ਨਿੱਕੇ ਲੇਖਕਾਂ ਦੀ ਪੁਸਤਕ ‘ਨਵੀਂਆਂ ਕਲਮਾਂ ਨਵੀਂ ਉਡਾਣ’ ਰਿਲੀਜ਼
ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬੱਚਿਆਂ ਅੰਦਰ ਲਿਖਣ ਦੀ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸਮੁੱਚੀ ਦੁਨੀਆ ਦੇ ਵਿੱਚ ਆਰੰਭੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ‘ਨਵੀਂਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਅਧੀਨ ਪ੍ਰਾਇਮਰੀ ਪੱਧਰ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਆਪਣੀਆਂ ਲਿਖਤਾਂ ਲਿਖੀਆਂ ਗਈਆਂ। ਜਿਸ ਨੂੰ ਸੰਪਾਦਿਤ ਗੁਰਮੀਤ ਸਿੰਘ ਨਿਰਮਾਣ ਨੇ ਪ੍ਰਾਇਮਰੀ ਪੱਧਰ ਲਈ ਕਿਤਾਬ ਤਿਆਰ ਕੀਤੀ। ਇਹ ਕਿਤਾਬ ਅੱਜ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਕੱਤਰ ਨੰਨ੍ਹੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਮਾਂ ਬੋਲੀ ਪੰਜਾਬੀ ਨਾਲ ਬੱਚਿਆਂ ਨੂੰ ਜੋੜਨਾ ਹੀ ਨਹੀਂ , ਸਗੋਂ ਪੰਜਾਬੀ ਵਿਰਸੇ ਤੇ ਪੰਜਾਬ ਦੇ ਇਤਿਹਾਸ ਨਾਲ ਜੋੜਨਾ ਵੀ ਹੈ। ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਕਿਤਾਬ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ‘ਨਵੀਂਆਂ ਕਲਮਾਂ ਨਵੀਂ ਉਡਾਣ’ ਦੇ ਭਵਿੱਖ ਸਬੰਧੀ ਕਾਰਜਾਂ ਅਤੇ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਦੱਸਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਇਹ ਉਪਰਾਲਾ ਬੱਚਿਆਂ ਵਿੱਚ ਨਵੀਂਆਂ ਕਲਾਵਾਂ ਪੈਦਾ ਕਰੇਗਾ। ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਵੱਲੋਂ ਨਵੀਂਆਂ ਕਲਮਾਂ ਨਵੀਂ ਉਡਾਣ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਸਰਕਾਰੀ ਸਕੂਲ ਕਪੂਰੀ ਦੇ ਬਾਲ ਲੇਖਕਾਂ ਦਾ ਸਨਮਾਨ
ਦੇਵੀਗੜ੍ਹ: ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ‘ਨਵੀਆਂ ਕਲਮਾਂ ਨਵੀਂ ਉਡਾਣ’ ਕਿਤਾਬਾਂ ਦੀ ਲੜੀ ਤਹਿਤ ਅੱਜ ਪ੍ਰਾਇਮਰੀ ਪੱਧਰ ਦੀ ਪਲੇਠੀ ਕਿਤਾਬ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਵਿੱਚ ਲੋਕ ਅਰਪਣ ਕੀਤੀ ਗਈ। ਗੁਰਮੀਤ ਸਿੰਘ ਨਿਰਮਾਣ ਦੁਆਰਾ ਪ੍ਰਾਇਮਰੀ ਪੱਧਰ ਦੇ ਬਾਲ ਲੇਖਕਾਂ ਦੀ ਸੰਪਾਦਿਤ ਕਿਤਾਬ ਨਵੀਂ ਕਲਮਾਂ ਨਵੀਂ ਉਡਾਨ ਭਾਗ 25 ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਇਸ ਕਿਤਾਬ ਵਿੱਚ ਸਮਾਰਟ ਸਕੂਲ ਕਪੂਰੀ ਨੇੜੇ ਦੇਵੀਗੜ੍ਹ ਦੇ ਬਾਲ ਲੇਖਕਾਂ ਦੀਆਂ ਚਾਰ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਪੂਰੀ ਦੇ ਬਾਲ ਲੇਖਕਾਂ ਤੇ ਗਾਈਡ ਅਧਿਆਪਕ ਹਰਪ੍ਰੀਤ ਸਿੰਘ ਉੱਪਲ ਤੇ ਸਤਵਿੰਦਰ ਕੌਰ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ