ਪਿੰਡ ਬੇਹੜਾ ਨੂੰ ਜਾਂਦੀ ਸੜਕ ਟੋਇਆਂ ਵਿੱਚ ਗੁਆਚੀ
ਹਰਜੀਤ ਸਿੰਘ
ਡੇਰਾਬੱਸੀ, 23 ਜੁਲਾਈ
ਇਲਾਕੇ ਦੀਆਂ ਸੜਕਾਂ ਦੀਆਂ ਹਾਲਤ ਪਹਿਲਾਂ ਹੀ ਤਰਸਯੋਗ ਬਣੀ ਹੋਈ ਸੀ ਪਰ ਮੀਂਹਾਂ ਨੇ ਇਨ੍ਹਾਂ ਨੂੰ ਬਦ ਤੋਂ ਬਦਤਰ ਕਰ ਦਿੱਤਾ ਹੈ। ਟੁੱਟੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਭਰਨ ਕਰ ਕੇ ਸੜਕਾਂ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਸੜਕਾਂ ਦੀ ਤਰਸਯੋਗ ਹਾਲਤ ਕਰ ਕੇ ਇੱਥੋਂ ਲੰਘਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵੇਲੇ ਇਲਾਕੇ ਦੀਆਂ ਕਈ ਸੜਕਾਂ ਜਿਨ੍ਹਾਂ ਵਿੱਚ ਪਿੰਡ ਬੇਹੜਾ ਨੂੰ ਜਾਣ ਵਾਲੀ ਸੜਕ, ਪੰਜ ਗਰਾਮੀ ਨੂੰ ਜਾਣ ਵਾਲੀ ਸੜਕ, ਡੇਰਾਬੱਸੀ ਤੋਂ ਪਿੰਡ ਮਹੀਂਵਾਲਾ ਅਤੇ ਪਿੰਡ ਜਿਊਲੀ ਨੂੰ ਜਾਣ ਵਾਲੀ ਸੜਕ ਤੋਂ ਇਲਾਵਾ ਇਲਾਕੇ ਦੇ ਹੋਰ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਮਾੜੀ ਬਣੀ ਹੋਈ ਹੈ। ਡੇਰਾਬੱਸੀ ਤੋਂ ਬੇਹੜਾ ਅਤੇ ਥਾਪਰ ਕਾਲਜ ਨੂੰ ਜਾਂਦੀ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਅਤੇ ਸੜਕ ਟੋਇਆਂ ਵਿੱਚ ਗੁਆਚ ਗਈ ਹੈ।
ਮੀਂਹ ਕਰ ਕੇ ਭਾਵੇਂ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਪਰ ਟੁੱਟੀਆਂ ਸੜਕਾਂ ਰਾਹਗੀਰਾਂ ਲਈ ਮੁਸੀਬਤ ਬਣ ਜਾਂਦੀਆਂ ਹਨ। ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰਨ ਕਰ ਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁੱਟੀਆਂ ਸੜਕਾਂ ਤੋਂ ਪਾਣੀ ਨਿਕਲਣ ਤੋਂ ਬਾਅਦ ਚਿੱਕੜ ਬਣ ਜਾਂਦਾ ਹੈ। ਇਸ ਸੜਕ ’ਤੇ ਮਿੱਟੀ ਦੇ ਕੰਮ ਵਿੱਚ ਲੱਗੇ ਟਿੱਪਰ ਲੰਘਦੇ ਹਨ ਜਿਨ੍ਹਾਂ ਕਾਰਨ ਸੜਕ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਓਵਰਲੋਡ ਟਿੱਪਰਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲ਼ਾ ਵੱਟ ਰਿਹਾ ਹੈ। ਇਸ ਸੜਕ ’ਤੇ ਪਿਆ ਛੋਟਾ ਟੋਆ ਵੀ ਇਨ੍ਹਾਂ ਭਾਰੇ ਵਾਹਨਾਂ ਕਾਰਨ ਵੱਡਾ ਬਣ ਜਾਂਦਾ ਹੈ। ਇੱਥੇ ਪਾਣੀ ਭਰਨ ਕਰ ਕੇ ਹਾਲਤ ਹੋਰ ਮਾੜੀ ਹੋ ਜਾਂਦੀ ਹੈ ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇ ਕੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।