ਢਕੋਲੀ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ
ਹਰਜੀਤ ਸਿੰਘ
ਜ਼ੀਰਕਪੁਰ, 27 ਜੁਲਾਈ
ਢਕੋਲੀ ਖੇਤਰ ਵਿੱਚ ਸੜਕਾਂ ਦੀ ਹਾਲਤ ਦਨਿੋਂ-ਦਨਿ ਖਸਤਾ ਹੁੰਦੀ ਜਾ ਰਹੀ ਹੈ। ਸੜਕਾਂ ’ਤੇ ਪਏ ਵੱਡੇ ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਕਲੋਨੀ ਵਿੱਚ ਲਾਵਾਰਿਸ ਪਸ਼ੂਆਂ ਅਤੇ ਬੰਦ ਸਟਰੀਟ ਲਾਈਟਾਂ ਵਾਲੇ ਪਾਸੇ ਵੀ ਕੋਈ ਧਿਆਨ ਨਹੀਂ ਦੇ ਰਿਹਾ। ਕਲੋਨੀ ਵਾਸੀਆਂ ਨੇ ਇਨ੍ਹਾਂ ਸਮੱਸਿਆਵਾਂ ਸਬੰਧੀ ਕਈ ਵਾਰ ਕੌਂਸਲ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਢਕੋਲੀ ਖੇਤਰ ਵਿੱਚ ਪੈਂਦੀ ਐੱਮਐੱਸ ਐਨਕਲੇਵ ਕਲੋਨੀ ਦੇ ਵਸਨੀਕ ਡਾ. ਮਨਜੀਤ ਸਿੰਘ ਬੱਲ, ਨਰਿੰਦਰ ਪਸਰੀਚਾ, ਧਰਮ ਪਾਲ, ਨਸੀਬ ਸਿੰਘ ਤੇ ਪਾਲ ਸਿੰਘ ਨੇ ਦੱਸਿਆ ਕਿ ਢਕੋਲੀ ’ਚ ਸਭ ਤੋਂ ਖਸਤਾਹਾਲ ਸੜਕਾਂ ਇਸੇ ਕਲੋਨੀ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸੇਂਟ ਸੋਲਜਰ ਸਕੂਲ ਤੋਂ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਰਾੜ ਦੇ ਘਰ ਸਾਹਮਣੇ ਕਾਫੀ ਡੂੰਘੇ ਟੋਏ ਪੈ ਗਏ ਹਨ। ਇਸੇ ਤਰ੍ਹਾਂ ਰੇਲਵੇ ਫਾਟਕ ਕੋਲ, ਸਬਜ਼ੀ ਮੰਡੀ ਦੇ ਸਾਹਮਣੇ ਵੀ ਸੜਕਾਂ ਦੀ ਹਾਲਤ ਕਾਫੀ ਮਾੜੀ ਹੈ।
ਉਨ੍ਹਾਂ ਦੱਸਿਆ ਕਿ ਪੂਰੇ ਢਕੋਲੀ ਖੇਤਰ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਢਕੋਲੀ ਦੀਆਂ ਜ਼ਿਆਦਾਤਰ ਸੜਕਾਂ ’ਤੇ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਸ਼ਾਮ ਵੇਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਨਿਕਲਣ ਦੌਰਾਨ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਫੈਲਿਆ ਹਨੇਰਾ ਵੱਖ ਵੱਖ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਢਕੋਲੀ ਖੇਤਰ ਵਿੱਚ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ।