ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੌਨਸੂਨ ਦੇ ਪਹਿਲੇ ਹੱਲੇ ਵਿੱਚ ਹੀ ਡੁੱਬੀਆਂ ਦਿੱਲੀ ਦੀਆਂ ਸੜਕਾਂ

07:44 AM Jun 29, 2024 IST
ਨਵੀਂ ਦਿੱਲੀ ਦੇ ਸਰਾਏ ਕਾਲੇ ਖਾਂ ਇਲਾਕੇ ਵਿੱਚ ਸੜਕ ’ਤੇ ਮੀਂਹ ਪੈਣ ਤੋਂ ਬਾਅਦ ਖੜ੍ਹੇ ਪਾਣੀ ’ਚੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ

* ਮੀਂਹ ਨੇ ਤੋੜਿਆ 88 ਸਾਲਾਂ ਦਾ ਰਿਕਾਰਡ; ਅੰਡਰਪਾਸ ਤੇ ਕਈ ਥਾਵਾਂ ’ਤੇ ਪਾਣੀ ’ਚ ਫਸੇ ਵਾਹਨ; ਆਈਟੀਓ ਵਿੱਚ ਟਰੈਫਿਕ ਜਾਮ

Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜੂਨ
ਮੌਨਸੂਨ ਦੇ ਪਹਿਲੇ ਮੀਂਹ ਨੇ ਹੀ ਦਿੱਲੀ ਨਗਰ ਨਿਗਮ ਦੀਆਂ ਕੀਤੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਿੱਲੀ ਦੇ ਕਈ ਅਹਿਮ ਇਲਾਕਿਆਂ ਵਿੱਚ ਸੜਕਾਂ, ਅੰਡਰਪਾਸ ਅਤੇ ਮੈਟਰੋ ਸਟੇਸ਼ਨਾਂ ਕੋਲ ਪਾਣੀ ਭਰ ਗਿਆ। ਦੋ ਸਾਲ ਪਹਿਲਾਂ ਆਈਟੀਓ ਇਲਾਕੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਸੀ ਤੇ ਇਸ ਵਾਰ ਵੀ ਆਈਟੀਓ ਨੇੜੇ ਹੀ ਪਾਣੀ ਦਾ ਹੜ੍ਹ ਦੇਖਿਆ ਗਿਆ।

ਮੀਂਹ ਪੈਣ ਮਗਰੋਂ ਸੜਕ ਵਿੱਚ ਧਸੀ ਹੋਈ ਕਾਰ। -ਫੋਟੋ: ਪੀਟੀਆਈ

ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ ਕੱਲ੍ਹ ਸਵੇਰੇ 8:30 ਵਜੇ ਤੋਂ ਅੱਜ ਸਵੇਰੇ 8:30 ਵਜੇ ਤੱਕ 228 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ 1936 ਤੋਂ ਬਾਅਦ ਜੂਨ ਵਿੱਚ ਸਭ ਤੋਂ ਵੱਧ 24 ਘੰਟੇ ਦੀ ਬਾਰਿਸ਼ ਹੈ। ਆਮ ਤੌਰ ’ਤੇ ਦਿੱਲੀ ਵਿੱਚ ਜੂਨ ਮਹੀਨੇ ਦੌਰਾਨ ਔਸਤਨ 80.6 ਮਿਲੀਮੀਟਰ ਮੀਂਹ ਪੈਂਦਾ ਹੈ। ਦਿੱਲੀ ਵਿੱਚ ਪਹਿਲੇ ਹੀ ਮੀਂਹ ਨੇ ਥਾਂ-ਥਾਂ ਪਾਣੀ ਭਰ ਦਿੱਤਾ ਹੈ ਅਤੇ ਨੀਵੇਂ ਇਲਾਕਿਆਂ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ। ਕਈ ਘਰਾਂ ਵਿੱਚ ਵੀ ਪਾਣੀ ਭਰਨ ਦੀਆਂ ਖਬਰਾਂ ਹਨ। ਵਿਰੋਧੀ ਧਿਰ ਭਾਜਪਾ ਨੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਸਣੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੇ ਇਲਾਕੇ ਵਿੱਚ ਭਰੇ ਪਾਣੀ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਆਈਟੀਓ ਵਿੱਚ ਪਾਣੀ ਭਰਨ ਨਾਲ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਆਈਟੀਓ ਚੌਕ ਤੋਂ ਰਿੰਗ ਰੋਡ ਦੇ ਫਲਾਈਓਵਰ ਤੱਕ ਕਰੀਬ ਇੱਕ-ਇੱਕ ਫੁੱਟ ਪਾਣੀ ਭਰ ਗਿਆ ਸੀ। ਇਸੇ ਤਰ੍ਹਾਂ ਮਿੰਟੋ ਬ੍ਰਿਜ ਦੇ ਹੇਠਾਂ ਵੀ 10 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਰ ਕੇ ਇਸ ਅੰਡਰਪਾਸ ਹੇਠਿਓਂ ਸੜਕੀ ਆਵਾਜਾਈ ਰੋਕ ਦਿੱਤੀ ਗਈ ਹੈ। ਆਤਿਸ਼ੀ ਦੇ ਹੀ ਇਲਾਕੇ ਗੋਬਿੰਦਪੁਰੀ ਵਿੱਚ ਇੱਥੋਂ ਦੇ ਮੈਟਰੋ ਸਟੇਸ਼ਨ ਹੇਠਾਂ ਪਾਣੀ ਖੜ੍ਹ ਗਿਆ, ਹਾਲਾਂਕਿ ਕੁਝ ਦਿਨ ਪਹਿਲਾਂ ਹੀ ਇੱਥੋਂ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਨਾਲੀਆਂ ਸਾਫ਼ ਕੀਤੀਆਂ ਗਈਆਂ ਸਨ।
ਹਾਲਾਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸੋਮਨਾਥ ਭਾਰਤੀ, ਕੁਲਦੀਪ ਕੁਮਾਰ ਤੇ ਜਰਨੈਲ ਸਿੰਘ ਆਪਣੇ ਆਪਣੇ ਇਲਾਕਿਆਂ ਵਿੱਚ ਪਾਣੀ ਭਰੇ ਖੇਤਰਾਂ ਦੇ ਲੋਕਾਂ ਨਾਲ ਮੁਲਾਕਾਤ ਕਰ ਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ।

Advertisement

ਪਾਣੀ ਵਿੱਚ ਫਸੇ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ

ਕੌਮੀ ਰਾਜਧਾਨੀ ਦਿੱਲੀ ਵਿੱਚ ਸਵੇਰੇ ਭਾਰੀ ਮੀਂਹ ਪੈਣ ਮਗਰੋਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਰਾਮ ਗੋਪਾਲ ਯਾਦਵ ਪਾਣੀ ’ਚ ਫਸੇ ਦਿਖਾਈ ਦੇ ਰਹੇ ਹਨ। ਯਾਦਵ ਨੂੰ ਉਨ੍ਹਾਂ ਦੇ ਸਟਾਫ ਮੈਂਬਰਾਂ ਅਤੇ ਹੋਰਾਂ ਦੁਆਰਾ ਉਨ੍ਹਾਂ ਦੀ ਕਾਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਰਿਹਾਇਸ਼ ਦੇ ਆਲੇ ਦੁਆਲੇ ਦਾ ਇਲਾਕਾ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਿਆ।

ਤਹਿਸੀਲ ਕੰਪਲੈਕਸ ਪਾਣੀ ਭਰਿਆ

ਫਰੀਦਾਬਾਦ (ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਫਰੀਦਾਬਾਦ ਦੇ ਬੜਖਲ ਵਿਧਾਨ ਸਭਾ ਹਲਕੇ ਦੇ ਤਹਿਸੀਲ ਕੰਪਲੈਕਸ ਵਿੱਚ ਪਾਣੀ ਭਰ ਗਿਆ ਤੇ ਦਿੱਲੀ ਦੇ ਇੱਕ ਜੱਜ ਦੀ ਕਾਰ ਵੀ ਮੀਂਹ ਵਿੱਚ ਫਸੀ ਰਹੀ। ਸ਼ਹਿਰ ਦੇ ਨੀਲਮ ਫਲਾਈਓਵਰ, ਹਾਰਡ ਵੇਅਰ ਚੌਕ, ਐਨਆਈਟੀ ਦੇ ਕਈ ਇਲਾਕਿਆਂ ਸਮੇਤ ਸੈਕਟਰਾਂ ਦੇ ਖੇਤਰ ਵਿੱਚ ਕਈ ਥਾਵਾਂ ਉਪਰ ਪਾਣੀ ਭਰ ਗਿਆ। ਇੱਥੋਂ ਤੱਕ ਕਿ ਫਰੀਦਾਬਾਦ ਨਗਰ ਨਿਗਮ ਦੇ ਦਫ਼ਤਰ ਨੇੜੇ ਵੀ ਮੀਂਹ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆਈ।

Advertisement
Advertisement