ਸ਼ਹਿਰੀ ਕੂੜ ਕਬਾੜ ਦਾ ਸਹੀ ਹੱਲ
ਟੀ.ਕੇ. ਅਰੁਣ*
ਭਾਰਤ ਵਿਚ ਜਿਉਂ ਜਿਉਂ ਸ਼ਹਿਰੀਕਰਨ ਵਧ ਰਿਹਾ ਹੈ ਤਿਉਂ ਤਿਉਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਪੈਦਾ ਹੋਣ ਵਾਲਾ ਸ਼ਹਿਰੀ ਠੋਸ ਕੂੜਾ ਕਰਕਟ (ਐੱਮਐੱਸਡਬਲਯੂ) ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਭਾਰਤ ਵਿਚ ਇਸ ਵੇਲੇ ਪ੍ਰਤੀ ਵਿਅਕਤੀ 0.3 ਕਿਲੋਗ੍ਰਾਮ ਕੂੜਾ ਕਰਕਟ ਪੈਦਾ ਹੋ ਰਿਹਾ ਹੈ। ਇਹ ਅੰਕੜਾ ਵਿਕਸਤ ਦੇਸ਼ਾਂ ਅੰਦਰ ਪੈਦਾ ਹੋਣ ਵਾਲੇ ਕੂੜੇ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਪ੍ਰਚੱਲਤ ਸੂਝ ਇਹੀ ਕਹਿੰਦੀ ਹੈ ਕਿ ਇਸ ਕੂੜੇ ਤੋਂ ਊਰਜਾ ਪੈਦਾ ਕੀਤੀ ਜਾਵੇ, ਪਰ ਪੱਛਮੀ ਦੇਸ਼ਾਂ ਦੇ ਤਜਰਬੇ ਦੇ ਆਧਾਰ ’ਤੇ ਅਪਣਾਏ ਜਾਣ ਵਾਲੇ ਤਥਾਕਥਤਿ ਕੂੜੇ ਕਰਕਟ ਤੋਂ ਊਰਜਾ ਦਾ ਰਾਹ ਕਈ ਲਿਹਾਜ਼ ਤੋਂ ਲਾਹੇਵੰਦ ਨਹੀਂ ਹੈ। ਭਾਰਤ ਨੂੰ ਕੋਈ ਵਧੇਰੇ ਵਿਆਪਕ ਰਾਹ ਅਪਣਾਉਣਾ ਚਾਹੀਦਾ ਹੈ ਜਿਸ ’ਤੇ ਕੂੜੇ ਕਰਕਟ ਦੀ ਸੁਚੱਜੇ ਢੰਗ ਨਾਲ ਪੁਣ ਛਾਣ ਤੇ ਛਾਂਟੀ, ਰੀਸਾਈਕਲਿੰਗ, ਜੈਵਿਕ ਮਾਦੇ ਦੀ ਭਰਵੀਂ ਵਰਤੋਂ ਅਤੇ ਰਹਿੰਦ ਖੂੰਹਦ ਦੇ ਨਿਟਪਾਰੇ ਲਈ ਉੱਚ ਤਾਪਮਾਨ ਦੀ ਵਿਵਸਥਾ ਹੋਵੇ।
ਸੁੱਘੜ ਭਾਰਤੀ ਲੋਕ ਮੁੱਢਲੇ ਰੂਪ ਵਿਚ ਹੀ ਆਪਣੇ ਘਰ ਦਾ ਕੂੜਾ ਕਰਕਟ ਛਾਂਟੀ ਅਤੇ ਰੀਸਾਈਕਲ ਕਰਦੇ ਹਨ। ਪੁਰਾਣੇ ਅਖ਼ਬਾਰ, ਹੋਰ ਕਾਗਜ਼ਾਤ, ਪੈਕੇਜਿੰਗ ਸਮੱਗਰੀ ਜਿਵੇਂ ਡੱਬੇ, ਬੀਅਰ ਬੋਤਲਾਂ ਅਤੇ ਧਾਤਾਂ ਦੇ ਸਾਜ਼ੋ ਸਾਮਾਨ ਦੀ ਆਮ ਤੌਰ ’ਤੇ ਘਰਾਂ ਵਿਚ ਹੀ ਛਾਂਟੀ ਕਰ ਲਈ ਜਾਂਦੀ ਹੈ ਅਤੇ ਫਿਰ ਕਿਸੇ ਕਬਾੜੀਏ ਨੂੰ ਵੇਚ ਦਿੱਤਾ ਜਾਂਦਾ ਹੈ। ਭਾਰਤ ਵਿਚ ਪੱਛਮੀ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਜੀਅ ਕੂੜਾ ਕਰਕਟ ਘੱਟ ਪੈਦਾ ਹੋਣ ਦਾ ਇਕ ਕਾਰਨ ਇਹੀ ਹੈ। ਉਂਝ, ਅਜਿਹੇ ਭਾਰਤੀ ਵਿਰਲੇ ਹੀ ਮਿਲਦੇ ਹਨ ਜੋ ਪਲਾਸਟਿਕ ਦੀਆਂ ਚੀਜ਼ਾਂ ਨੂੰ ਬਾਕੀ ਕੂੜੇ ਕਰਕਟ ਤੋਂ ਵੱਖ ਕਰ ਕੇ ਰੱਦੀ ਵਿਚ ਸੁੱਟਦੇ ਹਨ। ਆਮ ਤੌਰ ’ਤੇ ਭਾਰਤ ਵਿਚ ਖੁਰਾਕੀ ਵਸਤਾਂ ਦਾ ਬਹੁਤਾ ਕੂੜਾ ਕਰਕਟ ਗਿੱਲਾ ਹੁੰਦਾ ਹੈ (ਕਰੀਬ 60 ਫ਼ੀਸਦ ਤੱਕ) ਜੋ ਆਪਣੇ ਆਪ ਗਲ਼ ਜਾਂਦਾ ਹੈ ਜਿਸ ਨਾਲ ਮੀਥੇਨ ਅਤੇ ਕੰਪੋਸਟ ਪੈਦਾ ਹੁੰਦਾ ਹੈ, ਪਰ ਇਸ ਨੂੰ ਪਲਾਸਟਿਕ ਅਤੇ ਹੋਰ ਸਮੱਗਰੀ ਨਾਲੋਂ ਵੱਖਰੇ ਤੌਰ ’ਤੇ ਇਕੱਤਰ ਕਰਨਾ ਕਾਫ਼ੀ ਖਲਜੱਗਣ ਹੁੰਦਾ ਹੈ। ਮਿਊਂਸਪਲ ਅਧਿਕਾਰੀਆਂ ਅਤੇ ਵਾਤਾਵਰਨ ਪੱਖੀ ਗ਼ੈਰ ਸਰਕਾਰੀ ਸੰਸਥਾਵਾਂ ਨੂੰ ਹਰ ਕਿਸਮ ਦੇ ਪਲਾਸਟਿਕ ਨੂੰ ਬਾਕੀ ਕੂੜੇ ਕਰਕਟ ਨਾਲੋਂ ਵੱਖਰਾ ਰੱਖਣ ਲਈ ਅਮਲਯੋਗ ਯੋਜਨਾਵਾਂ ਸਾਹਮਣੇ ਲਿਆਉਣ ਦੀ ਲੋੜ ਹੈ।
ਪਲਾਸਟਿਕ ਦੇ ਕੁਝ ਸਾਮਾਨ ਨੂੰ ਨਿਰਮਾਣ ਵੇਲੇ ਹੀ ਸਹੀ ਕਿਸਮ ਦੇ ਘੋਲ ਦੀ ਵਰਤੋਂ ਕਰ ਕੇ ਆਪਣੇ ਆਪ ਨਸ਼ਟ ਹੋ ਜਾਣ (ਬਾਇਓਡੀਗ੍ਰੈਡੇਬਲ) ਦੇ ਯੋਗ ਬਣਾਇਆ ਜਾ ਸਕਦਾ ਹੈ। ਇਸ ਨਾਲ ਲਾਗਤ ਮੁੱਲ ਵਿਚ ਵੀ ਬਹੁਤਾ ਵਾਧਾ ਨਹੀਂ ਹੁੰਦਾ ਅਤੇ ਸਰਕਾਰ ਹਰ ਪ੍ਰਕਾਰ ਦੇ ਪਲਾਸਟਿਕ ਦੇ ਸਾਮਾਨ ਨੂੰ ਬਾਇਓਡੀਗ੍ਰੈਡੇਬਲ ਬਣਾਉਣਾ ਜ਼ਰੂਰੀ ਕਰ ਸਕਦੀ ਹੈ। ਪਲਾਸਟਿਕ ਦੀ ਖਰੀਦ ਮੁੱਲ ਨਿਯਤ ਕਰਨਾ ਇਕ ਹੋਰ ਹੱਲ ਹੈ। ਹਾਲਾਂਕਿ ਖਾਂਦੇ ਪੀਂਦੇ ਲੋਕ ਖਰੀਦਦਾਰਾਂ ਨੂੰ ਭਾਰੀ ਮਾਤਰਾ ਵਿਚ ਪਲਾਸਟਿਕ ਸਮੱਗਰੀ ਨੂੰ ਵੇਚਣ ਲਈ ਇਸ ਦੀ ਛਾਂਟੀ ਅਤੇ ਭੰਡਾਰ ਕਰ ਕੇ ਰੱਖਣ ਦੀ ਬਹੁਤੀ ਖੇਚਲ ਨਹੀਂ ਕਰਨਗੇ, ਪਰ ਕਈ ਹੋਰ ਲੋਕ ਕਬਾੜ ’ਚੋਂ ਇਸ ਤਰ੍ਹਾਂ ਦੇ ਪਲਾਸਟਿਕ ਨੂੰ ਛਾਂਟ ਕੇ ਵੇਚਣ ਲਈ ਅੱਗੇ ਆ ਸਕਦੇ ਹਨ।
ਭਾਰੀ ਮਾਤਰਾ ਵਿਚ ਘਰਾਂ ਵਿਚ ਪੈਦਾ ਹੋਣ ਵਾਲੇ ਜੈਵਿਕ ਕੂੜੇ ਕਰਕਟ ਨੂੰ ਪਾਏਦਾਰ ਬਾਇਓਡਾਇਜੈਸਟਰ ਬਣਾਉਣਾ ਚੁਣੌਤੀਪੂਰਨ ਕਾਰਜ ਹੈ। ਕੰਪ੍ਰੈਸਸ ਕੀਤੀ ਬਾਇਓਗੈਸ ਬਣਾਉਣਾ ਅਤੇ ਇਸ ਨੂੰ ਖਾਣਾ ਪਕਾਉਣ ਜਾਂ ਬਜਿਲੀ ਪੈਦਾ ਕਰਨ ਲਈ ਵਰਤਣਾ ਇਕ ਹੋਰ ਚੁਣੌਤੀ ਹੈ। ਇਸ ਤਰ੍ਹਾਂ ਪੈਦਾ ਕੀਤੀ ਗਈ ਗੈਸ ਨੂੰ ਖਾਣਾ ਪਕਾਉਣ ਲਈ ਵਰਤਣਾ ਸਭ ਤੋਂ ਵੱਧ ਕੁਸ਼ਲ ਤਰੀਕਾ ਹੈ। ਪਾਣੀ ਨੂੰ ਗਰਮ ਕਰਨ ਲਈ ਗੈਸ ਦੀ ਵਰਤੋਂ ਕਰਨਾ ਅਤੇ ਭਾਫ਼ ਪੈਦਾ ਕਰਨ ਅਤੇ ਟਰਬਾਈਨ ਨੂੰ ਚਲਾਉਣ ਲਈ ਭਾਫ਼ ਨੂੰ ਪਾਈਪਲਾਈਨ ’ਚੋਂ ਲੰਘਾਉਣ ਨਾਲ ਕਾਫ਼ੀ ਤਾਪ ਅਜਾਈਂ ਚਲਾ ਜਾਂਦਾ ਹੈ ਜਿਸ ਕਰ ਕੇ ਇਸ ਦਾ ਪੂਰਾ ਉਪਯੋਗ ਨਹੀਂ ਹੁੰਦਾ। ਭਾਰਤ ਨੂੰ ਅਜੇ ਰਿਹਾਇਸ਼ੀ ਤਾਪ (ਹੀਟਿੰਗ) ਦੀ ਬਹੁਤੀ ਲੋੜ ਨਹੀਂ ਹੈ ਜਿਸ ਕਰ ਕੇ ਬਾਇਓਡਾਇਜੇਸ਼ਨ ਤੋਂ ਪੈਦਾ ਹੋਣ ਵਾਲੀ ਗੈਸ ਵਰਤਣ ਦਾ ਇਹ ਵਧੀਆ ਢੰਗ ਨਹੀਂ ਹੋਵੇਗਾ।
ਇਕ ਭਾਰਤੀ ਬਹੁਕੌਮੀ ਕੰਪਨੀ ਨੇ ਕਮਾਦ ਦੀ ਰਹਿੰਦ ਖੂੰਹਦ ਤੋਂ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪਲਾਂਟ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ; ਇਨ੍ਹਾਂ ’ਚੋਂ ਇਕ ਪਲਾਂਟ ਉੱਤਰ ਪ੍ਰਦੇਸ਼ ਵਿਚ ਲਾਇਆ ਜਾਵੇਗਾ। ਘਰਾਂ ਤੋਂ ਜੈਵਿਕ ਕੂੜਾ ਕਰਕਟ ਇਕੱਠਾ ਕਰ ਕੇ ਸੀਬੀਜੀ ਪਲਾਂਟਾਂ ਤੱਕ ਪਹੁੰਚਾਉਣ ਵਾਲੀਆਂ ਮਿਉਂਸਪਲ ਸੰਸਥਾਵਾਂ ਨਿਵੇਸ਼ ਆਕਰਸ਼ਤਿ ਕਰ ਸਕਦੀਆਂ ਹਨ ਅਤੇ ਇਸ ਨਾਲ ਰੁਜ਼ਗਾਰ ਵੀ ਪੈਦਾ ਹੋਵੇਗਾ। ਫ਼ਰਜ਼ ਕਰੋ ਕਿ ਸੀਬੀਜੀ ਪਲਾਂਟਾਂ ’ਚੋਂ ਪੈਦਾ ਕੀਤੇ ਜਾਣ ਵਾਲੇ ਗੈਸ ਅਤੇ ਕੰਪੋਸਟ ਖਾਦ ਦੇ ਰੂਪ ਵਿਚ ਵਰਤੇ ਜਾਣਗੇ; ਇਸ ਤਰ੍ਹਾਂ ਸੀਬੀਜੀ ਵਿਚ ਭਰਵਾਂ ਨਿਵੇਸ਼ ਹੋਣ ਨਾਲ ਰਸਾਇਣਕ ਖਾਦਾਂ ’ਤੇ ਖਰਚ ਹੋਣ ਵਾਲੀ ਕਰੋੜਾਂ ਰੁਪਏ ਦੀ ਸਬਸਿਡੀ ਬਚਾਈ ਜਾ ਸਕਦੀ ਹੈ ਅਤੇ ਕੁਦਰਤੀ ਗੈਸ ਅਤੇ ਅਮੋਨੀਆ ਦੀ ਦਰਾਮਦ ਵੀ ਘਟਾਈ ਜਾ ਸਕਦੀ ਹੈ।
ਕੁਲੈਕਸ਼ਨ ਲਈ ਸਬਸਿਡੀ ਦੇ ਕੇ ਅਤੇ ਜੈਵਿਕ ਰਹਿੰਦ ਖੂੰਹਦ ਨੂੰ ਕੱਚੇ ਮਾਲ ਦੇ ਰੂਪ ਵਿਚ ਸਪਲਾਈ ਕਰਦੇ ਹੋਏ ਇਕੇਰਾਂ ਸੀਬੀਜੀ ਇਕ ਪਾਏਦਾਰ ਕਾਰੋਬਾਰ ਬਣ ਜਾਵੇ ਤਾਂ ਇਹ ਇਕ ਮੁਕਾਬਲੇ ਵਾਲਾ ਕਾਰੋਬਾਰ ਬਣ ਜਾਵੇਗਾ ਜਿਸ ਵਿਚ ਬਹੁਤ ਸਾਰੇ ਨਿਵੇਸ਼ਕ ਆ ਸਕਦੇ ਹਨ। ਇਸ ਵਕਤ ਸ਼ਹਿਰਾਂ ਦੇ ਬਾਹਰਵਾਰ ਵੱਡੇ ਵੱਡੇ ਗਾਰਬੇਜ ਡੰਪ ਬਣ ਗਏ ਹਨ ਜੋ ਕੂੜ ਕਬਾੜ ਦੇ ਪਹਾੜਾਂ ਦਾ ਰੂਪ ਧਾਰਨ ਕਰ ਗਏ ਹਨ ਜਿੱਥੋਂ ਸੜਾਂਦ ਮਾਰਦੀ ਰਹਿੰਦੀ ਹੈ ਤੇ ਖਤਰਨਾਕ ਜ਼ਹਿਰੀਲੇ ਮਾਦੇ ਧਰਤੀ ਅਤੇ ਜ਼ਮੀਨੀ ਪਾਣੀ ਵਿਚ ਰਿਸਦੇ ਰਹਿੰਦੇ ਹਨ ਅਤੇ ਮੱਖੀਆਂ ਤੇ ਮੱਛਰਾਂ ਅਤੇ ਹੋਰਨਾਂ ਕੀੜਿਆਂ ਦੀ ਭਰਮਾਰ ਹੋ ਜਾਂਦੀ ਹੈ। ਹਰੇਕ ਵੱਡੇ ਸ਼ਹਿਰ ਵਿਚ ਕੂੜੇ ਦੇ ਪਹਾੜ ਖੜ੍ਹੇ ਕਰਨ ਨਾਲੋਂ ਬਿਹਤਰ ਹੈ ਕਿ ਕੂੜੇ ਕਰਕਟ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਜਾਵੇ। ਉਂਝ, ਘੱਟ ਤਾਪਮਾਨ ’ਤੇ ਕੂੜੇ ਨੂੰ ਸਾੜਨ ਨਾਲ ਡਾਇਆਕਸਿਨ ਗੈਸ ਪੈਦਾ ਹੋ ਜਾਂਦੀ ਹੈ ਜਿਸ ਨਾਲ ਇਸ ਦੇ ਆਸ ਪਾਸ ਰਹਿੰਦੇ ਲੋਕਾਂ ਦੀ ਸਿਹਤ ’ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ।
ਇਸ ਦਾ ਇਕ ਬਦਲ ਪੁਣੇ ਵਿਚ ਕੀਤਾ ਗਿਆ ਹੈ ਜੋ ਕਿ ਪਲਾਜ਼ਮਾ ਆਰਕ ਗੈਸੀਫਿਕੇਸ਼ਨ ਦੇ ਰੂਪ ਵਿਚ ਇਕ ਉੱਚ ਤਕਨੀਕੀ ਹੱਲ ਹੈ। ਦੋ ਇਲੈੱਕਟ੍ਰੋਡਾਂ ਵਿਚਕਾਰ ਉਚ ਵੋਲਟੇਜ ਬਜਿਲੀ ਲੰਘਾ ਕੇ ਇਕ ਆਰਕ ਪੈਦਾ ਕੀਤਾ ਜਾਂਦਾ ਹੈ ਜਿਸ ਵਿਚ ਗੈਸ ਲੰਘਾ ਕੇ 14000 ਡਿਗਰੀ ਸੈਲਸੀਅਸ ਤਾਪਮਾਨ ਪੈਦਾ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਠੋਸ ਕਬਾੜ ਵਾਲੇ ਇਕ ਸੀਲਬੰਦ ਚੈਂਬਰ ’ਚੋਂ ਗੈਸ ਲੰਘਾਈ ਜਾਂਦੀ ਹੈ ਜਿਸ ਨਾਲ ਗੈਸ ਅਤੇ ਕਚਰਾ ਬਚ ਜਾਂਦਾ ਹੈ। ਇਹ ਗੈਸ ਬਜਿਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ ਅਤੇ ਕਚਰੇ ਨੂੰ ਖੱਡਿਆਂ ਵਿਚ ਪਾਉਣ ਲਈ ਭੇਜਿਆ ਜਾਂਦਾ ਹੈ। ਜੈਵ ਤਕਨਾਲੋਜੀ ਵਿਚ ਹੋ ਰਹੀਆਂ ਖੋਜਾਂ ਨਾਲ ਕੰਮ ਹੋਰ ਆਸਾਨ ਹੋ ਸਕਦਾ ਹੈ। ਪਲਾਸਟਿਕ ਨੂੰ ਦੂਜੇ ਕਿਸਮ ਦੇ ਕੂੜ ਕਬਾੜ ਤੋਂ ਵੱਖਰਾ ਕਰਨ ਲਈ ਖਾਣ ਵਾਲਾ ਬੈਕਟੀਰੀਆ ਪੈਦਾ ਕੀਤਾ ਜਾ ਸਕਦਾ ਹੈ। ਰਹਿੰਦ ਖੂੰਹਦ ਨੂੰ ਸੁਕਾ ਕੇ ਅਤੇੇ ਟੁਕੜਿਆਂ ਵਿਚ ਵੰਡ ਕੇ ਮਿਸਾਲ ਦੇ ਤੌਰ ’ਤੇ ਸੀਮਿੰਟ ਪਲਾਂਟਾਂ ਵਿਚ ਈਂਧਣ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਉੱਚ ਤਾਪਮਾਨ ’ਤੇ ਕੂੜੇ ਨੂੰ ਸਾੜ ਕੇ ਨਸ਼ਟ ਕਰਨ ਨਾਲ ਡਾਇਆਕਸਿਨ ਪੈਦਾ ਕਰਨ ਤੋਂ ਬਚਿਆ ਜਾ ਸਕਦਾ ਹੈ।
ਜਿਵੇਂ ਜਿਵੇਂ ਭਾਰਤ ਦਾ ਸ਼ਹਿਰੀਕਰਨ ਹੁੰਦਾ ਜਾ ਰਿਹਾ ਅਤੇ ਦੇਸ਼ ਖੁਸ਼ਹਾਲ ਹੁੰਦਾ ਜਾਵੇਗਾ ਤਾਂ ਮਿਉਂਸਪਲ ਕੂੜੇ ਕਰਕਟ ਦੀ ਮਾਤਰਾ ਵਧਦੀ ਚਲੀ ਜਾਵੇਗੀ ਜੋ ਇਸ ਵੇਲੇ ਪ੍ਰਤੀ ਦਿਨ ਕਰੀਬ 1.5 ਲੱਖ ਟਨ ਹੈ। ਭਾਰਤ ਵਿਚ ਸ਼ਹਿਰੀ ਆਬਾਦੀ ਮੌਜੂਦਾ 50 ਕਰੋੜ ਤੋਂ ਵਧ ਕੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ ਅਤੇ ਇਸ ਨਾਲ ਇਸ ਸਮੇਂ ਕੂੜਾ ਕਰਕਟ ਪ੍ਰਤੀ ਵਿਅਕਤੀ 0.3 ਕਿਲੋਗ੍ਰਾਮ ਤੋਂ ਵਧ ਕੇ 0.5 ਕਿਲੋਗ੍ਰਾਮ ਹੋ ਜਾਣ ਦਾ ਅਨੁਮਾਨ ਹੈ ਅਤੇ ਇੰਝ ਸ਼ਹਿਰੀ ਕੂੜਾ ਕਰਕਟ ਮੌਜੂਦਾ ਪ੍ਰਤੀ ਦਿਨ 1.5 ਲੱਖ ਟਨ ਤੋਂ ਵਧ ਕੇ 350000 ਟਨ ਹੋ ਜਾਵੇਗਾ। ਭਾਰਤ ਨੂੰ ਮਿਉਂਸਪਲ ਕੂੜੇ ਕਰਕਟ ਦੇ ਅੰਬਾਰਾਂ ਨਾਲ ਬਹੁਤ ਹੀ ਪਾਏਦਾਰ ਅਤੇ ਸਿਹਤਯਾਬ ਤਰੀਕਿਆਂ ਨਾਲ ਸਿੱਝਣ ਲਈ ਹੁਣੇ ਤੋਂ ਤਿਆਰੀ ਵਿੱਢਣੀ ਚਾਹੀਦੀ ਹੈ।
* ਲੇਖਕ ਸੀਨੀਅਰ ਪੱਤਰਕਾਰ ਹੈ।