ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਵਾਸੀਆਂ ਨੂੰ ਹਾਲੇ ਵੀ ਨਹੀਂ ਮਿਲਿਆ ਟਰੈਫਿਕ ਜਾਮ ਤੋਂ ਛੁਟਕਾਰਾ

10:15 AM Sep 16, 2024 IST
ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਪੁਲ ਹੇਠ ਲੱਗਿਆ ਜਾਮ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ
ਲੁਧਿਆਣਾ, 15 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਵਾਹਨਾਂ ਦੀ ਗਿਣਤੀ ਵਧ ਜਾਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਨੂੰ ਦੇਖਦਿਆਂ ਭਾਵੇਂ ਥਾਂ-ਥਾਂ ਪੁਲਾਂ ਦੀ ਉਸਾਰੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਟਰੈਫਿਕ ਜਾਮ ਤੋਂ ਛੁਟਕਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ। ਇੱਥੋਂ ਦੇ ਪੱਖੋਵਾਲ ਰੋਡ, ਫਿਰੋਜ਼ਪੁਰ ਰੋਡ ’ਤੇ ਤਾਂ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਟਰੈਫਿਕ ਲਾਈਟਾਂ ਹੋਣ ਅਤੇ ਕਈ ਥਾਵਾਂ ’ਤੇ ਟਰੈਫਿਕ ਲਾਈਟਾਂ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਸ਼ ਦੇ ਵਪਾਰਕ ਧੁਰੇ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਪਿਛਲੇ ਕੁੱਝ ਸਮੇਂ ਤੋਂ ਕਈ ਪੁਲਾਂ ਦੀ ਉਸਾਰੀ ਕੀਤੀ ਗਈ ਹੈ। ਇੰਨਾਂ ਵਿੱਚ ਸਮਰਾਲਾ ਚੌਕ ਤੋਂ ਚੀਮਾ ਚੌਕ, ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ, ਬਸ ਸਟੈਂਡ ਤੋਂ ਭਾਰਤ ਨਗਰ ਚੌਕ, ਜਗਰਾਉਂ ਪੁਲ ਤੋਂ ਜਲੰਧਰ ਬਾਈਪਸ, ਫਿਰੋਜ਼ਪੁਰ ਰੋਡ ਅਤੇ ਪੱਖੋਵਾਲ ਰੋਡ ’ਤੇ ਬਣੇ ਪੁਲ ਅਹਿਮ ਹਨ। ਬੱਸ ਸਟੈਂਡ ਤੋਂ ਫਿਰੋਜ਼ਪੁਰ ਰੋਡ ਨੂੰ ਜਾਣ ਵਾਲੀ ਟਰੈਫਿਕ ਘੱਟ ਕਰਨ ਲਈ ਬਣਾਇਆ ਪੁਲ ਵੀ ਬਹੁਤਾ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ। ਲੋਕ ਇਸ ਪੁਲ ’ਤੇ ਜਾਣ ਦੀ ਥਾਂ ਭਾਰਤ ਨਗਰ ਚੌਕ ਤੋਂ ਹੋ ਕੇ ਜਾ ਰਹੇ ਹਨ। ਇਸ ਨਾਲ ਚੌਕ ’ਤੇ ਜਾਮ ਲੱਗ ਰਿਹਾ ਸੀ ਜਿਸ ਕਰਕੇ ਪ੍ਰਸ਼ਾਸਨ ਨੂੰ ਬੱਸ ਸਟੈਂਡ ਵਾਲੇ ਪਾਸਿਓਂ ਫੁਆਰਾ ਚੌਕ ਜਾਣ ਵਾਲੀ ਟਰੈਫਿਕ ਦਾ ਚੌਕ ਕੋਲੋਂ ਰਸਤਾ ਬੰਦ ਕਰਕੇ ਬਦਲਵੇਂ ਪਾਸਿਓਂ ਕੱਢਣਾ ਪਿਆ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਵਾਲੇ ਪਾਸਿਓਂ ਪੁਲ ਰਾਹੀਂ ਜਗਰਾਉਂ ਪੁਲ ਵੱਲ ਆਉਣ ਵਾਲੇ ਵਾਹਨ ਚਾਲਕਾਂ ਨੂੰ ਦੁਰਗਾ ਮਾਤਾ ਮੰਦਰ ਨੇੜੇ ਲੱਗੀਆਂ ਟਰੈਫਿਕ ਲਾਈਟਾਂ ਕਰਕੇ ਜਾਮ ਵਿੱਚ ਫਸਣਾ ਪੈ ਰਿਹਾ ਹੈ। ਇਸੇ ਤਰ੍ਹਾਂ ਭਾਈਬਾਲਾ ਚੌਕ ਵਿੱਚ ਟਰੈਫਿਕ ਬੱਤੀਆਂ ਲੱਗੀਆਂ ਹੋਣ ਕਰਕੇ ਲੋਕਾਂ ਨੂੰ ਲੰਬਾ ਸਮਾਂ ਟਰੈਫਿਕ ਜਾਮ ਵਿੱਚ ਖੜ੍ਹੇ ਹੋਣਾ ਪੈਂਦਾ ਹੈ।
ਇਸ ਤੋਂ ਇਲਾਵਾ ਜਵੱਦੀ ਵਾਲੇ ਪਾਸਿਓਂ ਸਰਾਭਾ ਨਗਰ ਨੂੰ ਜਾਣ ਲਈ ਬਣੇ ਰੇਲਵੇ ਅੰਡਰ ਬਰਿੱਜ ’ਤੇ ਵੀ ਟਰੈਫਿਕ ਲਾਈਟਾਂ ਨਾ ਹੋਣ ਕਰਕੇ ਜਾਮ ਲੱਗਿਆ ਰਹਿੰਦਾ ਹੈ। ਲਾਈਨਾਂ ਨਾ ਹੋਣ ਕਰਕੇ ਹਾਦਸਾ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਪੰਜਾਬ ਮਾਤਾ ਨਗਰ ਦੇ ਉਪਿੰਦਰ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਖੋਵਾਲ ਰੋਡ ’ਤੇ ਜਵੱਦੀ ਵਾਲੇ ਪਾਸਿਓਂ ਆਉਂਦੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਲਾਈਟਾਂ ਲਾਈਆਂ ਜਾਣ।

Advertisement

Advertisement