For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ਸਮਾਗਮ ਨੂੰ ਲੈ ਕੇ ਉਤਸ਼ਾਹਿਤ ਨੇ ਪਿੰਡ ਘੜਾਮ ਵਾਸੀ

08:46 AM Jan 19, 2024 IST
ਅਯੁੱਧਿਆ ਸਮਾਗਮ ਨੂੰ ਲੈ ਕੇ ਉਤਸ਼ਾਹਿਤ ਨੇ ਪਿੰਡ ਘੜਾਮ ਵਾਸੀ
ਪਿੰਡ ਘੜਾਮ ਵਿੱਚ ਮਿਲੇ ਇੱਕ ਪੁਰਾਣੇ ਕਿਲ੍ਹੇ ਦੀ ਫਾਈਲ ਫੋਟੋ।
Advertisement

ਅਮਨ ਸੂਦ
ਪਟਿਆਲਾ, 18 ਜਨਵਰੀ
ਅਯੁੱਧਿਆ ਵਿੱਚ 22 ਜਨਵਰੀ ਨੂੰ ਕਰਵਾਏ ਜਾ ਰਹੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਖੁਸ਼ੀ ਵਿੱਚ ਪਿੰਡ ਘੜਾਮ ਦੇ ਵਸਨੀਕ ਫੁੱਲੇ ਨਹੀਂ ਸਮਾ ਰਹੇ। ਪਟਿਆਲਾ ਤੋਂ ਲਗਪਗ 18 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਭਗਵਾਨ ਰਾਮ ਨਾਲ ਉਨ੍ਹਾਂ ਦਾ ਬਹੁਤ ਨੇੜਲਾ ਰਿਸ਼ਤਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਇਸ ਸਮਾਗਮ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਸੱਦਾ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਆਸ ਹੈ ਕਿ ਅਯੁੱਧਿਆ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਦਾ ਜ਼ਿਕਰ ਜ਼ਰੂਰ ਕੀਤਾ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਗਵਾਨ ਰਾਮ ਦੇ ਸਬੰਧ ਵਿੱਚ ਇਸ ਪਿੰਡ ਦਾ ਜ਼ਿਕਰ ਪੁਰਾਤਨ ਕਿਤਾਬਾਂ ਵਿੱਚ ਵੀ ਮਿਲਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1966 ਵਿੱਚ ਛਾਪੀ ਗਈ ਪੁਸਤਕ ‘ਪਟਿਆਲਾ ਐਂਡ ਇਟਸ ਹਿਸਟੌਰੀਕਲ ਸਰਾਉਂਡਿੰਗਜ਼’ ਵਿੱਚ ਲਿਖਿਆ ਮਿਲਦਾ ਹੈ ਕਿ ਪਟਿਆਲਾ ‘ਸ੍ਰੀ ਰਾਮ ਚੰਦਰ ਜੀ ਨਾਲ ਆਪਣੀ ਨੇੜਤਾ ਦਾ ਦਾਅਵਾ ਕਰ ਸਕਦਾ ਹੈ।’ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਪੁਸਤਕਾਂ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਰਾਜਾ ਦਸ਼ਰਥ ਦੀ ਬਾਰਾਤ ਪਿੰਡ ਘੜਾਮ ਆਈ ਸੀ ਤੇ ਇਥੇ ਦਸ਼ਰਥ ਨੇ ਕੌਸ਼ੱਲਿਆ ਨਾਲ ਵਿਆਹ ਕਰਵਾਇਆ ਸੀ, ਜਿਸ ਮਗਰੋਂ ਰਾਮ ਦਾ ਜਨਮ ਆਪਣੇ ਨਾਨਕੇ ਪਿੰਡ ਘੜਾਮ ਵਿੱਚ ਹੀ ਹੋਇਆ ਸੀ।
ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਨੇ ਕਿਹਾ, ‘ਇਸ ਪਿੰਡ ਵਿੱਚ ਹਾਲੇ ਵੀ ਉਸ ਯੁੱਗ ਨਾਲ ਸਬੰਧਤ ਕਿਲ੍ਹਾ ਤੇ ਕੁਝ ਅਵਸ਼ੇਸ਼ ਮਿਲਦੇ ਹਨ। ਇਹ ਪਿੰਡ ਇੱਕ ਇਤਿਹਾਸਕ ਹੈ ਤੇ ਹਿੰਦੂ ਮਿਥਿਹਾਸ ਨਾਲ ਇਸ ਦਾ ਡੂੰਘਾ ਸਬੰਧ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਨੂੰ ਉਸ ਦੀ ਬਣਦੀ ਇਤਿਹਾਸਕ ਪਛਾਣ ਮਿਲੇ। ਸਾਨੂੰ ਖੁਸ਼ੀ ਹੈ ਕਿ ਆਖਿਰਕਾਰ ਅਯੁੱਧਿਆ ਦੇ ਰਾਮ ਮੰਦਿਰ ਵਿੱਚ ਸ੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਹੋ ਰਹੀ ਹੈ ਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ ਜੇਕਰ ਇਸ ਦੌਰਾਨ ਸਾਡੇ ਪਿੰਡ ਦੇ ਇਤਿਹਾਸ ਦਾ ਵੀ ਜ਼ਿਕਰ ਕੀਤਾ ਜਾਵੇ। ਸਿਰਫ਼ ਮੈਂ ਹੀ ਨਹੀਂ, ਸਾਡੇ ਪਿੰਡ ਦੀਆਂ ਕਈ ਪੀੜ੍ਹੀਆਂ ਭਗਵਾਨ ਰਾਮ ਨਾਲ ਪਿੰਡ ਦੇ ਰਿਸ਼ਤੇ ਦੀਆਂ ਕਹਾਣੀਆਂ ਸੁਣਦੀਆਂ ਵੱਡੀਆਂ ਹੋਈਆਂ ਹਨ।’ ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਭਗਵਾਨ ਰਾਮ ਦਾ ਜਨਮ ਅਯੁੱਧਿਆ ਵਿੱਚ ਨਹੀਂ ਸਗੋਂ ਆਪਣੇ ਨਾਨਕੇ ਪਿੰਡ ਘੜਾਮ ਵਿੱਚ ਨਾਨਾ ਖੋਹ ਰਾਮ ਦੇ ਮਹਿਲ ਵਿੱਚ ਹੋਇਆ ਸੀ। ਹਾਲਾਂਕਿ ਇਤਿਹਾਸਕਾਰ ਰਾਮ ਚੰਦਰ ਨਾਲ ਇਸ ਪਿੰਡ ਦਾ ਸਬੰਧ ਹਾਲੇ ਤੱਕ ਸਾਬਤ ਨਹੀਂ ਕਰ ਸਕੇ ਹਨ।
ਪਿੰਡ ਵਿੱਚ ਇਸ ਵੇਲੇ ਖਸਤਾ ਹਾਲ ਵਿੱਚ ਇੱਕ ਪੁਰਾਣਾ ਕਿਲ੍ਹਾ ਤੇ ਕਈ ਅਵਸ਼ੇਸ਼ ਸਾਂਝੇ ਪਏ ਮਿਲਦੇ ਹਨ। ਇਤਿਹਾਸਕਾਰਾਂ ਦਾ ਮੱਤ ਵੱਖਰਾ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੂੰ ਆਸ ਹੈ ਕਿ 22 ਜਨਵਰੀ ਵਾਲੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਨੂੰ ਬਣਦਾ ਮਾਣ ਜ਼ਰੂਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਨੇ ਵੀ ਪਿੰਡ ਦਾ ਦੌਰਾ ਕਰਕੇ ਪਿੰਡ ਦੀਆਂ ਸੜਕਾਂ ਦਾ ਨਾਂ ਭਗਵਾਨ ਰਾਮ ਦੇ ਨਾਂ ’ਤੇ ਰੱਖਣ ਦਾ ਭਰੋਸਾ ਦਿਵਾਇਆ ਸੀ।

Advertisement

ਤੱਥਾਂ ਸਬੰਧੀ ਹੋਰ ਖੋਜ ਦੀ ਲੋੜ: ਡਾ. ਬਖ਼ਸ਼ੀਸ਼

ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਹਿਸਟੌਰੀਕਲ ਸਟੱਡੀਜ਼ ਦੇ ਸਾਬਕਾ ਮੁਖੀ ਡਾ. ਪਰਮ ਬਖ਼ਸ਼ੀਸ਼ ਸਿੰਘ ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ‘ਰਾਮਾਇਣ’ ਮਹੱਤਵਪੂਰਨ ਮਹਾਕਾਵਿ ਹੈ, ਜਿਸ ਦਾ ਸਬੰਧ ਦੇਸ਼ ਦੇ ਲਗਪਗ ਹਰ ਕੋਨੇ ਨਾਲ ਹੈ। ਉਨ੍ਹਾਂ ਕਿਹਾ, ‘ਘੜਾਮ ਪਿੰਡ ਦੇ ਵਸਨੀਕ ਲੰਬੇ ਅਰਸੇ ਤੋਂ ਭਗਵਾਨ ਰਾਮ ਨਾਲ ਆਪਣਾ ਰਿਸ਼ਤਾ ਮੰਨਦੇ ਆ ਰਹੇ ਹਨ ਤੇ ਇਹ ਦਾਅਵਾ ਕਰਨ ਲਈ ਪਿੰਡ ਵਾਸੀਆਂ ਵੱਲੋਂ ਖੋਜਾਂ ਵੀ ਕੀਤੀਆਂ ਗਈਆਂ ਹਨ ਤੇ ਹਾਲੇ ਹੋਰ ਵੱਡੀਆਂ ਖੋਜਾਂ ਕੀਤੀਆਂ ਜਾਣੀਆਂ ਜ਼ਰੂਰੀ ਹਨ।’

Advertisement

1975 ਤੋਂ 1977 ਦੌਰਾਨ ਹੋਈ ਸੀ ਪਿੰਡ ਵਿੱਚ ਖੁਦਾਈ

ਰੋਹਤਕ ਸਥਿਤ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਅਤੇ ਪੁਰਾਤਨ ਭਾਰਤੀ ਇਤਿਹਾਸ, ਸਭਿਆਚਾਰ ਤੇ ਪੁਰਾਤਤਵ ਦੇ ਮਾਹਿਰ ਮਨਮੋਹਨ ਕੁਮਾਰ ਨੇ ਦੱਸਿਆ ਕਿ ਪਿੰਡ ਘੜਾਮ ਵਿੱਚ 1975 ਤੋਂ 1977 ਦੌਰਾਨ ਖੁਦਾਈ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਮੈਂ ਉਸ ਖੁਦਾਈ ਪ੍ਰਾਜੈਕਟ ਵਿੱਚ ਸ਼ਾਮਲ ਸੀ। ਹਾਲਾਂਕਿ ਰਾਮਾਇਣ ਨਾਲ ਸਿੱਧੇ ਤੌਰ ’ਤੇ ਪਿੰਡ ਦਾ ਕੋਈ ਸਬੰਧ ਤਾਂ ਉਜਾਗਰ ਨਹੀਂ ਹੁੰਦਾ, ਪਰ ਇਸ ਖੁਦਾਈ ਦੌਰਾਨ ਕਈ ਸਦੀਆਂ ਪੁਰਾਣੇ ਅਵਸ਼ੇਸ਼ ਜ਼ਰੂਰ ਮਿਲੇ ਹਨ।’ ਉਨ੍ਹਾਂ ਕਿਹਾ, ‘ਪਿੰਡ ਵਾਸੀਆਂ ਵੱਲੋਂ ਲੰਬੇ ਅਰਸੇ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਤੇ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਨਾਂ ਵੀ ਰਾਮਾਇਣ ਨਾਲ ਸਬੰਧ ਰੱਖਦੇ ਹਨ। ਪਿੰਡ ਵਿੱਚਲੀ ਕੁਝ ਜ਼ਮੀਨ ਹਾਲੇ ਵੀ ਭਗਵਾਨ ਰਾਮ ਦੇ ਦੋਵੇਂ ਪੁੱਤਰਾਂ ਲਵ ਤੇ ਕੁਸ਼ ਦੇ ਨਾਂ ’ਤੇ ਬੋਲਦੀ ਹੈ।’

Advertisement
Author Image

sukhwinder singh

View all posts

Advertisement