ਚੰਡੀਗੜ੍ਹ ਤੋਂ ਪੰਚਕੂਲਾ ਜਾਣ ਵਾਲਾ ਰਾਹ ਖੁੱਲ੍ਹਿਆ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਚੰਡੀਗੜ੍ਹ ਤੋਂ ਪੰਚਕੂਲਾ ਜਾਉਣ ਲਈ ਇਕ ਰਾਹ ਹੋਰ ਖੁੱਲ੍ਹ ਗਿਆ ਹੈ। ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੀ ਟੀਮ ਨੇ ਮੌਲੀ ਜੱਗਰਾਂ ਅੰਡਰਬ੍ਰਿਜ ’ਚ ਪਾਣੀ ਭਰਨ ਕਰਕੇ ਬੰਦ ਪਏ ਰਾਹ ਨੂੰ ਖਾਲ੍ਹੀ ਕਰਕੇ ਖੋਲ੍ਹ ਦਿੱਤਾ ਹੈ। ਇਸ ਤਰ੍ਹਾਂ ਚੰਡੀਗੜ੍ਹ ਤੋਂ ਪੰਚਕੂਲਾ, ਬਲਟਾਨਾ ਵੱਲ ਜਾਣ ਵਾਲੇ ਲੋਕਾਂ ਨੂੰ ਮੱਧ ਮਾਰਗ ’ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੇਗੀ। ਇਹ ਰਾਹ ਵੀਰਵਾਰ ਦੁਪਹਿਰ ਸਮੇਂ ਖੋਲ੍ਹਿਆ ਗਿਆ ਹੈ। ਗੌਰਤਲਬ ਹੈ ਕਿ ਚੰਡੀਗੜ੍ਹ ’ਚ ਭਾਰੀ ਮੀਂਹ ਪੈਣ ਕਰਕੇ ਮੌਲੀ ਜੱਗਰਾਂ ਅੰਡਰ ਬ੍ਰਿਜ ’ਚ ਪਾਣੀ ਭਰ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਕਾਫੀ ਮੁਸ਼ਕਤ ਤੋਂ ਬਾਅਦ ਖਾਲ੍ਹੀ ਕੀਤਾ ਗਿਆ। ਇਸੇ ਦੌਰਾਨ ਪ੍ਰਸ਼ਾਸਨ ਪੁਲ ਤੇ ਸੜਕਾਂ ਲਗਾਤਾਰ ਠੀਕ ਕਰਨ ਲਈ ਜੁੱਟਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਬਾਪੂ ਧਾਮ ਤੋਂ ਮਨੀਮਾਜਰਾ ਵੱਲ ਜਾਣ ਵਾਲੇ ਪੁਲ ’ਤੇ ਪਾਈਲਾਈਨ ਨੂੰ ਠੀਕ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੁਲ ਦੇ ਦੋਵੇਂ ਪਾਸੇ ਰੇਲਿੰਗ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਕਿਸ਼ਨਗੜ੍ਹ ਨੂੰ ਜਾਣ ਵਾਲੇ ਪੁਲ ਅਤੇ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ ਟੁੱਟੀ ਸੜਕ ਨੂੰ ਠੀਕ ਕਰਨ ਦਾ ਕੰਮ ਜਾਰੀ ਹੈ।
ਸ਼ਹਿਰ ’ਚ ਪਾਣੀ ਦੀ ਸਪਲਾਈ ਦਰੁਸਤ ਹੋਣ ਲੱਗੀ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਨਿਗਮ ਵੱਲੋਂ ਜ਼ਿਆਦਾਤਰ ਇਲਾਕਿਆਂ ਤੱਕ ਪਾਣੀ ਦੀ ਪਹੁੰਚ ਕਰਵਾ ਦਿੱਤੀ ਹੈ। ਜਦੋਂ ਕਿ ਮਨੀਮਾਜਰਾ ਵਾਲੇ ਪਾਸੇ ਪਾਣੀ ਦੀ ਪਾਈਪ ਲਾਈਨ ਟੁੱਟੇ ਹੋਣ ਕਰਕੇ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋ ਸਕੀ ਹੈ। ਨਗਰ ਨਿਗਮ ਨਿਗਮ ਵੱਲੋਂ ਮਨੀਮਾਜਰਾ ’ਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।