For the best experience, open
https://m.punjabitribuneonline.com
on your mobile browser.
Advertisement

ਜਵਾਹਰ ਨਵੋਦਿਆ ਵਿਦਿਆਲਾ ਸਕੂਲ ਦਾ ਰਾਹ 15 ਸਾਲਾਂ ਬਾਅਦ ਵੀ ਕੱਚਾ

10:47 AM Apr 06, 2024 IST
ਜਵਾਹਰ ਨਵੋਦਿਆ ਵਿਦਿਆਲਾ ਸਕੂਲ ਦਾ ਰਾਹ 15 ਸਾਲਾਂ ਬਾਅਦ ਵੀ ਕੱਚਾ
ਜਵਾਹਰ ਨਵੋਦਿਆ ਵਿਦਿਆਲੇ ਨੂੰ ਜਾਂਦਾ ਕੱਚਾ ਰਸਤਾ।
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 5 ਅਪਰੈਲ
ਬਲਾਕ ਸ਼ਹਿਣਾ ਦੇ ਪਿੰਡ ਢਿੱਲਵਾਂ ਵਿੱਚ 25 ਏਕੜ ਜ਼ਮੀਨ ਵਿੱਚ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਲਈ ਪਿਛਲੇ 15 ਸਾਲਾਂ ਤੋਂ ਸੜਕ ਨਹੀਂ ਬਣੀ ਹੈ। ਇਹ ਸਕੂਲ 2009 ਵਿੱਚ ਬਣਿਆ ਸੀ। ਕੇਂਦਰ ਸਰਕਾਰ ਦੀ ਪੇਂਡੂ ਇਲਾਕੇ ਨਾਲ ਸਬੰਧਤ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਦੇ ਹਾਣ ਦੀ ਪੜ੍ਹਾਈ ਦੇਣ ਦਾ ਟੀਚਾ ਸੀ ਪਰ ਸਰਕਾਰਾਂ ਦੀਆਂ ਆਪਸੀ ਖਿੱਚੋਤਾਣਾਂ ਕਾਰਨ ਇਸ ਸਕੂਲ ਨੂੰ ਪੱਕਾ ਰਸਤਾ ਨਹੀਂ ਮਿਲ ਸਕਿਆ।
ਇਸ ਸਕੂਲ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਪੜ੍ਹਾਈ ਹੁੰਦੀ ਹੈ। ਇਹ ਸਕੂਲ ਪਿੰਡ ਢਿੱਲਵਾਂ ਦੇ ਬੱਸ ਅੱਡੇ ਤੋਂ ਕਰੀਬ ਢਾਈ-ਤਿੰਨ ਕਿਲੋਮੀਟਰ ਦੂਰ ਖੇਤਾਂ ਵਿੱਚ ਬਣਿਆ ਹੋਇਆ ਹੈ। ਸਕੂਲ ਵਿੱਚ 560 ਬੱਚੇ ਪੜ੍ਹਦੇ ਹਨ। ਸਾਰੇ ਬੱਚੇ ਸਕੂਲ ਹੋਸਟਲ ਵਿੱਚ ਹੀ ਰਹਿੰਦੇ ਹਨ।
ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ/ਵਾਰਸ ਅਕਸਰ ਹੀ ਸਕੂਲ ਵਿੱਚ ਬੱਚਿਆਂ ਨੂੰ ਮਿਲਣ ਜਾਂਦੇ ਹਨ। ਢਾਈ ਕਿਲੋਮੀਟਰ ਲੰਬੇ ਇਸ ਟੋਇਆਂ ਵਾਲੇ ਕੱਚੇ ਰਸਤੇ ਤੋਂ ਲੰਘਣਾ ਉਨ੍ਹਾਂ ਲਈ ਮੁਸੀਬਤ ਬਣ ਜਾਂਦੀ ਹੈ। ਮੀਂਹ ਆਦਿ ਦੇ ਸਮੇਂ ਤਾਂ ਇਹ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ।
ਪਿੰਡ ਦੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਭਿੰਦਾ ਸਿੰਘ ਢਿੱਲਵਾਂ ਨੇ ਇਸ ਸੜਕ ਦੇ ਨਾ ਬਣਨ ’ਤੇ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਕੂਲ ਬਣਾਉਣ ਲਈ ਪਿੰਡ ਵੱਲੋਂ ਦਿੱਤੇ 25 ਕਿੱਲੇ ਜ਼ਮੀਨ ਦੀ ਵੀ ਕਦਰ ਨਹੀਂ ਪਾਈ ਹੈ।
ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਮਾਰਕੀਟ ਕਮੇਟੀ ’ਚੋਂ ਸੜਕ ਪਵਾਈ ਸੀ ਪਰ ਸੜਕ ਵਿੱਚ ਵਿਚਾਲੇ ਹੀ ਰਹਿ ਗਈ।
ਜਦੋਂ ਮਨਜ਼ੂਰੀ ਆਵੇਗੀ ਸੜਕ ਬਣਾ ਦਿੱਤੀ ਜਾਵੇਗੀ: ਡੀਸੀ
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਸੜਕ ਬਣਾਉਣ ਸਬੰਧੀ ਕੇਸ ਨਾਬਾਰਡ ਨੂੰ ਭੇਜਿਆ ਗਿਆ ਹੈ ਜਦੋਂ ਮਨਜ਼ੂਰੀ ਆਵੇਗੀ ਸੜਕ ਬਣ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×