ਘੱਗਰ ਵਿੱਚ ਵਧ ਰਹੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ
ਜਗਤਾਰ ਸਮਾਲਸਰ
ਏਲਨਾਬਾਦ, 19 ਜੁਲਾਈ
ਘੱਗਰ ਵਿੱਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ਇਸ ਦੁਆਲੇ ਵੱਸੇ ਏਲਨਾਬਾਦ ਇਲਾਕੇ ਦੇ ਡੇਢ ਦਰਜਨ ਪਿੰਡਾਂ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਹੈ। ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕ ਦਨਿ-ਰਾਤ ਘੱਗਰ ਦੇ ਬੰਨ੍ਹਾਂ ’ਤੇ ਪਹਿਰਾ ਦੇ ਕੇ ਪਾਣੀ ਦੇ ਪੱਧਰ ’ਤੇ ਨਿਗ੍ਹਾ ਰੱਖ ਰਹੇ ਹਨ। ਇਲਾਕੇ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਘੱਗਰ ਦੀ ਨਿਗਰਾਨੀ ਕਰ ਰਹੇ ਲੋਕਾਂ ਨੂੰ ਹਰ ਤਰ੍ਹਾਂ ਦਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਵਿੱਚ ਜੁੱਟੀਆਂ ਹੋਈਆਂ ਹਨ। ਪਿਛਲੇ ਦੋ ਦਨਿਾਂ ਤੋਂ ਏਲਨਾਬਾਦ ਇਲਾਕੇ ਵਿੱਚ ਤਿੰਨ-ਚਾਰ ਥਾਵਾਂ ਤੋਂ ਘੱਗਰ ਵਿੱਚ ਲੀਕੇਜ ਹੋ ਚੁੱਕੀ ਹੈ ਪਰ ਲੋਕਾਂ ਦੀ ਪੂਰੀ ਚੌਕਸੀ ਨੇ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲਿਆ ਹੈ।
ਪਿੰਡ ਤਲਵਾੜਾ ਖੁਰਦ ਨੇੜੇ ਘੱਗਰ ਨਦੀ ਵਿੱਚ ਲੱਗੇ ਆਰਜ਼ੀ ਮੋਘਿਆਂ ਕੋਲੋਂ ਲੀਕੇਜ ਹੋ ਚੁੱਕੀ ਹੈ, ਜਿਸ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਹੀ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਵਿੱਚ ਪਹਿਲਾਂ ਤੋਂ ਭਰੀ ਮਿੱਟੀ ਪਾ ਕੇ ਬੰਦ ਕਰ ਦਿੱਤਾ ਅਤੇ ਬੰਨ੍ਹ ਟੁੱਟਣ ਤੋਂ ਬਚਾਅ ਲਿਆ। ਤਲਵਾੜਾ ਖੁਰਦ ਦੇ ਨੰਬਰਦਾਰ ਨਰੇਸ਼ ਤਨੇਜਾ, ਬਲਦੇਵ ਭੂਸ਼ਨ ਨੰਬਰਦਾਰ ਅਤੇ ਸਰਪੰਚ ਨੁਮਾਇੰਦੇ ਭੀਮ ਸਾਈਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਾਲ ਲੱਗਦੇ ਬੰਨ੍ਹ ਭਾਵੇਂ ਕਿ ਮਜ਼ਬੂਤ ਹਨ ਪਰ ਫਿਰ ਵੀ ਕਈ ਥਾਵਾਂ ਤੋਂ ਲੀਕੇਜ ਹੋ ਚੁੱਕੀ ਹੈ। ਲੋਕਾਂ ਦੇ ਸਹਿਯੋਗ ਨਾਲ 10-15 ਟਰਾਲੀਆਂ ਮਿੱਟੀ ਦੀਆਂ ਭਰ ਕੇ ਪਹਿਲਾਂ ਹੀ ਬੰਨ੍ਹ ’ਤੇ ਖੜੀਆਂ ਕੀਤੀਆਂ ਹੋਈਆਂ ਹਨ ਅਤੇ ਮਿੱਟੀ ਦੀਆਂ ਬੋਰੀਆਂ ਵੀ ਭਰ ਕੇ ਰੱਖੀਆਂ ਹੋਈਆਂ ਹਨ। ਜਿਵੇਂ ਹੀ ਕਿਸੇ ਥਾਂ ’ਤੇ ਮਾਮੂਲੀ ਜਿਹੀ ਸ਼ਿਕਾਇਤ ਨਜ਼ਰ ਆਉਂਦੀ ਹੈ ਤਾਂ ਉਸ ’ਤੇ ਤੁਰੰਤ ਕਾਬੂ ਪਾ ਲਿਆ ਜਾਂਦਾ ਹੈ।
ਸਿਰਸਾ (ਪ੍ਰਭੂ ਦਿਆਲ): ਇੱਕ ਪਾਸੇ ਜਿੱਥੇ ਘੱਗਰ ਦਾ ਕਹਿਰ ਹਾਲੇ ਜਾਰੀ ਹੈ ਉੱਥੇ ਹੀ ਹੁਣ ਰੰਗੋਈ ਨਾਲਾ ਓਵਰਫਲੋਅ ਹੋ ਕੇ ਪਿੰਡ ਸਿਕੰਦਰਪੁਰ ਨੇੜਿਓਂ ਟੁੱਟ ਗਿਆ ਪਰ ਕਈ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਕ ਵਾਰ ਪਾੜ ਨੂੰ ਪੂਰ ਦਿੱਤਾ ਹੈ। ਟੁੱਟੇ ਬੰਨ੍ਹ ਦਾ ਪਾਣੀ ਕੌਮੀ ਮਾਰਗ ਤੇ ਸਿਰਸਾ ਮੇਜਰ ਨਹਿਰ ਦੇ ਨਾਲ ਲੱਗ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇਕਰ ਵੇਲੇ ਸਿਰ ਜੇਸੀਬੀ ਮਸ਼ੀਨਾਂ ਤੇ ਮਿੱਟੀ ਦੀਆਂ ਟਰਾਲੀਆਂ ਨਾ ਭੇਜੀਆਂ ਗਈਆਂ ਤਾਂ ਬੰਨ੍ਹ ਦੇ ਮੁੜ ਟੁੱਟਣ ਦਾ ਖ਼ਦਸ਼ਾ ਹੈ। ਉੱਧਰ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਦਨਿ-ਰਾਤ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਮਗਰੋਂ ਪਾਣੀ ਹੋਰ ਆਉਣ ਕਾਰਨ ਹਾਲੇ ਤੱਕ ਖਤਰਾ ਟਲਿਆ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੰਗੋਈ ਨਾਲੇ ’ਚ ਅੱਜ ਸਵੇਰੇ ਪਿੰਡ ਸਿਕੰਦਰਪੁਰ ਨੇੜੇ ਕੌਮੀ ਮਾਰਗ ਨੰਬਰ-9 ਕੋਲ ਬੰਨ੍ਹ ਵਿੱਚ ਪਾੜ ਪੈ ਗਿਆ ਪਰ ਕਈ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪਾੜ ਨੂੰ ਜਲਦੀ ਹੀ ਪੂਰ ਦਿੱਤਾ, ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬੱਚ ਗਿਆ। ਬੰਨ੍ਹ ਪੂਰ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਨਿਾਂ ਤੋਂ ਰੰਗੋਈ ਨਾਲੇ ਵਿੱਚ ਉਸ ਦੀ ਸਮਰੱਥਾ ਤੋਂ ਜ਼ਿਆਦਾ ਪਾਣੀ ਚੱਲ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਰੰਗੋਈ ਨਾਲੇ ਦੀ ਸਾਫ ਸਫਾਈ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਵਿੱਚ 22 ਤੱਕ ਛੁੱਟੀਆਂ ਦੇ ਹੁਕਮ ਜਾਰੀ
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪਹਾੜੀ ਇਲਾਕਿਆਂ ਅਤੇ ਪੰਜਾਬ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਦਰਿਆਵਾਂ, ਨਦੀਆਂ, ਡੈਮਾਂ ਤੇ ਘੱਗਰ ਆਦਿ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਦੇ ਨਜ਼ਦੀਕ ਚਾਂਦਪੁਰਾ ਵਿੱਚ ਘੱਗਰ ਵਿਚ ਪਾੜ ਪੈ ਜਾਣ ਕਾਰਨ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਕੁੱਝ ਪਿੰਡਾਂ ਤੇ ਸ਼ਹਿਰਾਂ ਵਿੱਚ ਹੜ੍ਹ ਆ ਚੁੱਕੇ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਅਤੇ ਸਰਦੂਲਗੜ੍ਹ ਦੀ ਰਿਪੋਰਟ ਅਨੁਸਾਰ ਬੁਢਲਾਡਾ ਦੇ ਪਿੰਡਾਂ ਗੋਰਖਨਾਥ, ਚੱਕ ਅਲੀਸ਼ੇਰ ਕਲਾਂ, ਬੀਰੇਵਾਲਾ ਡੋਗਰਾ, ਭਾਵਾ, ਕੁਲਰੀਆਂ, ਰਿਉਂਦ ਕਲਾਂ, ਰਿਉਂਦ ਖੁਰਦ, ਆਦਰਸ਼ ਸੈਕੰਡਰੀ ਸਕੂਲ ਬੋਹਾ ਅਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ, ਬਰਨ, ਸਾਧੂਵਾਲਾ, ਫੂਸ ਮੰਡੀ, ਕਰੀਪੁਰ ਡੂੰਮ ਅਤੇ ਸਰਦੂਲਗੜ੍ਹ ਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 20 ਜੁਲਾਈ ਤੋਂ 22 ਜੁਲਾਈ 2023 ਤੱਕ ਛੁੱਟੀ ਐਲਾਨੀ ਜਾਂਦੀ ਹੈ।
ਰਿਉਂਦ ਕਲਾਂ ਨੂੰ ਬਚਾਉਣ ਲਈ ਗੁਆਂਢੀ ਪਿੰਡਾਂ ਨੇ ਸੂਆ ਤੋੜ ਕੇ ਪਾਣੀ ਦਾ ਮੁਹਾਣ ਆਪਣੇ ਵੱਲ ਮੋੜਿਆ
ਬੋਹਾ (ਪੱਤਰ ਪ੍ਰੇਰਕ): ਇਕ ਪਾਸੇ ਜਿੱਥੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਪਿੰਡਾਂ ਵਿੱਚ ਆਪਸੀ ਲੜਾਈਆਂ ਹੋਣ ਤੇ ਗੋਲੀਆਂ ਚੱਲਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਉੱਥੇ ਖੇਤਰ ਦੇ ਪਿੰਡ ਰਿਉਂਦ ਕਲਾਂ ਵਿੱਚ ਹੜ੍ਹਾਂ ਦਾ ਪਾਣੀ ਦਾਖਲ ਹੋਣ ਤੋਂ ਰੋਕਣ ਲਈ ਗੁਆਂਢੀ ਪਿੰਡ ਦਨਿ-ਰਾਤ ਮਿਹਨਤ ਕਰ ਰਹੇ ਹਨ। ਪਿੰਡ ਮਘਾਣੀਆਂ ਤੇ ਗੰਢੂ ਖੁਰਦ ਦੇ ਲੋਕਾਂ ਨੇ ਪੰਜਾਬੀਆਂ ਵਾਲਾ ਜਿਗਰਾ ਦਿਖਾਉਂਦਿਆਂ ਰਿਉਂਦ ਕਲਾਂ ਦੇ ਸੂਏ ਨੂੰ ਤੋੜ ਕੇ ਪਾਣੀ ਦਾ ਮੁਹਾਣ ਆਪਣੇ ਵੱਲ ਮੋੜ ਲਿਆ ਹੈ ਤਾਂ ਜੋ ਹੋਣ ਵਾਲੇ ਨੁਕਸਾਨ ਵਿੱਚੋਂ ਹਿੱਸਾ ਵੰਡਾ ਕੇ ਗੁਆਂਢੀ ਪਿੰਡ ਨੂੰ ਰਾਹਤ ਦਿੱਤੀ ਜਾ ਸਕੇ। ਸਮਾਜ ਸੇਵੀ ਏ.ਕੇ. ਮਘਾਣੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਪਿੰਡਾਂ ਦੇ ਲੋਕਾਂ ਨੇ ਸੂਆ ਪੁੱਟਣ ਦਾ ਕੰਮ ਆਪਸੀ ਸਹਿਮਤੀ ਨਾਲ ਕੀਤਾ ਹੈ।
ਮੋਹਲੇਧਾਰ ਮੀਂਹ ਨੇ ਡੱਬਵਾਲੀ ਵਿੱਚ ਪੁਰਾਣੇ ਰਿਕਾਰਡ ਤੋੜੇ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇੱਥੇ ਅੱਜ ਪਏ ਮੋਹਲੇਧਾਰ ਮੀਂਹ ਨੇ ਡੱਬਵਾਲੀ ਵਿੱਚ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਘੰਟਿਆਂਬੱਧੀ ਪਏ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ। ਮੀਂਹ ਦੇ ਪਾਣੀ ਨੇ ਸ਼ਹਿਰ ਦੇ ਨੀਵੇਂ ਇਲਾਕਿਆਂ ਦੇ ਨਾਲ-ਨਾਲ ਉੱਚੇ ਇਲਾਕਿਆਂ ਤੱਕ ਵੱਡੀ ਮਾਰ ਕੀਤੀ। ਸ਼ਹਿਰ ਦੇ ਹਰੇਕ ਮੁਹੱਲੇ ਵਿੱਚ ਛੇ ਇੰਚ ਤੋਂ ਡੇਢ ਫੁੱਟ ਤੱਕ ਪਾਣੀ ਭਰਿਆ ਹੋਇਆ ਸੀ। ਬਹੁਤੇ ਘਰਾਂ ਵਿੱਚ ਪਾਣੀ ਵੜਨ ਕਰ ਕੇ ਪਰਿਵਾਰਾਂ ਦਾ ਘਰੇਲੂ ਸਾਮਾਨ ਬਰਬਾਦ ਹੋ ਗਿਆ। ਗੋਲ ਚੌਕ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ’ਤੇ ਵੱੱਡੀ ਗਿਣਤੀ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਬਰਸਾਤ ਦੇ ਪਾਣੀ ਵਿੱਚ ਘਿਰੇ ਦਿਖਾਈ ਦਿੱਤੇ। ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਜ ਸ਼ਹਿਰ ਵਿੱਚ ਲਗਪਗ 98 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਹਾਲਾਂਕਿ, ਸ਼ੇਰਗੜ੍ਹ ਰੋਡ ’ਤੇ ਤਹਿਸੀਲ ਕੰਪਲੈਕਸ ਖੇਤਰ ਵਿੱਚ ਮੀਂਹ ਘੱਟ ਪਿਆ। ਉੱਥੇ 42 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਵੀ ਖੁੱਲ੍ਹਦੀ ਨਜ਼ਰ ਆਈ।