For the best experience, open
https://m.punjabitribuneonline.com
on your mobile browser.
Advertisement

ਤਸੌਲੀ ਵਾਸੀਆਂ ਨੇ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾਉਣ ਵਾਲੇ ਟਿੱਪਰ ਰੋਕੇ

06:52 AM Jun 30, 2024 IST
ਤਸੌਲੀ ਵਾਸੀਆਂ ਨੇ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾਉਣ ਵਾਲੇ ਟਿੱਪਰ ਰੋਕੇ
ਟਿੱਪਰਾਂ ਕਾਰਨ ਸੜਕ ਨੂੰ ਹੋਇਆ ਨੁਕਸਾਨ ਦਿਖਾਉਂਦੇ ਹੋਏ ਤਸੌਲੀ ਵਾਸੀ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 29 ਜੂਨ
ਦੈੜੀ ਤੋਂ ਘਟੌਰ (ਕੁਰਾਲੀ) ਤੱਕ ਉਸਾਰੀ ਅਧੀਨ ਐਕਸਪ੍ਰੈੱਸ ਵੇਅ ਉੱਤੇ ਦਿਨ-ਰਾਤ ਮਿੱਟੀ ਪਾ ਰਹੇ ਟਿੱਪਰਾਂ ਕਾਰਨ ਟੁੱਟ ਰਹੀ ਸੜਕ ਤੋਂ ਪ੍ਰੇਸ਼ਾਨ ਪਿੰਡ ਤਸੌਲੀ ਦੇ ਵਸਨੀਕਾਂ ਨੇ ਅੱਜ ਸਵੇਰੇ ਟਿੱਪਰਾਂ ਦਾ ਪਿੰਡ ਤਸੌਲੀ ਦੀ ਸੜਕ ਤੋਂ ਲਾਂਘਾ ਬੰਦ ਕਰ ਦਿੱਤਾ। ਪਿੰਡ ਵਾਸੀਆਂ ਨੇ ਮਿੱਟੀ ਨਾਲ ਭਰੇ ਹੋਏ ਟਿੱਪਰ ਵਾਪਸ ਮੋੜ ਦਿੱਤੇ ਅਤੇ ਐਲਾਨ ਕੀਤਾ ਕਿ ਉਹ ਆਪਣੇ ਪਿੰਡ ਦੀ ਸੜਕ ਤੋਂ ਟਿੱਪਰ ਨਹੀਂ ਲੰਘਣ ਦੇਣਗੇ। ਪਿੰਡ ਦੇ ਵਸਨੀਕਾਂ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਟਰਾਂਸਪੋਰਟ ਅਤੇ ਪੁਲੀਸ ਵਿਭਾਗ ਤੋਂ ਵੀ ਓਵਰਲੋਡ ਟਿੱਪਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਪਿੰਡ ਦੇ ਵਸਨੀਕਾਂ ਸਾਬਕਾ ਸਰਪੰਚ ਗੁਰਭਗਤ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਧਾਂਦੀ, ਜਸਵੀਰ ਸਿੰਘ ਜੱਸੀ, ਜਸਪ੍ਰੀਤ ਸਿੰਘ, ਜਸਪਾਲ ਸਿੰਘ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਐਕਸਪ੍ਰੈੱਸ ਵੇਅ ਉੱਤੇ ਮਿੱਟੀ ਪਾਉਣ ਲਈ ਲੰਬੇ ਸਮੇਂ ਤੋਂ ਉਨ੍ਹਾਂ ਦੀ ਪਿੰਡ ਦੀ ਸੜਕ ਉੱਤੋਂ ਦਿਨ-ਰਾਤ ਟਿੱਪਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੜਕ ਦਾ ਪਿੰਡ ਦੇ ਨਜ਼ਦੀਕ ਵਾਲਾ ਹਿੱਸਾ ਬਣ ਰਿਹਾ ਸੀ, ਉਦੋਂ ਤੱਕ ਪਿੰਡ ਵਾਸੀਆਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਹੁਣ ਖੇਤਰ ਦੀ ਸਾਰੀ ਸੜਕ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਕਈ ਕਿਲੋਮੀਟਰ ਦੂਰ ਪਿੰਡ ਚੁਡਿਆਲਾ ਸੂਦਾਂ ਨੇੜੇ ਮਿੱਟੀ ਪਹੁੰਚਾਈ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੀਰੋਮਾਜਰੀ ਖੇਤਰ ਵਿੱਚੋਂ ਮਿੱਟੀ ਪੁੱਟੀ ਜਾ ਰਹੀ ਹੈ, ਜਿੱਥੋਂ ਉਸਾਰੀ ਅਧੀਨ ਕੌਮੀ ਮਾਰਗ ਤੇ ਚੁਡਿਆਲਾ ਵਿੱਚ ਮਿੱਟੀ ਪਹੁੰਚਾਣ ਲਈ ਹੋਰ ਸੜਕਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੜਕਾਂ ਦੀ ਵਰਤੋਂ ਨਾ ਕਰ ਕੇ ਟਿੱਪਰ ਤਸੌਲੀ ਨੂੰ ਹੀ ਲਿਆਂਦੇ ਜਾ ਰਹੇ ਹਨ। ਇਹ ਟਿੱਪਰ ਸਿਰਫ਼ 10-12 ਟਨ ਲੋਡ ਪਾਸ ਹਨ ਪਰ ਟਿੱਪਰਾਂ ਵਿੱਚ ਮਿੱਟੀ 25 ਤੋਂ 30 ਟਨ ਪਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤਸੌਲੀ ਪਿੰਡ ਦੀ ਕੁੱਝ ਸਮਾਂ ਪਹਿਲਾਂ ਬਣੀ ਸੜਕ ਟਿੱਪਰਾਂ ਨੇ ਤੋੜ ਦਿੱਤੀ ਹੈ। ਪਿੰਡ ਵਿੱਚ ਪਈ ਹੋਈ ਸੀਵਰੇਜ ਦੀ ਲਾਈਨ ਦੇ ਮੈਨ ਹੋਲ ਵੀ ਟਿੱਪਰਾਂ ਨੇ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਅੱਜ ਟਿੱਪਰ ਵਾਪਸ ਮੋੜ ਦਿੱਤੇ ਹਨ ਅਤੇ ਭਵਿੱਖ ਵਿੱਚ ਵੀ ਇੱਥੋਂ ਟਿੱਪਰ ਨਹੀਂ ਲੰਘਣ ਦਿੱਤੇ ਜਾਣਗੇ।

Advertisement

Advertisement
Author Image

Advertisement
Advertisement
×