ਹਾਦਸੇ ਦੇ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਲਈ ਸੜਕ ’ਤੇ ਜਾਮ ਲਾਇਆ
ਸ਼ਗਨ ਕਟਾਰੀਆ
ਬਠਿੰਡਾ, 13 ਅਕਤੂਬਰ
ਇੱਥੇ ਦੋ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਦੋ ਕਿਸਾਨ ਜਥੇਬੰਦੀਆਂ ਨੇ ਇੱਥੇ ਸਿਵਲ ਹਸਪਤਾਲ ਅੱਗੇ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਹਾਦਸੇ ਦੇ ਕਸੂਰਵਾਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੇਸ ਵਿੱਚ ਨਾਮਜ਼ਦ ਮੁਲਜ਼ਮ ਹਿਰਾਸਤ ’ਚ ਨਹੀਂ ਲਏ ਜਾਂਦੇ ਉਦੋਂ ਤੱਕ ਉਹ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਬੂਟਾ ਸਿੰਘ ਤੁੰਗਵਾਲੀ ਤੇ ਮਨਜੀਤ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਜਗਦੇਵ ਸਿੰਘ ਮਹਿਤਾ ਨੇ ਦੋਸ਼ ਲਾਏ ਕਿ ਪਤੀ-ਪਤਨੀ ਦੀ ਮੌਤ ਦਾ ਕਾਰਨ ਬਣੀ ਜੀਪ ਦੇ ਪਿੱਛੇ ਜੋੜੀ ਟਰਾਲੀ ਵਿੱਚ ਕਾਫ਼ੀ ਭਾਰੀ ਸਮਾਨ ਲੱਦਿਆ ਹੋਇਆ ਸੀ। ਉਨ੍ਹਾਂ ਇਸ ਨੂੰ ਲਾਪ੍ਰਵਾਹੀ ਵਾਲਾ ਕਦਮ ਕਰਾਰ ਦਿੰਦਿਆਂ ਜੀਪ ਸਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਆਖਿਆ ਕਿ ਇਨਸਾਫ਼ ਮਿਲਣ ਤੱਕ ਉਹ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚੋਂ ਲਾਸ਼ਾਂ ਨਹੀਂ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਪਿੰਡ ਕੋਟਸ਼ਮੀਰ ਨੇੜੇ ਇਕ ਸੰਪਰਕ ਸੜਕ ’ਤੇ 11 ਅਕਤੂਬਰ ਨੂੰ ਜੀਪ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਪਿੰਡ ਮਹਿਤਾ ਵਾਸੀ ਸੂਬਾ ਸਿੰਘ ਅਤੇ ਉਸ ਦੀ ਪਤਨੀ ਰਣਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਜੀਪ ਵਾਲੇ ਦੇ ਹੱਕ ਵਿੱਚ ਵਫ਼ਦ ਐੱਸਐੱਸਪੀ ਨੂੰ ਮਿਲਣ ਪੁੱਜਿਆ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਰਾਮ ਸਿੰਘ ਦਿਓਣ ਦੀ ਅਗਵਾਈ ਵਿੱਚ ਇਕ ਵਫ਼ਦ ਐੱਸਐੱਸਪੀ ਨੂੰ ਮਿਲਣ ਲਈ ਇੱਥੇ ਪਹੁੰਚਿਆ। ਆਗੂ ਨੇ ਦੋਸ਼ ਲਾਇਆ ਕਿ ਜੀਪ ਚਾਲਕ ਨੂੰ ਨਾਜਾਇਜ਼ ਫਸਾਉਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਬੇਮਤਲਬ ਮੁੱਦਾ ਬਣਾਇਆ ਜਾ ਰਿਹਾ ਹੈ। ਸ੍ਰੀ ਦਿਓਣ ਅਨੁਸਾਰ ਜੀਪ ਉਸ ਦੇ ਭਾਣਜੇ ਦੀ ਸੀ। ਆਗੂ ਨੇ ਸਵਾਲ ਕੀਤਾ ਕਿ ਜਿਹੜੇ ਵਿਅਕਤੀ ਹਾਦਸੇ ਨੂੰ ਕਤਲ ਦੱਸ ਰਹੇ ਹਨ, ਉਹ ਜਵਾਬ ਦੇਣ ਕਿ ਜੀਪ ਵਾਲੇ ਦੀ ਮ੍ਰਿਤਕਾਂ ਨਾਲ ਕੀ ਦੁਸ਼ਮਣੀ ਸੀ? ਆਗੂ ਨੇ ਦੱਸਿਆ ਕਿ ਉਹ ਐੱਸਐੱਸਪੀ ਤੋਂ ਮੰਗ ਕਰਨਗੇ ਕਿ ਮਾਮਲੇ ਦੀ ਪੂਰੀ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇ।