For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਜਨਤਕ

07:20 AM Jul 01, 2024 IST
ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਜਨਤਕ
ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਸਰਬਜੀਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 30 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਦੋ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਦੇ ਕੁਝ ਅੰਸ਼ ਜਨਤਕ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜੇਕਰ ਇਸ ਰਿਪੋਰਟ ਨੂੰ ਲਾਗੂ ਕੀਤਾ ਹੁੰਦਾ ਤਾਂ ਪਾਰਟੀ ਨੂੰ ਅੱਜ ਇਹ ਦਿਨ ਨਹੀਂ ਸੀ ਦੇਖਣੇ ਪੈਂਦੇ।
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਖਿਮਾਜਾਚਨਾ ਕਰਨ ਤੋਂ ਇੱਕ ਦਿਨ ਪਹਿਲਾਂ ਝੂੰਦਾਂ ਕਮੇਟੀ ਦੇ ਮੈਂਬਰ ਰਹੇ ਚੰਦੂਮਾਜਰਾ ਅਤੇ ਜਥੇਦਾਰ ਵਡਾਲਾ ਨੇ ਰਿਪੋਰਟ ਦਾ ਕੁਝ ਹਿੱਸਾ ਪੇਸ਼ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਨਵੀਂ ਮੁਸਬੀਤ ਖੜ੍ਹੀ ਕਰ ਦਿੱਤੀ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਰਿਪੋਰਟ ਦੀ ਨਕਲ ਵੀ ਨਹੀਂ ਹੈ। ਉਨ੍ਹਾਂ ਇਸ ਰਿਪੋਰਟ ਵਿੱਚ ਸ਼ਾਮਿਲ ਕੀਤੇ 16 ਨੁਕਤੇ ਪਹਿਲੀ ਵਾਰ ਜਨਤਕ ਕੀਤੇ।
ਚੰਦੂਮਾਜਰਾ ਤੇ ਵਡਾਲਾ ਨੇ ਕਿਹਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਹੋਵੇ। ਪਾਰਟੀ ਵਰਕਰਾਂ ਦੀ ਇੱਛਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਸਰਕਾਰ ਸਮੇਂ ਹੋਈਆਂ ਭੁੱਲਾਂ ਬਖ਼ਸ਼ਾਈਆਂ ਜਾਣ ਅਤੇ ਮੁਆਫੀ ਮੰਗੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਥ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਾਉਣ ਅਤੇ ਲੋਕਾਂ ਦੀ ਖਾਤਰ ਲੜਨ ਲਈ ਨਵੀਂ ਲੀਡਰਸ਼ਿਪ ਤਿਆਰ ਕਰਨ ਦਾ ਸੁਨੇਹਾ ਦੇਣ ਵਾਲੀ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਨਾ ਕਰ ਕੇ ਅਕਾਲੀ ਵਰਕਰਾਂ ਨਾਲ ਧੋਖਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਤਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ’ਤੇ ਵੀ ਚੋਣ ਲੜਨ ’ਤੇ ਰੋਕ ਲਗਾਉਣ ਦੀ ਸਿਫਾਰਸ਼ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਬਤ ਸੂਰਤ ਹੋਣੇ ਚਾਹੀਦੇ ਹਨ।
ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਮੰਚ ’ਤੇ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਹੜੇ ਇਸ ਰਿਪੋਰਟ ਨੂੰ ਜਨਤਕ ਕਰਨਾ ਚਾਹੁੰਦੇ ਸਨ।

Advertisement

‘ਰਿਪੋਰਟ ਵਿੱਚ ਸੋਈ ਨੂੰ ਭੰਗ ਕਰਨ ਦੀ ਕੀਤੀ ਗਈ ਸੀ ਸਿਫ਼ਾਰਸ਼’

ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਸੋਈ) ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਬਹਾਲ ਕਰਨ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ। ਟਿਕਟਾਂ ਦੀ ਵੰਡ ਲਈ ਪਾਰਲੀਮਾਨੀ ਬੋਰਡ ਬਣਾਉਣ, ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਮੁੜ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਅਤੇ ਪ੍ਰਧਾਨ ਦੀ ਮਿਆਦ ਦੋ ਵਾਰ ਤੋਂ ਬਾਅਦ ਲਗਾਤਾਰ ਨਾ ਹੋਣ ਦੀ ਸਿਫਾਰਸ਼ ਕੀਤੀ ਗਈ ਸੀ। ਜਥੇਦਾਰ ਵਡਾਲਾ ਨੇ ਕਿਹਾ ਕਿ ਝੂੰਦਾਂ ਰਿਪੋਰਟ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ ਕਿ ਪਾਰਟੀ ਵਿੱਚੋਂ ਏਕਾਧਿਕਾਰ ਖਤਮ ਕਰਕੇ ਸਮੂਹਿਕ ਲੀਡਰਸ਼ਿਪ ਸਾਹਮਣੇ ਆਉਣੀ ਚਾਹੀਦੀ ਹੈ ਜਿਵੇਂ ਪਹਿਲਾਂ ਵਾਲੇ ਸਮਿਆਂ ਵਿਚ ਸੀ। ਸ਼੍ਰੋਮਣੀ ਕਮੇਟੀ ਮੈਂਬਰ ਵੀ ਰਾਜਨੀਤਕ ਚੋਣ ਨਹੀਂ ਲੜ ਸਕਦਾ। ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ’ਤੇ ਡੱਟ ਕੇ ਪਹਿਰੇਦਾਰੀ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਸੀ। ਇੱਕ ਪਰਿਵਾਰ ਇੱਕ ਟਿਕਟ ਅਤੇ ਸ਼੍ਰੋਮਣੀ ਕਮੇਟੀ ਵਿੱਚ ਰਾਜਨੀਤਕ ਦਖਲਅੰਦਾਜ਼ੀ ਬੰਦ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਸੀ।

Advertisement
Author Image

sukhwinder singh

View all posts

Advertisement
Advertisement
×