ਲਾਲ ਕਾਰਡ ਬਣਵਾਉਣ ਲਈ ਠੋਕਰਾਂ ਖਾ ਰਿਹੈ ਦੰਗਾ ਪੀੜਤ
ਗੁਰਬਖਸ਼ਪੁਰੀ
ਤਰਨ ਤਾਰਨ, 20 ਨਵੰਬਰ
ਪੱਟੀ ਵਾਸੀ ਸਾਧੂ ਸਿੰਘ (74) ਬੀਤੇ 15 ਸਾਲਾਂ ਤੋਂ ਇੱਥੋਂ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅਨੇਕਾਂ ਚੱਕਰ ਮਾਰ ਕੇ ਵੀ ਦਿੱਲੀ ਦੰਗਿਆਂ ਤੋਂ ਪੀੜਤ ਵਿਅਕਤੀਆਂ ਨੂੰ ਦਿੱਤਾ ਜਾਣ ਵਾਲਾ ‘ਲਾਲ ਕਾਰਡ’ ਨਹੀਂ ਬਣਵਾ ਸਕਿਆ। ਪੰਜਾਬ ਸਰਕਾਰ ਨੇ ਦਿੱਲੀ ਦੰਗਿਆਂ ਦੇ ਪੀੜਤ ਪਰਿਵਾਰਾਂ ਨੂੰ ਲਾਲ ਕਾਰਡ ਬਣਾ ਦੇ ਦੇਣ ਲਈ 2007 ਵਿੱਚ ਹੁਕਮ ਜਾਰੀ ਕੀਤੇ ਸਨ।
ਸਾਧੂ ਸਿੰਘ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ਦੇ ਕਸਬਾ ਸੋਹਣਾ ਦੇ ਗੁਰਦੁਆਰਾ ਕਲਗੀਧਰ ਦਾ ਗ੍ਰੰਥੀ ਸੀ। ਗੁਰਦੁਆਰੇ ਨੂੰ ਦੰਗਈਆਂ ਨੇ ਅੱਗ ਲਗਾ ਦਿੱਤੀ ਸੀ ਅਤੇ ਉਹ ਉੱਥੋਂ ਉੱਜੜ ਕੇ ਪਰਿਵਾਰ ਸਣੇ ਪੱਟੀ ਦੇ ਨੇੜਲੇ ਪਿੰਡ ਚੀਮਾ ਆ ਗਿਆ ਸੀ ਜਿੱਥੇ ਉਹ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਸੇਵਾ ਕਰਨ ਲੱਗ ਪਿਆ। ਸਾਧੂ ਸਿੰਘ ਨੇ ਦੱਸਿਆ ਕਿ ਉਸ ਨੂੰ ਅੱਜ ਤੱਕ ਸਰਕਾਰ ਵਲੋਂ ਮਿਲਣ ਵਾਲੀ ਕੋਈ ਸਹੂਲਤ ਜਾਂ ਫਿਰ ਮੁਆਵਜ਼ਾ ਤਾਂ ਕੀ ਮਿਲਣਾ ਉਸ ਨੂੰ ਸਹੂਲਤਾਂ ਲੈਣ ਦੇ ਯੋਗ ਬਣਨ ਲਈ ਅਧਿਕਾਰੀ ਲਾਲ ਕਾਰਡ ਤੱਕ ਵੀ ਬਣਾ ਕੇ ਨਹੀਂ ਦੇ ਰਹੇ। ਉਸ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਨੇਕਾਂ ਚੱਕਰ ਮਾਰ ਚੁੱਕਾ ਹੈ ਪਰ ਦਫ਼ਤਰੀ ਅਮਲਾ ਉਸ ਦੀ ਵਾਜਬ ਮੁਸ਼ਕਲ ਸੁਣਨ ਲਈ ਤਿਆਰ ਨਹੀਂ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਨਾਲ ਸੰਪਰਕ ਨਹੀਂ ਹੋ ਸਕਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਬੀਰ ਸਿੰਘ ਬਰਾੜ ਨੇ ਉਨ੍ਹਾਂ ਨੂੰ ਇਸ ਸਬੰਧੀ ਵਟਸਐਪ ’ਤੇ ਮੈਸੇਜ ਭੇਜਣ ਲਈ ਕਿਹਾ ਪਰ ਉਨ੍ਹਾਂ ਮੈਸੇਜ ਦਾ ਜਵਾਬ ਨਹੀਂ ਦਿੱਤਾ।
ਸਾਧੂ ਸਿੰਘ ਨੇ ਮੁੱਖ ਮੰਤਰੀ ਤੋਂ ਨਿਆਂ ਦੀ ਮੰਗ ਕੀਤੀ ਹੈ| ਉਸ ਨੇ ਕਿਹਾ ਕਿ ਉਹ 2007 ’ਚ ਤਰਨ ਤਾਰਨ ਦੇ ਤਤਕਾਲੀ ਡਿਪਟੀ ਕਮਿਸ਼ਨਰ ਖੁਸ਼ੀ ਰਾਮ ਨੂੰ ਕਈ ਵਾਰ ਮਿਲਿਆ ਸੀ ਅਤੇ ਹੁਣ ਵੀ ਅਧਿਕਾਰੀਆਂ ਦੇ ਤਰਲੇ-ਮਿੰਨਤਾਂ ਕਰਦਾ ਆ ਰਿਹਾ ਹੈ ਪਰ ਉਸ ਦੀ ਫਾਇਲ ਦੀ ਸਬੰਧਿਤ ਦਫਤਰ ਵਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ|