ਗਾਇਕੀ ਦਾ ਉੱਭਰਦਾ ‘ਮਾਣਕ’ ਹਸਨ
ਸਰੂਪ ਸਿੰਘ
ਹਸਨ ਮਾਣਕ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਨਵਾਂ ਨਾਂ ਹੋਣ ਦੇ ਬਾਵਜੂਦ ਪੁਰਾਤਨ ਗਾਇਕੀ ਦੇ ਖੇਤਰ ਵਿੱਚ ਚਮਕ ਰਿਹਾ ਹੈ। ਮਾਣਕ ਪਰਿਵਾਰ ਵਿੱਚ ਪੈਦਾ ਹੋਣ ਵਾਲਾ ਹਸਨ ਆਪਣੇ ਨਾਨਾ ਜੀ ਕੁਲਦੀਪ ਮਾਣਕ ਦੀ ਵਿਰਾਸਤ ਨੂੰ ਸੰਭਾਲ ਰਿਹਾ ਹੈ। ਕੁਲਦੀਪ ਮਾਣਕ ਦੇ ਪਦ ਚਿੰਨ੍ਹਾਂ ’ਤੇ ਚੱਲਦਾ ਹੋਇਆ ਹਸਨ ਆਪਣੇ ਗੀਤਾਂ ਤੇ ਅਖਾੜਿਆਂ ਵਿੱਚ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰਕੇ ਸਰੋਤਿਆਂ ਕੋਲੋਂ ਵਾਹ ਵਾਹ ਖੱਟ ਰਿਹਾ ਹੈ।
ਉਸ ਦਾ ਜਨਮ 14 ਜੂਨ 1993 ਨੂੰ ਜ਼ਿਲ੍ਹਾ ਮੋਗੇ ਦੇ ਪਿੰਡ ਸੈਦੋਕੇ ਵਿੱਚ ਹੋਇਆ। ਵਿਰਸਾਤ ਵਿੱਚ ਮਿਲੀ ਗਾਇਕੀ ਨੂੰ ਅੱਗੇ ਤੋਰਦਿਆਂ ਉਸ ਨੇ ਸਕੂਲਾਂ ਤੇ ਬਾਹਰਲੀਆਂ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਪਹਿਲੀ ਵਾਰ ਉਸ ਨੇ ਬੱਧਨੀ ਕਲਾਂ ਵਿਖੇ ਇੱਕ ਸੇਵਾਮੁਕਤੀ ਦੀ ਪਾਰਟੀ ਵਿੱਚ ਗਾਇਆ। ਗ਼ਰੀਬੀ ਦੇ ਕਾਰਨ ਘਰੇਲੂ ਮੁਸ਼ਕਿਲਾਂ ਵਿੱਚ ਘਿਰਿਆ ਹਸਨ ਮਾਣਕ ਬਾਰ੍ਹਵੀਂ ਦੀ ਪੜ੍ਹਾਈ ਕਰਦਿਆਂ ਕੁਝ ਸਮਾਂ ਜ਼ਰੂਰ ਸਟੇਜਾਂ ਤੋਂ ਪਰ੍ਹੇ ਰਿਹਾ ਪਰ ਉਸ ਨੇ ਆਪਣਾ ਰਿਆਜ਼ ਕਰਨਾ ਨਾ ਛੱਡਿਆ। ਇਸ ਦੀ ਬਦੌਲਤ ਉਸ ਨੇ ਅੱਜ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਿਤ ਕੀਤਾ ਹੈ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਇਸ ਨੌਜਵਾਨ ਵਿੱਚੋਂ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਝਲਕ ਪੈਂਦੀ ਹੈ। ਇਹ ਉਸ ਦੀ ਦਿੱਖ ਪੱਖੋਂ ਵੀ ਹੈ ਅਤੇ ਉਸ ਦੀ ਗਾਉਣ ਦੀ ਸ਼ੈਲੀ ਵਿੱਚੋਂ ਵੀ ਨਜ਼ਰ ਆਉਂਦੀ ਹੈ। ਉਹ ਜਦੋਂ ਗਾਉਂਦਾ ਹੈ ਤਾਂ ਦੇਖਣ/ਸੁਣਨ ਵਾਲੇ ਉਸ ਦੀ ਪੇਸ਼ਕਾਰੀ ਤੇ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ।
ਘੱਟ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਹਸਨ ਨੇ ਭਾਵੇਂ ਕੈਸੇਟਾਂ ਤੇ ਸੀਡੀ’ਜ਼ ਰਾਹੀਂ ਆਪਣੀ ਗਾਇਕੀ ਨੂੰ ਘੱਟ ਹੀ ਪੇਸ਼ ਕੀਤਾ ਹੈ ਪਰ ਉਸ ਨੇ ਆਪਣੇ ਅਖਾੜਿਆਂ ਰਾਹੀਂ ਜਿੰਨਾ ਮਾਣ ਕਮਾਇਆ ਹੈ, ਉਹ ਉਸ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ। ਉਹ ਆਪਣੇ ਪਰਿਵਾਰਕ ਤੇ ਸੱਭਿਆਚਾਰਕ ਗੀਤਾਂ ਨਾਲ ਪੰਜਾਬੀ ਗਾਇਕੀ ਦਾ ਵਿਹੜਾ ਮਹਿਕਾ ਰਿਹਾ ਹੈ ਜਿਸ ਤੋਂ ਭਵਿੱਖ ਵਿੱਚ ਬਹੁਤ ਉਮੀਦਾਂ ਹਨ।
ਸੰਪਰਕ: 99886-27880