ਪੁੱਡਾ ਦੀ ਅਣਗਹਿਲੀ ਕਾਰਨ ਖੁਆਰ ਹੋ ਰਹੇ ਨੇ ਪਟਿਆਲਾ ਵਾਸੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਸਤੰਬਰ
ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀਡੀਏ) ਅਧੀਨ ਆਉਂਦੇ ਫ਼ੇਜ਼ ਇਕ ਅਤੇ ਦੋ ਵਿੱਚ ਸਹੂਲਤਾਂ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਨੇ ਪੁੱਡਾ ਨੂੰ ਕਈ ਵਾਰ ਮਿਲ ਕੇ ਬੇਨਤੀ ਕੀਤੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫ਼ੇਜ਼ ਇਕ ਅਤੇ ਦੋ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਜਿੱਥੇ ਵੱਡੇ-ਵੱਡੇ ਟੋਏ ਲੋਕਾਂ ਦਾ ਰੋਜ਼ਾਨਾ ਸਵਾਗਤ ਕਰਦੇ ਹਨ। ਇਸੇ ਤਰ੍ਹਾਂ ਰੋਡ ਕੱਟਸ ਦੀ ਮੁਰੰਮਤ ਨਹੀਂ ਹੋ ਰਹੀ ਜਿਸ ਕਰਕੇ ਹਾਦਸਿਆਂ ਦਾ ਡਰ ਹਮੇਸ਼ਾ ਬਣਿਆ ਹੋਇਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਪ੍ਰੋਫੈਸਰ ਡਾ. ਚਰਨਜੀਤ ਕੌਰ ਨੇ ਕਿਹਾ ਕਿ ਸਟਰੀਟ ਲਾਈਟ ਸਵੇਰੇ ਪੰਜ ਵਜੇ ਬੰਦ ਕਰਨ ਕਰਕੇ ਔਰਤਾਂ ਚ ਰੋਸ ਕਿਉਂਕਿ ਸਵੇਰੇ ਸਵੇਰੇ ਔਰਤਾਂ ਸੈਰ ਕਰਨ ਨਿਕਲਦੀਆਂ ਹਨ ਪਰ ਲਾਈਟਾਂ ਬੰਦ ਹੋਣ ਕਰਕੇ ਉਨ੍ਹਾਂ ਅੰਦਰ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਅਮਰਜੀਤ ਸਿੰਘ ਵੜੈਚ ਅਨੁਸਾਰ ਪੁੱਡਾ ਦੇ ਸਾਹਮਣੇ ਮਾਰਕਿਟ ’ਚ ਫ਼ਰਸ਼ ਧਸ ਰਿਹਾ ਹੈ। ਸਾਬਕਾ ਆਈਏਐੱਸ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਇਸ ਵਾਰ ਹੋ ਰਹੀ ਬਾਰਸ਼ ਕਾਰਨ ਪਾਣੀ ਵਾਰ-ਵਾਰ ਘਰਾਂ ਵਿੱਚ ਵੜ ਰਿਹਾ ਹੈ, ਕਿਉਂਕਿ ਸੜਕਾਂ ਤੇ ਚੰਗੇ ਪ੍ਰਬੰਧ ਕਰਨੋਂ ਪੁੱਡਾ ਦੀ ਅਥਾਰਿਟੀ ਨਦਾਰਦ ਨਜ਼ਰ ਆਉਂਦੀ ਹੈ। ਪੁੱਡਾ ਦੇ ਇਨ੍ਹਾਂ ਫੇਜ਼ਾਂ ਵਿਚ ਲਾਵਾਰਸ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਲੋਕਾਂ ਵਿਚ ਹਮੇਸ਼ਾ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ।
ਸੜਕਾਂ ਦੀ ਮੁਰੰਮਤ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ
ਪਟਿਆਲਾ ਵਿਕਾਸ ਅਥਾਰਿਟੀ ਦੀ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਅਰਬਨ ਅਸਟੇਟ ਦੀਆਂ ਸੜਕਾਂ ਦੇ ਡਿਵਾਈਡਰਾਂ ਦੀ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਅਰਬਨ ਅਸਟੇਟ ਦੀਆਂ ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਨੂੰ ਫੜਨ ਲਈ ਹਾਲਾਂਕਿ ਪੀ ਪੁੱਡਾ ਕੋਲ ਕੋਈ ਵੀ ਸਾਧਨ ਨਹੀਂ ਹੈ ਪਰ ਫਿਰ ਵੀ ਇਨ੍ਹਾਂ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਪਟਿਆਲਾ ਨਾਲ ਰਾਬਤਾ ਕੀਤਾ ਗਿਆ ਹੈ। ਮਨੀਸ਼ਾ ਰਾਣਾ ਨੇ ਦੱਸਿਆ ਕਿ ਅਰਬਨ ਅਸਟੇਟ ਦੇ ਵਸਨੀਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਕਿ ਕੁਝ ਥਾਵਾਂ ’ਤੇ ਜੰਗਲੀ ਘਾਹ ਉੱਗਿਆ ਹੋਇਆ ਸੀ, ਜਿਸ ਦੀ ਸਫ਼ਾਈ ਕਰਵਾਉਣ ਲਈ ਉਨ੍ਹਾਂ ਨੇ ਸਬੰਧਿਤ ਬਰਾਂਚ ਨੂੰ ਹਦਾਇਤ ਕੀਤੀ ਹੈ ਅਤੇ ਕੰਮ ਸ਼ੁਰੂ ਹੋ ਗਿਆ ਹੈ। ਸੜਕਾਂ ਦੀ ਮੁਰੰਮਤ ਜਲਦੀ ਕਰਵਾ ਕੇ ਹੋਰ ਮੁਸ਼ਕਲਾਂ ਜਲਦੀ ਹੱਲ ਕੀਤੀਆਂ ਜਾਣਗੀਆਂ।