ਅਕਾਲੀਆਂ ਦੇ ਬਾਗ਼ੀ ਧੜੇ ਵੱਲੋਂ 13 ਮੈਂਬਰੀ ਪ੍ਰਜ਼ੀਡੀਅਮ ਦਾ ਐਲਾਨ
ਪਾਲ ਸਿੰਘ ਨੌਲੀ
ਜਲੰਧਰ, 29 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਧਾਰ ਲਹਿਰ ਨੂੰ ਅੱਗੇ ਤੋਰਦਿਆਂ 13 ਮੈਂਬਰੀ ਪ੍ਰਜ਼ੀਡੀਅਮ ਦਾ ਐਲਾਨ ਕੀਤਾ ਹੈ। ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਨ੍ਹਾਂ 13 ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਕਿਰਨਜੀਤ ਕੌਰ, ਚਰਨਜੀਤ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਲਾਂਡਰਾ ਤੇ ਹਰਿੰਦਰ ਪਾਲ ਸਿੰਘ ਟੌਹੜਾ ਸ਼ਾਮਲ ਹਨ।
ਜਥੇਦਾਰ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨਾਜ਼ੁਕ ਹਾਲਾਤ ਵਿੱਚੋਂ ਲੰਘ ਰਿਹਾ ਹੈ ਅਤੇ ਇਹ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਹੁੰਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸਿੱਖ ਕੌਮ ਦੇ ਸਾਹਮਣੇ ਅਜਿਹਾ ਏਜੰਡਾ ਲੈ ਕੇ ਜਾਣਾ ਹੈ, ਜੋ ਸਮੁੱਚੇ ਪੰਥ ਅਤੇ ਸੰਗਤ ਅੱਗੇ ਸੁਹਿਰਦ ਸਿੱਖ ਲੀਡਰਸ਼ਿਪ ਖੜ੍ਹੀ ਕਰ ਸਕੇ ਤੇ ਸਿੱਖ ਪੰਥ ਦਾ ਵਿਸ਼ਵਾਸ ਮੁੜ ਹਾਸਲ ਹੋ ਸਕੇ। ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਪੰਥ ਦੀ ਨਬਜ਼ ਪਛਾਣਦਿਆਂ ਤਿਆਗ ਦੀ ਭਾਵਨਾ ਦਿਖਾਉਣ ਅਤੇ ਅਹੁਦੇ ਤੋਂ ਲਾਂਭੇ ਹੋ ਕੇ ਪੰਥ ਤੇ ਸਿੱਖੀ ਦੀ ਸੇਵਾ ਕਰਨ।
ਪੰਥ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ: ਚੰਦੂਮਾਜਰਾ
ਲਾਲੜੂ (ਸਰਬਜੀਤ ਸਿੰਘ ਭੱਟੀ): ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਨੇੜਲੇ ਪਿੰਡ ਤਸਿੰਬਲੀ ਵਿੱਚ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਪੰਥ ਦੀ ਚੜ੍ਹਦੀ ਕਲਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੁੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਅਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲਾਂਭੇ ਹੋਣ ਨਾਲ ਹੀ ਪੰਥਕ ਸਫ਼ਾਂ ’ਤੇ ਲੋਕਾਂ ਦਾ ਅਕਾਲੀ ਦਲ ਪ੍ਰਤੀ ਵਿਸ਼ਵਾਸ ਬਹਾਲ ਹੋ ਸਕਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਸਿੱਖ ਪੰਥ ਦੇ ਵਡੇਰੇ ਹਿੱਤਾਂ ਖਾਤਰ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਸ਼ਹੀਦੀ ਸਮਾਗਮ ਵਜੋਂ 20 ਅਗਸਤ ਨੂੰ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਇਸੇ ਤਰ੍ਹਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਥੇਦਾਰ ਮੋਹਨ ਸਿੰਘ ਤੁੜ ਨਾਲ ਸਬੰਧਿਤ ਸਮਾਗਮ ਵੀ ਕਰਵਾਏ ਜਾਣਗੇ।