ ਕਾਰਨ ਸਾਰੇ ਪਾਸੇ ਭਾਰੀ ਵਾਹਨਾਂ ਦੀਆਂ ਕਈ-ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ, ਜਦੋਂ ਕਿ ਛੋਟੇ ਵਾਹਨ ਤੇ ਕਾਰਾਂ ਪਿੰਡਾਂ ਦੀਆਂ ਸੰਪਰਕ ਸੜਕਾਂ ਰਾਹੀਂ ਲੰਘ ਗਈਆਂ। ਐਂਬੂਲੈਂਸਾਂ ਤੇ ਹੋਰ ਜ਼ਰੂਰੀ ਕੰਮਾਂ ਵਾਲੇ ਰਾਹਗੀਰਾਂ ਨੂੰ ਜਾਮ ਵਿੱਚ ਲੰਘਣ ਦੀ ਛੋਟ ਦਿੱਤੀ ਗਈ। ਬਨੂੜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਸ਼ੂ ਜੈਨ ਤੇ ਹੋਰ ਆੜ੍ਹਤੀ ਵੀ ਧਰਨੇ ਵਿੱਚ ਮੌਜੂਦ ਰਹੇ।
ਸ੍ਰੀ ਆਨੰਦਪੁਰ ਸਾਹਿਬ/ਕੀਰਤਪੁਰ ਸਾਹਿਬ (ਬੀਐੱਸ ਚਾਨਾ):
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਅਗੰਮਪੁਰ ਚੌਕ ਅਤੇ ਬੂੰਗਾ ਸਾਹਿਬ ਵਿਖੇ ਕਿਸਾਨਾਂ ਵੱਲੋ ਧਰਨਾ ਦਿੱਤਾ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਝੋਨਾ ਨਾ ਚੁੱਕਿਆ ਗਿਆ ਤਾਂ ਪੰਜਾਬ ਦੀ ਅਰਥ ਵਿਵਸਥਾ ਡੁੱਬ ਜਾਵੇਗੀ। ਇਸ ਮੌਕੇ ਪੁਲੀਸ ਵੱਲੋਂ ਰਾਹਗੀਰਾਂ ਲਈ ਬੇਸ਼ੱਕ ਬਦਲਵੇਂ ਪ੍ਰਬੰਧ ਕੀਤੇ ਗਏ ਸਨ ਪ੍ਰੰਤੂ ਕੁਝ ਲੋਕਾਂ ਨੂੰ ਧਰਨੇ ਕਾਰਨ ਲੱਗੇ ਟਰੈਫਿਕ ਜਾਮ ਵਿੱਚ ਖੱਜਲ ਹੋਣਾ ਪਿਆ।
ਮੋਰਿੰਡਾ (ਸੰਜੀਵ ਤੇਜਪਾਲ):
ਇੱਥੋਂ ਦੇ ਸਰਹਿੰਦ ਬਾਈਪਾਸ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਡੀਆਂ ਵਿੱਚ ਜੀਰੀ ਦੀ ਖਰੀਦ, ਚੁਕਾਈ ਅਤੇ ਜੀਰੀ ਦੇ ਭਾਅ ’ਤੇ ਲਗਾਏ ਜਾ ਰਹੇ ਕੱਟ ਦੇ ਵਿਰੋਧ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਮੁਕੰਮਲ ਜਾਮ ਲਾਇਆ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ ਤੋਂ ਇਲਾਵਾ ਕਈ ਕਿਸਾਨ ਆਗੂਆਂ ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੀ ਮੰਡੀਆਂ ਚ ਹੋ ਰਹੀ ਖੱਜਲ ਖੁਆਰੀ ਨੂੰ ਲੈਕੇ ਚਿੰਤਾ ਪ੍ਰਗਟਾਈ।
ਖਮਾਣੋਂ (ਜਗਜੀਤ ਕੁਮਾਰ):
ਇੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਭਾਈਵਾਲ ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਗੁਰਦੁਆਰਾ ਸਾਹਿਬ ਰਾਣਵਾਂ ਅੱਗੇ ਸੜਕ ’ਤੇ ਜਾਮ ਲਾਇਆ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤੀਆਂ ਜਾਣ।
ਪੰਜਾਬ ਵਿੱਚ ਲੱਗੇ ਜਾਮ ਦਾ ਅਸਰ ਅੰਬਾਲਾ ’ਚ ਵੀ ਆਇਆ ਨਜ਼ਰ
ਅੰਬਾਲਾ (ਰਤਨ ਸਿੰਘ ਢਿੱਲੋਂ):
ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਾ ਹੋਣ ਦੇ ਵਿਰੋਧ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਬਾਅਦ 3 ਵਜੇ ਤੱਕ ਸੜਕਾਂ ਜਾਮ ਕਰਕੇ ਆਵਾਜਾਈ ਰੋਕੇ ਜਾਣ ਦਾ ਸਿੱਧਾ ਅਸਰ ਅੰਬਾਲਾ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਅੰਬਾਲਾ ਤੋਂ ਪੰਜਾਬ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਰੂਟਾਂ ਰਾਹੀਂ ਪੰਜਾਬ ਵੱਲ ਜਾਂਦੇ ਨਜ਼ਰ ਆਏ। ਸਥਿਤੀ ਇਹ ਬਣੀ ਰਹੀ ਕਿ ਲਿੰਕ ਸੜਕਾਂ ’ਤੇ ਵੀ ਵਾਹਨਾਂ ਦੀ ਭਾਰੀ ਭੀੜ ਕਾਰਨ ਜਾਮ ਲੱਗ ਗਿਆ। ਵਾਹਨ ਚਾਲਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਟਰੈਫਿਕ ਪੁਲੀਸ ਨੇ ਰੂਟ ਬਦਲ ਦਿੱਤੇ। ਦਿੱਲੀ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਸ਼ਾਹਬਾਦ ਤੋਂ ਸਾਹਾ ਚੌਕ ਰਾਹੀਂ ਅਤੇ ਅੰਬਾਲਾ ਸ਼ਹਿਰ ਤੋਂ ਬਲਦੇਵ ਨਗਰ ਕੋਲੋਂ ਪੰਜੋਖਰਾ ਸਾਹਿਬ ਤੋਂ ਹੋ ਕੇ ਪੰਚਕੂਲਾ ਵੱਲ ਮੋੜ ਦਿੱਤਾ ਗਿਆ। ਪੁਲੀਸ ਨੇ ਬੈਰੀਕੇਡ ਲਾ ਕੇ ਵਾਹਨ ਚਾਲਕਾਂ ਨੂੰ ਬਦਲੇ ਮਾਰਗਾਂ ਬਾਰੇ ਜਾਣਕਾਰੀ ਦਿੱਤੀ।