ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ‘ਆਪ’ ਆਗੂਆਂ ਦੇ ਹੌਸਲੇ ਵਧਾਏ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਨਵੰਬਰ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚੋਂ ਤਿੰਨ ਸੀਟਾਂ ’ਤੇ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੌਂਸਲੇ ਬੁਲੰਦ ਹੋ ਗਏ ਹਨ। ਇਨ੍ਹਾਂ ਨਤੀਜ਼ਿਆਂ ਤੋਂ ਬਾਅਦ ‘ਆਪ’ ਆਗੂ ਕਾਫ਼ੀ ਖੁਸ਼ ਹਨ। ਨਤੀਜੇ ਆਉਂਦੇ ਸਾਰ ਸ਼ਹਿਰ ਵਿੱਚ ‘ਆਪ’ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਨਿਗਮ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਵੱਡੀ ਜਿੱਤ ਹਾਸਲ ਕਰਕੇ ਮੇਅਰ ਬਣਾਉਣ ਦਾ ਦਾਅਵਾ ਕੀਤਾ।
ਲੁਧਿਆਣਾ ਦੇ ਆਗੂ ਵੀ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਕਾਂਗਰਸੀਆਂ ’ਤੇ ਨਿਸ਼ਾਨੇ ਲਗਾ ਰਹੇ ਹਨ। ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਜਿਵੇਂ ਗਿੱਦੜਬਾਹਾ ਦੇ ਲੋਕਾਂ ਨੇ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੂੰ ਸਬਕ ਸਿਖਿਆਇਆ ਹੈ, ਉਸੇ ਤਰ੍ਹਾਂ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਵੀ ਸ਼ਹਿਰ ਦੇ ਲੋਕ ਕਾਂਗਰਸੀਆਂ ਨੂੰ ਵੋਟ ਨਹੀਂ ਪਾਉਣਗੇ।
‘ਆਪ’ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਨਗਰ ਨਿਗਮ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਹੀ ਜਿੱਤ ਦਰਜ ਕਰੇਗੀ ਅਤੇ ਪਹਿਲੀ ਵਾਰ ‘ਆਪ’ ਦਾ ਮੇਅਰ ਬਣੇਗਾ। ‘ਆਪ’ ਆਗੂਆਂ ਨੇ ਵੀ ਨਿਗਮ ਚੋਣਾਂ ਦੀ ਤਿਆਰੀ ਲਈ ਕਮਰ ਕੱਸ ਲਈ ਹੈ। ਸਰਕਾਰ ਵੱਲੋਂ ਸ਼ੁੱਕਰਵਾਰ ਰਾਤ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਡੇਢ ਮਹੀਨੇ ’ਚ ਪੰਜਾਬ ’ਚ ਨਗਰ ਨਿਗਮ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਜਿਸ ਤੋਂ ਬਾਅਦ ‘ਆਪ’ ਆਗੂਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ।
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ 95 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਪਿਛਲੀ ਵਾਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਦਰਜ ਕਰਕੇ ਆਪਣਾ ਮੇਅਰ ਬਣਾਇਆ ਸੀ। ਨਗਰ ਨਿਗਮ ਦਾ ਕਾਰਜਕਾਲ ਕਰੀਬ ਡੇਢ ਸਾਲ ਪਹਿਲਾਂ ਖਤਮ ਹੋ ਚੁੱਕਾ ਹੈ। ਵਾਰਡਬੰਦੀ ਕਾਰਨ ਨਿਗਮ ਚੋਣਾਂ ਮੁਲਤਵੀ ਕੀਤੀਆਂ ਜਾ ਰਹੀਆਂ ਸਨ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸਰਕਾਰ ਨੂੰ ਨਿਗਮ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ। ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਡੇਢ ਮਹੀਨੇ ਦੇ ਅੰਦਰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਸਰਕਾਰ ਨੇ ਇਹ ਸਸਪੈਂਸ ਵੀ ਬਰਕਰਾਰ ਰੱਖਿਆ ਹੈ ਕਿ ਚੋਣਾਂ ਨਵੀ ਵਾਰਡਬੰਦੀ ਨਾਲ ਕਰਵਾਈਆਂ ਜਾਣਗੀਆਂ ਜਾਂ ਫਿਰ ਪੁਰਾਣੀ, ਇਸ ’ਤੇ ਹਾਲੇ ਕੋਈ ਸਥਿਤੀ ਸਾਫ਼ ਨਹੀਂ ਕੀਤੀ ਗਈ।
ਲੋਕਾਂ ਨੇ ‘ਆਪ’ ਦਾ ਕੰਮ ਵੇਖ ਕੇ ਵੋਟਾਂ ਪਾਈਆਂ: ਗੋਗੀ
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਰਾਜਾ ਵੜਿੰਗ ’ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ‘ਆਪ’ ਚੰਗਾ ਕੰਮ ਕਰ ਰਹੀ ਹੈ ਅਤੇ ਇਸੇ ਕਰਕੇ ਲੋਕਾਂ ਨੇ ਆਪ ਨੂੰ ਮੌਕਾ ਦਿੱਤਾ ਹੈ। ਗਿੱਦੜਬਾਹਾ ਸੀਟ ਨੂੰ ਲੈ ਕੇ ਵਿਰੋਧੀਆਂ ਨੇ ਕਾਫੀ ਜ਼ੋਰ ਲਾਇਆ ਸੀ ਪਰ ਕਾਂਗਰਸ ਦੇ ਹੱਥ ਕੁੱਝ ਨਹੀਂ ਲੱਗਿਆ। ਗੋਗੀ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਵੀ ‘ਆਪ’ ਦੀ ਜਿੱਤ ਹੋਵੇਗੀ। ਜਿਸ ਦੀ ਸਰਕਾਰ ਹੋਵੇ, ਲੋਕ ਉਸ ਨੂੰ ਚੁਣਦੇ ਹਨ ।
ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ: ਪੱਪੀ
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਨੇ ਅੱਜ ਇੱਕ ਵਾਰ ਫਿਰ ਜ਼ਿਮਨੀ ਚੋਣ ਜਿੱਤ ਲਈ ਹੈ। ਬੇਸ਼ੱਕ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਲੜ ਰਹੀ ਸੀ ਪਰ ਅੱਜ ਲੋਕਾ ਨੇ ਉਨ੍ਹਾਂ ਨੂੰ ਸਾਫ਼ ਜਵਾਬ ਦੇ ਦਿੱਤਾ ਕਿ ਜਿਹੜਾ ਕੰਮ ਕਰੇਗਾ, ਲੋਕ ਉਸ ਨੂੰ ਹੀ ਚੁਣਨਗੇ। ਹੁਣ ਪਾਰਟੀ ਨਿਗਮ ਚੋਣਾਂ ਨੂੰ ਲੈ ਕੇ ਅਗਲੀ ਰਣਨੀਤੀ ਬਣਾਏਗੀ। ਨਿਗਮ ਚੋਣਾਂ ਵਿੱਚ ਵੀ ਹੁਣ ‘ਆਪ’ ਦਾ ਮੇਅਰ ਬਣ ਜਾਵੇਗਾ।
ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਪ੍ਰਭਾਵਿਤ: ਦਿਆਲਪੁਰਾ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿਚੋਂ 3 ਹਲਕਿਆਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਣ ’ਤੇ ਅੱਜ ਹਲਕਾ ਸਮਰਾਲਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਜਸ਼ਨ ਮਨਾਏ। ਮਾਛੀਵਾੜਾ ਦੇ ਖਾਲਸਾ ਚੌਕ ਵਿਚ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਲੱਡੂ ਵੰਡੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ। ਮੀਡੀਆ ਨਾਲ ਗੱਲਬਾਤ ਕਰਦਿਆਂ ਦਿਆਲਪੁਰਾ ਤੇ ਖੀਰਨੀਆਂ ਨੇ ਕਿਹਾ ਕਿ 3 ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵਰਕਰਾਂ ਨੇ ਵੀ ਸਖ਼ਤ ਮਿਹਨਤ ਕੀਤੀ। ਜ਼ਿਮਨੀ ਚੋਣਾਂ ਦੌਰਾਨ ਸਭ ਤੋਂ ਹਾਟ ਸੀਟ ਮੰਨੀ ਜਾਣ ਵਾਲੀ ਗਿੱਦੜਬਾਹਾ ’ਤੇ ‘ਆਪ’ ਦੀ ਸ਼ਾਨਦਾਰ ਜਿੱਤ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਲੋਕਾਂ ਨੇ ਚਕਨਾਚੂਰ ਕਰ ਦਿੱਤਾ ਹੈ। ਇਸ ਮੌਕੇ ‘ਆਪ’ ਆਗੂ ਮੋਹਿਤ ਕੁੰਦਰਾ, ਜਗਮੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਬਿੰਦਰ, ਪ੍ਰਵੀਨ ਮੱਕੜ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਚੇਅਰਮੈਨ ਧਰਮਵੀਰ ਧੰਮੀ, ਨਰਿੰਦਰਪਾਲ ਨਿੰਦੀ, ਰਿੰਕੂ ਮੱਕੜ, ਬਚਨ ਸਿੰਘ, ਸੁਭਾਸ਼ ਨਾਗਪਾਲ, ਲੱਕੀ ਰਾਣਾ, ਨਵਤੇਜ ਸਿੰਘ ਉਟਾਲਾਂ ਵੀ ਮੌਜੂਦ ਸਨ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਹਫ਼ਤਿਆਂ ਅੰਦਰ ‘ਆਪ’ ਪਾਰਟੀ ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ‘ਆਪ’ ਆਗੂ ਤੇ ਵਰਕਰ ਬਹੁਤ ਉਤਸ਼ਾਹਿਤ ਹਨ ਅਤੇ ਇਸ ਤਰ੍ਹਾਂ ਨਗਰ ਕੌਂਸਲ ਚੋਣਾਂ ਵੀ ਬੜੀ ਸ਼ਾਨ ਨਾਲ ਜਿੱਤੀਆਂ ਜਾਣਗੀਆਂ।