ਲਾਲ ਲਕੀਰ ਨੇ ਕਰੋੜਾਂ ਦੀ ਜਾਇਦਾਦ ਵਾਲੇ ਬਣਾਏ ਫਕੀਰ
ਪੱਤਰ ਪ੍ਰੇਰਕ
ਬਾਘਾ ਪੁਰਾਣਾ, 20 ਅਗਸਤ
ਲਾਲ ਲਕੀਰ ਦੇ ਘੇਰੇ ਵਿੱਚ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮਾਲ ਵਿਭਾਗ ਵੱਲੋਂ ਨੰਬਰ ਦੇ ਕੇ ਮਾਲਕੀ ਤਸਦੀਕ ਕੀਤੀ ਜਾਵੇ ਤਾਂ ਜੋ ਉਹ ਬੈਂਕ ਜਾਂ ਹੋਰਨਾਂ ਅਦਾਰਿਆਂ ਕੋਲੋਂ ਕਰਜ਼ਾ ਲੈ ਸਕਣ। ਮਾਲ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਵਿਭਾਗ ਜਾਂ ਸਰਕਾਰ ਲਈ ਇਹ ਕੋਈ ਔਖਾ ਕੰਮ ਨਹੀਂ, ਸਗੋਂ ਲਾਲ ਲਕੀਰ ਦੇ ਘੇਰੇ ਵਿੱਚ ਆਉਂਦੀਆਂ ਜਾਇਦਾਦਾਂ ਨੂੰ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਨੰਬਰਾਂ ਦੀ ਤਰਤੀਬ ਦੇ ਕੇ ਇਸ ਨੂੰ ਨੰਬਰ ਦਿੱਤੇ ਜਾ ਸਕਦੇ ਹਨ। ਦੇਸ਼ ਦੀ ਵੰਡ ਅਤੇ ਮੁਰੱਬੇਬੰਦੀ ਵੇਲੇ ਅਲਾਟਮੈਂਟ ਰਾਹੀਂ ਅਜਿਹੇ ਪਲਾਟਾਂ ਦੇ ਮਾਲਕ ਬਣੇ ਲੋਕਾਂ ਨੇ ਕਿਹਾ ਕਿ ਇਕ ਤਾਂ ਉਨ੍ਹਾਂ ਦੀ ਕਈ ਏਕੜ ਜਗ੍ਹਾ ਵੰਡ ਸਮੇਂ ਉਧਰ ਪਾਕਿਸਤਾਨ ‘ਚ ਰਹਿ ਗਈ ਅਤੇ ਉਸ ਬਦਲੇ ਮਿਲੀ ਮਾਮੂਲੀ ਜਗ੍ਹਾ ਦੇ ਵੀ ਹੁਣ ਤੱਕ ਅਸਲ ਮਾਲਕ ਨਹੀਂ ਬਣ ਸਕੇ ਅਤੇ ਇਸ ਦੋਹਰੀ ਮਾਰ ਤੋਂ ਉਨ੍ਹਾਂ ਨੂੰ ਮੁਕਤ ਕਰਕੇ ਲਾਲ ਲਕੀਰ ਨੂੰ ਨੰਬਰਾਂ ਵਾਲੇ ਘੇਰੇ ਵਿੱਚ ਲਿਆ ਜਾਵੇ। ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1952 ਵਿੱਚ ਹੋਈ ਮੁਰੱਬਾਬੰਦੀ ਨੇ ਉਸ ਜਾਇਦਾਦ ਨੂੰ ਮਾਲ ਮਹਿਕਮੇ ਦੇ ਖਾਤੇ ‘ਚੋਂ ਕੱਢ ਦਿੱਤਾ ਜਿਹੜੀ ਜਾਇਦਾਦ ਉਪਰ ਘਰੇਲੂ ਵਸੋਂ ਸੀ। ਅਜਿਹੀ ਵਸੋਂ ਨੂੰ ਲਾਲ ਲਕੀਰ ਦੇ ਘੇਰੇ ਵਾਲੀ ਆਬਾਦੀ ਦੱਸਦਿਆਂ ਇਸ ਨੂੰ ਮਾਲ ਵਿਭਾਗ ਦੇ ਰਿਕਾਰਡ ‘ਚੋਂ ਮਨਫੀ ਕਰ ਦਿੱਤਾ ਗਿਆ, ਭਾਵ ਅਜਿਹੀ ਜਾਇਦਾਦ ਦਾ ਵਿਭਾਗ ਕੋਲ ਕੋਈ ਇੰਤਕਾਲ ਨੰਬਰ ਜਾਂ ਜਮ੍ਹਾਂਬੰਦੀ ਦਾ ਕਿਸੇ ਕਿਸਮ ਦਾ ਕੋਈ ਰਿਕਾਰਡ ਹੁਣ ਤੱਕ ਨਹੀਂ। ਇੰਤਕਾਲ ਦੇ ਨੰਬਰਾਂ ਤੋਂ ਰਹਿਤ ਅਜਿਹੀ ਜਗ੍ਹਾ ਉਪਰ ਇਸ ਜਾਇਦਾਦ ਦੇ ਮਾਲਕਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਬੈਂਕਾਂ ਜਾਂ ਕੋਈ ਹੋਰ ਫਾਇਨੈਂਸ ਕੰਪਨੀ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੰਦੀ ਹੈ।