ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਾਉਣ ਦਾ ਮਤਾ ਉਪ ਰਾਜਪਾਲ ਵੱਲੋਂ ਮਨਜ਼ੂਰ
ਸ੍ਰੀਨਗਰ, 19 ਅਕਤੂਬਰ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੇ ਮੰਤਰੀ ਮੰਡਲ ਦੇ ਉਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਚ ਕੇਂਦਰ ਸਰਕਾਰ ਤੋਂ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।
ਬੁਲਾਰੇ ਨੇ ਕਿਹਾ, ‘ਲੰਘੇ ਵੀਰਵਾਰ ਨੂੰ ਅਬਦੁੱਲ੍ਹਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ’ਚ ਸੂਬੇ ਦਾ ਮੂਲ ਦਰਜਾ ਬਹਾਲ ਕਰਾਉਣ ਦੇ ਮਤੇ ਨੂੰ ਸਰਬ ਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਸੀ।’ ਅਧਿਕਾਰੀ ਨੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਉਪ ਰਾਜਪਾਲ ਨੇ ਮੰਤਰੀ ਮੰਡਲ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਸੂਬੇ ਦਾ ਦਰਜਾ ਬਹਾਲ ਕਰਨਾ ਸੁਧਾਰ ਦੀ ਪ੍ਰਕਿਰਿਆ ਦੀ ਇੱਕ ਸ਼ੁਰੂਆਤ ਹੋਵੇਗੀ, ਜਿਸ ਨਾਲ ਸੰਵਿਧਾਨਕ ਅਧਿਕਾਰ ਮੁੜ ਬਹਾਲ ਹੋਣਗੇ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਪਛਾਣ ਦੀ ਰਾਖੀ ਹੋਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਨ ਨੇ ਮੁੱਖ ਮੰਤਰੀ ਨੂੰ ਸੂਬੇ ਦਾ ਦਰਜਾ ਬਹਾਲ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਸਾਹਮਣੇ ਮਸਲਾ ਉਠਾਉਣ ਲਈ ਅਧਿਕਾਰਤ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਵਿਸ਼ੇਸ਼ ਪਛਾਣ ਤੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਨਵੀਂ ਚੁਣੀ ਸਰਕਾਰ ਦੀ ਨੀਤੀ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਲਈ ਆਉਂਦੇ ਦਿਨਾਂ ’ਚ ਨਵੀਂ ਦਿੱਲੀ ਜਾਣਗੇ। -ਪੀਟੀਆਈ