ਆਈਪੀਐੱਲ ਦੇ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਟੁੱਟਿਆ
ਮੁੰਬਈ, 28 ਮਾਰਚ
ਆਈਪੀਐੱਲ ਦੇ 17ਵੇਂ ਸੈਸ਼ਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਅਤੇ ਚੇਨੱਈ ਸੁਪਰ ਕਿੰਗਜ਼ ਤੇ ਰੌਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਮੈਚ ਨੂੰ ਰਿਕਾਰਡ 16 ਕਰੋੜ 80 ਲੱਖ ਦਰਸ਼ਕਾਂ ਨੇ ਦੇਖਿਆ। ਮੇਜ਼ਬਾਨ ਪ੍ਰਸਾਰਕ ਨੇ ਇਹ ਜਾਣਕਾਰੀ ਦਿੱਤੀ। ਆਈਪੀਐੱਲ ਦੇ ਅਧਿਕਾਰਤ ਪ੍ਰਸਾਰਕ ਡਿਜ਼ਨੀ ਸਟਾਰ ਨੇ ਕਿਹਾ ਕਿ ਪਹਿਲੇ ਦਿਨ ਖੇਡ ਦਾ ‘ਵਾਚਟਾਈਮ’ (ਦੇਖਣ ਦਾ ਸਮਾਂ) 1272 ਕਰੋੜ ਮਿੰਟ ਰਿਹਾ ਜੋ ਕਿਸੇ ਵੀ ਸੈਸ਼ਨ ਵਿੱਚ ਪਹਿਲੇ ਦਿਨ ਦਾ ਰਿਕਾਰਡ ਹੈ। ਆਈਪੀਐੱਲ ਦੇ 17ਵੇਂ ਸੈਸ਼ਨ ਵਿੱਚ ਪਹਿਲੇ ਦਿਨ ਡਿਜ਼ਨੀ ਸਟਾਰ ਨੈੱਟਵਰਕ ’ਤੇ ਛੇ ਕਰੋੜ ਤੋਂ ਵੱਧ ਦਰਸ਼ਕਾਂ ਨੇ ਪ੍ਰਸਾਰਨ ਦੇਖਿਆ। ਕੰਪਨੀ ਨੇ ਕਿਹਾ, ‘‘ਡਿਜ਼ਨੀ ਸਟਾਰ ਨੇ ਆਈਪੀਐੱਲ 2023 ਦੇ ਪਹਿਲੇ ਦਿਨ 870 ਕਰੋੜ ਮਿੰਟ ਰਿਕਾਰਡ ਕੀਤੇ ਸਨ। ਪਿਛਲੇ ਸੈਸ਼ਨ ਦੇ ਮੁਕਾਬਲੇ ਵਾਚਟਾਈਮ 16 ਫੀਸਦੀ ਵਧਿਆ ਹੈ।’’ ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਪਹਿਲੇ ਮੈਚ ਵਿੱਚ ਰੌਇਲ ਚੈਲੇਂਜਰਜ਼ ਬੰਗਲੌਰ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। ਸਟਾਰ ਸਪੋਰਟਸ ਦੇ ਇੱਕ ਤਰਜਮਾਨ ਨੇ ਬਿਆਨ ਵਿੱਚ ਕਿਹਾ, ‘‘ਇਹ ਵੱਡੀ ਪ੍ਰਾਪਤੀ ਹੈ ਜਿਸ ਨੂੰ ਸਟਾਰ ਸਪੋਰਟਸ ਦੇ ਦਰਸ਼ਕਾਂ ਦੇ ਪ੍ਰੇਮ ਨੇ ਸੰਭਵ ਬਣਾਇਆ ਹੈ। ਅਸੀਂ ਆਪਣੇ ਭਾਈਵਾਲਾਂ ਅਤੇ ਬੀਸੀਸੀਆਈ ਦੇ ਨਾਲ ਟਾਟਾ ਆਈਪੀਐੱਲ ਦਾ ਵੀ ਧੰਨਵਾਦ ਕਰਦੇ ਹਾਂ।’’ -ਪੀਟੀਆਈ