ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਸ਼ੇਅਰ ਬਾਜ਼ਾਰ ਦੇ ਉਛਾਲ ਦੀ ਹਕੀਕਤ

05:51 AM May 07, 2024 IST

ਰਾਜੀਵ ਖੋਸਲਾ
Advertisement

ਸਾਲ 2023 ਦੇ ਨਵੰਬਰ ਮਹੀਨੇ ਭਾਰਤੀ ਸ਼ੇਅਰ ਬਾਜ਼ਾਰ (ਨੈਸ਼ਨਲ ਸਟਾਕ ਐਕਸਚੇਂਜ) ਨੇ ਦੁਨੀਆ ਦੀਆਂ ਸੁਪਰ ਪਾਵਰ ਸਟਾਕ ਮਾਰਕੀਟਾਂ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਅੱਜ ਭਾਰਤੀ ਸਟਾਕ ਮਾਰਕੀਟ ਵਿੱਚ ਸੂਚੀਬੱਧ ਸ਼ੇਅਰਾਂ ਦਾ ਮੁੱਲ 4 ਲੱਖ ਕਰੋੜ ਡਾਲਰ ਤੋਂ ਵੀ ਉੱਤੇ ਪਹੁੰਚ ਗਿਆ ਹੈ। ਹੁਣ ਕੇਵਲ ਅਮਰੀਕਾ, ਚੀਨ, ਜਾਪਾਨ ਅਤੇ ਹਾਂਗ ਕਾਂਗ ਦੇ ਸ਼ੇਅਰ ਬਾਜ਼ਾਰ ਹੀ ਭਾਰਤੀ ਸ਼ੇਅਰ ਬਾਜ਼ਾਰ ਤੋਂ ਅੱਗੇ ਹਨ। ਸ਼ੇਅਰ ਬਾਜ਼ਾਰ ਦੀ ਇਹ ਨਵੀਨਤਮ ਕ੍ਰਾਂਤੀ ਭਾਵੇਂ 2014-15 ਤੋਂ ਸ਼ੁਰੂ ਹੋ ਗਈ ਸੀ ਪਰ ਇਸ ਨੂੰ ਅਸਲ ਹੁਲਾਰਾ 2019-20 ਤੋਂ ਬਾਅਦ ਮਿਲਿਆ। ਡੀਮੈਟ ਖਾਤੇ ਜਿਨ੍ਹਾਂ ਰਾਹੀਂ ਨਿਵੇਸ਼ਕ ਸ਼ੇਅਰਾਂ ਦੀ ਖਰੀਦ ਤੇ ਵਿਕਰੀ ਕਰਦੇ ਹਨ ਅਤੇ ਜਿਨ੍ਹਾਂ ਦੀ ਸੰਖਿਆ 31 ਮਾਰਚ 2014 ਤਕ 22 ਲੱਖ ਸੀ, 31 ਮਾਰਚ 2019 ਤਕ ਵੱਧ ਕੇ 3.5 ਕਰੋੜ ਪਹੁੰਚ ਗਏ; 31 ਮਾਰਚ 2024 ਤਕ ਇਹ 15 ਕਰੋੜ ਹੋ ਗਏ।
ਭਾਰਤੀ ਸਟਾਕ ਮਾਰਕੀਟ ਨੂੰ ਖੰਭ ਲਾਉਣ ਵਿੱਚ ਮਿਊਚਲ ਫੰਡ ਉਦਯੋਗ ਦਾ ਵੀ ਬਹੁਤ ਯੋਗਦਾਨ ਰਿਹਾ ਹੈ। ਮਿਊਚਲ ਫੰਡ ਕੰਪਨੀਆਂ ਨੇ ਹਰ ਵਰਗ ਦੇ ਨਿਵੇਸ਼ਕਾਂ ਦੀਆਂ ਜ਼ਰੂਰਤਾਂ ਅਨੁਸਾਰ (ਰਿਟਾਇਰਮੈਂਟ ਪਹਿਲਾਂ ਤੇ ਬਾਅਦ ਦੀ ਆਮਦਨ, ਬੱਚਿਆਂ ਦੀ ਸਿੱਖਿਆ, ਬੱਚਿਆਂ ਦੇ ਵਿਆਹ ਲਈ ਪੈਸੇ, ਘਰ ਦੀ ਖਰੀਦਦਾਰੀ ਆਦਿ) ਵੱਖ-ਵੱਖ ਯੋਜਨਾਵਾਂ ਦੀ ਪੇਸ਼ਕਸ਼ ਨਾਲ ਨਿਵੇਸ਼ਕ ਆਪਣੇ ਵੱਲ ਖਿੱਚੇ। ਲੇਖ ਵਿੱਚ ਵਿਚਾਰਾਂਗੇ ਕਿ ਉਹ ਕਿਹੜੇ ਕਾਰਕ ਹਨ ਜੋ ਭਾਰਤੀਆਂ ਦਾ ਨਿਵੇਸ਼ ਸ਼ੇਅਰ ਬਾਜ਼ਾਰ ਵੱਲ ਖਿੱਚ ਰਹੇ ਹਨ; ਕੀ ਇਹ ਅੰਨ੍ਹੇਵਾਹ ਨਿਵੇਸ਼ ਜੋਖ਼ਮ ਮੁਕਤ ਹੈ? ਕਾਰਕਾਂ ਨੂੰ ਚਾਰ ਵਿਆਪਕ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਡਿਜੀਟਲ, ਵਿਹਾਰਕ, ਮਾਰਕੀਟਿੰਗ ਅਤੇ ਸਰਕਾਰ ਪੱਖੀ।
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਉਛਾਲ
ਡਿਜੀਟਲ ਕਾਰਕ: ਲਗਭਗ ਦਹਾਕੇ ਦੌਰਾਨ ਭਾਰਤ ਦੇ ਇੰਟਰਨੈੱਟ ਖੇਤਰ ਵਿੱਚ ਕ੍ਰਾਂਤੀ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਇੰਟਰਨੈੱਟ ਦੀ ਵਰਤੋਂ ਵਿੱਚ ਪ੍ਰਭਾਵਸ਼ਾਲੀ ਵਾਧਾ ਹੋਇਆ। ਇਸ ਕ੍ਰਾਂਤੀ ਦੀ ਸ਼ੁਰੂਆਤ 2015 ਵਿੱਚ ਭਾਰਤ ਵਿੱਚ ਪਹਿਲੀ ਵਾਰ ਪੇਸ਼ ਹੋਏ ਹਾਈ ਸਪੀਡ 4ਜੀ ਇੰਟਰਨੈੱਟ ਦੇ ਨਾਲ ਹੋਈ ਪਰ 5 ਸਤੰਬਰ 2016 ਨੂੰ ਮੁਕੇਸ਼ ਅੰਬਾਨੀ ਦੇ 4ਜੀ ਮੋਬਾਈਲ ਨੈੱਟਵਰਕ ਰਿਲਾਇੰਸ ਜੀਓ ਹੋਂਦ ਵਿੱਚ ਆਉਣ ਪਿੱਛੋਂ ਇੰਟਰਨੈੱਟ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਜਿਸ ਦੌਰਾਨ ਕਰੋੜਾਂ ਭਾਰਤੀਆਂ ਦੇ ਹੱਥਾਂ ਵਿੱਚ ਸਮਾਰਟਫੋਨ ਅਤੇ ਇੰਟਰਨੈੱਟ ਆ ਗਏ। ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਰਾਹੀਂ ਆਨਲਾਈਨ ਬੈਂਕ ਤੇ ਡੀਮੈਟ ਖਾਤੇ ਖੋਲ੍ਹਣ, ਭੁਗਤਾਨ ਕਰਨ, ਕੇਵਾਈਸੀ ਸ਼ਰਤਾਂ ਆਦਿ ਨਾਲ ਵੀ ਨਿਵੇਸ਼ਕਾਂ ਨੂੰ ਆਸਾਨੀ ਨਾਲ ਨਿਵੇਸ਼ ਦੇ ਮੌਕੇ ਮਿਲੇ ਹਨ। ਡਿਜੀਟਲ ਇੰਡੀਆ ਕ੍ਰਾਂਤੀ ਅਧੀਨ ਤਕਨੀਕ ਤੋਂ ਲੈਸ ਅਤੇ ਬੈਂਕਾਂ ਤੇ ਸਟਾਕ ਮਾਰਕੀਟਾਂ ਵਿੱਚ ਲੱਗੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਖੌਫਜ਼ਦਾ ਜਨਤਾ ਹੱਥ ਜਿਵੇਂ ਅਲਾਦੀਨ ਦਾ ਚਿਰਾਗ਼ ਲੱਗ ਗਿਆ। ਡਿਜੀਟਲ ਸੇਵਾਵਾਂ ਦਾ ਲਾਹਾ ਲੈਂਦੇ ਹੋਏ ਖ਼ਾਸ ਕਰ ਕੇ ਨੌਜਵਾਨ ਵਰਗ ਸ਼ੇਅਰ ਬਾਜ਼ਾਰ ਵੱਲ ਆਇਆ। ਇਸ ਨਾਲ ਸ਼ੇਅਰ ਬਾਜ਼ਾਰ ਵਿੱਚ ਖੁੱਲ੍ਹਣ ਵਾਲੇ ਖਾਤਿਆਂ ਵਿੱਚ ਬੇਮਿਸਾਲ ਉਛਾਲ ਆਇਆ।
ਵਿਹਾਰਕ ਕਾਰਕ: ਆਧੁਨਿਕ ਭਾਰਤ ਵਿੱਚ ਨਿਵੇਸ਼ਕਾਂ ਦਾ ਇੱਕ ਸਮੂਹ ਜਿਸ ਵਿੱਚ ਮੁੱਖ ਤੌਰ ’ਤੇ ਨੌਜਵਾਨ ਨਿਵੇਸ਼ਕ ਸ਼ੁਮਾਰ ਹਨ, ਨਾ ਸਿਰਫ਼ ਸੁਰੱਖਿਅਤ ਭਵਿੱਖ ਲਈ ਸਗੋਂ ਛੇਤੀ ਕਮਾਈ ਵਧਾਉਣ ਲਈ ਵਧੇਰੇ ਵਿੱਤੀ ਜੋਖ਼ਮ ਲੈਣ ਲਈ ਤਿਆਰ ਹੈ। ਇਸ ਵਰਗ ਦਾ ਰੁਝਾਨ ਪੁਰਾਣੀਆਂ ਠੋਸ ਵਿੱਤੀ ਨਿਵੇਸ਼ ਯੋਜਨਾਵਾਂ ਜਿਵੇਂ ਪਬਲਿਕ ਪ੍ਰਾਵੀਡੈਂਟ ਫੰਡ, ਬੀਮਾ ਪਾਲਿਸੀ, ਬੈਂਕਾਂ ਵਿੱਚ ਫਿਕਸਡ ਡਿਪਾਜਿ਼ਟ, ਡਾਕਖਾਨਾ ਬੱਚਤ ਯੋਜਨਾਵਾਂ ਆਦਿ (ਮਿਆਦ ਲੰਮੀ ਹੋਣ ਕਾਰਨ) ਵੱਲ ਬਹੁਤ ਘੱਟ ਹੈ। ਵੱਖ-ਵੱਖ ਆਨਲਾਈਨ ਪਲੈਟਫਾਰਮਾਂ ’ਤੇ 3-4 ਮਿੰਟ ਦੇ ਵੀਡੀਓ ਦੇਖ ਕੇ ਨੌਜਵਾਨ ਤੁਰੰਤ ਫੈਸਲਾ ਕਰਦੇ ਹਨ ਕਿ ਉਨ੍ਹਾਂ ਕਿੱਥੇ ਅਤੇ ਕਿਸ ਸਟਾਕ ਵਿੱਚ ਨਿਵੇਸ਼ ਕਰਨਾ ਹੈ। ਬਹੁਤੇ ਮਾਮਲਿਆਂ ਵਿੱਚ ਤਾਂ ਸਟਾਕ ਵਿੱਚ ਨਿਵੇਸ਼ ਥੋੜ੍ਹੇ ਜਿਹੇ ਸਮੇਂ ਲਈ ਹੀ ਕੀਤਾ ਜਾਂਦਾ ਹੈ ਜੋ ਕਈ ਵਾਰ ਤਾਂ ਕੇਵਲ ਕੁਝ ਘੰਟਿਆਂ ਲਈ ਹੀ ਹੁੰਦਾ ਹੈ। ਇਹ ਵੀ ਸੱਚ ਹੈ ਕਿ ਕੁਝ ਨੌਜਵਾਨ ਸਟਾਕ ਮਾਰਕੀਟ ਵਿੱਚ ਨਿਵੇਸ਼ ਸਮਾਜ ਵਿੱਚ ਆਪਣਾ ਰੁਤਬਾ ਬਣਾਉਣ ਲਈ ਕਰ ਰਹੇ ਹਨ। ਆਪਣੇ ਦੋਸਤਾਂ ਵਿੱਚ ਬੈਠ ਕੇ ਚਾਹ ਅਤੇ ਕੌਫੀ ਦੀ ਚੁਸਕੀ ਲੈਂਦਿਆਂ ਇਹ ਦੱਸਣਾ ਕਿ ਮੇਰੇ ਕੋਲ ਇਸੇ ਕੌਫੀ ਸਟੋਰ ਦੇ ਸ਼ੇਅਰ ਹਨ, ਸਮਾਜ ਵਿੱਚ ਰੁਤਬੇ ਦਾ ਚਿੰਨ੍ਹ ਸਮਝਿਆ ਜਾਂਦਾ ਹੈ।
ਮਾਰਕੀਟਿੰਗ ਕਾਰਕ: ਮਿਊਚਲ ਫੰਡ ਅਤੇ ਸਟਾਕ ਬ੍ਰੋਕਿੰਗ ਕੰਪਨੀਆਂ (ਜ਼ੀਰੋਧਾ, ਗ੍ਰੋ, ਅਪਸਟੋਕਸ ਆਦਿ) ਦੀ ਬੇਤਹਾਸ਼ਾ ਮਾਰਕੀਟਿੰਗ ਨੇ ਵੀ ਨਿਵੇਸ਼ਕਾਂ ਦੀ ਮਾਨਸਿਕਤਾ ਨੂੰ ਸ਼ੇਅਰ ਬਾਜ਼ਾਰ ਵੱਲ ਮੋੜਨ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਈ ਹੈ। ਇਨ੍ਹਾਂ ਕੰਪਨੀਆਂ ਦੀ ਮੁੱਖ ਮਾਰਕੀਟਿੰਗ ਰਣਨੀਤੀ ਸ਼ੇਅਰ ਬਾਜ਼ਾਰ ਅਤੇ ਬੈਂਕਾਂ ਵਿੱਚ ਜਮ੍ਹਾਂ ਤੋਂ ਹੋਣ ਵਾਲੀ ਵਿਆਜ ਦੀ ਕਮਾਈ ਦੀ ਤੁਲਨਾ ਕਰਨਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸ਼ੇਅਰਾਂ ਅਤੇ ਮਿਊਚਲ ਫੰਡਾਂ ਤੋਂ ਹੋਣ ਵਾਲੀ ਕਮਾਈ, ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ’ਤੇ ਮਿਲਦੇ ਵਿਆਜ ਨਾਲੋਂ ਬਿਹਤਰ ਰਹੀ ਹੈ ਪਰ ਇਸ ਦੇ ਕੁਝ ਆਪਣੇ ਕਾਰਨ ਹਨ। ਜਿੱਥੇ ਬੈਂਕਾਂ ਵਿੱਚ ਜਮ੍ਹਾਂ ਪੂੰਜੀ ’ਤੇ 6-7% ਵਿਆਜ ਮਿਲਿਆ ਹੈ, ਉੱਥੇ ਸ਼ੇਅਰ ਬਾਜ਼ਾਰ ਤੇ ਮਿਊਚਲ ਫੰਡਾਂ ਤੋਂ ਆਮਦਨ ਦੋਹਰੇ ਅੰਕਾਂ ਵਿੱਚ ਰਹੀ ਹੈ। ਇਸ ਤਰਕ ਦਾ ਫਾਇਦਾ ਚੁੱਕਦਿਆਂ ਮਿਊਚਲ ਫੰਡ ਅਤੇ ਸਟਾਕ ਬ੍ਰੋਕਿੰਗ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਮਹਿੰਗਾਈ ਦੀ ਦਰ ਜੋ 2022 ਅਤੇ 2023 ਵਿੱਚ ਦੋਹਰੇ ਅੰਕਾਂ ਵਿੱਚ ਰਹੀ ਹੈ, ਨੂੰ ਹਰਾਉਣ ਲਈ ਕੇਵਲ ਸ਼ੇਅਰ ਬਾਜ਼ਾਰ ਅਤੇ ਮਿਊਚਲ ਫੰਡਾਂ ਵਿੱਚ ਨਿਵੇਸ਼ ਹੀ ਸਹੀ ਬਦਲ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਇਸ ਆਧਾਰ ’ਤੇ ਵੀ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਭਾਰਤ ਦਾ ਵਿਕਾਸ ਪਿਛਲੇ 2 ਸਾਲਾਂ ਤੋਂ 6-8% ਦੀ ਦਰ ’ਤੇ ਹੋ ਰਿਹਾ ਹੈ ਜਿਸ ਨਾਲ ਭਾਰਤ ਸੰਸਾਰ ਦਾ ਸਭ ਤੋਂ ਤੇਜ਼ ਵਧਣ ਵਾਲਾ ਅਰਥਚਾਰਾ ਬਣ ਚੁੱਕਾ ਹੈ। ਇਹ ਵਿਕਾਸ ਦਰ ਹਾਸਲ ਕਰਨ ਵਿੱਚ ਕਾਰਪੋਰੇਟ ਖੇਤਰ ਨੇ ਅਹਿਮ ਯੋਗਦਾਨ ਦਿੱਤਾ ਹੈ ਜਿਸ ਕਾਰਨ ਕੰਪਨੀਆਂ ਦੇ ਸ਼ੇਅਰਾਂ ਦੇ ਭਾਅ ਵੀ ਬਹੁਤ ਉੱਚੇ ਚਲੇ ਗਏ ਹਨ; ਇਸ ਨਾਲ ਸ਼ੇਅਰ ਮਾਰਕੀਟ ਦੇ ਨਿਵੇਸ਼ਕਾਂ ਨੂੰ ਵੀ ਚੰਗੇ ਫਾਇਦੇ ਹੋਏ ਹਨ। ਭਵਿੱਖ ਵਿੱਚ ਵੀ ਕਿਉਂਕਿ ਭਾਰਤ ਦੀ ਵਿਕਾਸ ਦਰ ਦੇ ਸੰਸਾਰ ਪੱਧਰ ’ਤੇ ਸਭ ਤੋਂ ਉੱਚੇ ਬਣੇ ਰਹਿਣ ਦੀਆਂ ਸੰਭਾਵਨਾਵਾਂ ਹਨ, ਇਸ ਕਾਰਨ ਭਾਰਤੀ ਸ਼ੇਅਰ ਬਾਜ਼ਾਰਾਂ ਦਾ ਭਵਿੱਖ ਵੀ ਚੰਗਾ ਹੈ। ਇੱਥੋਂ ਤਕ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਸੰਖਿਆ ਵਿੱਚ ਵਿਦੇਸ਼ੀ ਨਿਵੇਸ਼ਕ ਵੀ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਕੇ ਲਾਭ ਲੈਣਗੇ, ਇਸ ਲਈ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਭਾਰਤੀ ਘਰੇਲੂ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਕੇ ਲਾਭ ਪ੍ਰਾਪਤ ਕਰਨੇ ਚਾਹੀਦੇ ਹਨ।
ਸਰਕਾਰ ਪੱਖੀ ਕਾਰਕ: ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕ ਅਤੇ ਨਿਵੇਸ਼ ਵਧਾਉਣ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਵੀ ਪੂਰਾ ਹੱਥ ਰਿਹਾ ਹੈ। ਕੋਰੋਨਾ ਕਾਲ ਦੌਰਾਨ ਭਾਰਤ ਸਰਕਾਰ ਨੇ ਨਿੱਜੀ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਛਾਂਟੀ ਅਤੇ ਤਨਖਾਹਾਂ ਵਿੱਚ ਕਟੌਤੀ ’ਤੇ ਕਿਸੇ ਪ੍ਰਕਾਰ ਦੀ ਰੋਕ ਨਹੀਂ ਲਗਾਈ। ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਉਨ੍ਹਾਂ ਕੋਲ ਘਰ ਬੈਠ ਕੇ ਆਪਣੀ ਆਮਦਨ ਵਧਾਉਣ ਲਈ ਕੇਵਲ ਸ਼ੇਅਰ ਬਾਜ਼ਾਰ ਹੀ ਇੱਕ ਜ਼ਰੀਆ ਬਚਦਾ ਸੀ। ਸਰਕਾਰ ਦੁਆਰਾ ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਦੀ ਦਰ ਲਗਾਤਾਰ ਘੱਟ ਰੱਖਣ ਕਾਰਨ ਵੀ ਭਾਰਤੀ ਨਿਵੇਸ਼ਕ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਲਈ ਮਜਬੂਰ ਹੋਏ; ਮਸਲਨ, ਪਬਲਿਕ ਪ੍ਰਾਵੀਡੈਂਟ ਫੰਡ ਦੀ ਵਿਆਜ ਦਰ ਅਪਰੈਲ 2020 ਤੋਂ 7.1% ’ਤੇ ਸਥਿਰ ਹੈ। ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ, ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਵੀ ਪਿਛਲੀਆਂ ਕੁਝ ਤਿਮਾਹੀਆਂ ਵਿੱਚ ਬਹੁਤ ਹੀ ਮਾਮੂਲੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਦਾ ਕਾਰਪੋਰੇਟ ਸੈਕਟਰ ਪ੍ਰਤੀ ਪ੍ਰੇਮ ਅਤੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਮੁਹੱਈਆ ਕਰਵਾਈ ਵਿੱਤੀ ਸਹਾਇਤਾ ਨੇ ਨਿਵੇਸ਼ਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੇ ਇਹ ਕਦਮ ਇਨ੍ਹਾਂ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਵਿੱਚ ਪ੍ਰਫੁੱਲਤ ਕਰਨਗੇ ਜਿਸ ਦੌਰਾਨ ਸ਼ੇਅਰਧਾਰਕਾਂ ਨੂੰ ਵੀ ਚੰਗੀ ਮਾਤਰਾ ਵਿੱਚ ਲਾਭਅੰਸ਼ ਮਿਲ ਸਕਦੇ ਹਨ। ਇਉਂ ਭਾਰਤ ਦੇ ਨਿਵੇਸ਼ਕਾਂ ਦੀ ਵੱਡੀ ਗਿਣਤੀ ਨੇ ਸ਼ੇਅਰ ਬਾਜ਼ਾਰ ਵੱਲ ਰੁਖ਼ ਕੀਤਾ।
ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵੇਸ਼ ਜੋਖ਼ਮ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੇਅਰ ਬਾਜ਼ਾਰ ਵਿੱਚ ਜੋਖ਼ਮ ਬੜੇ ਹਨ। ਜਿਹੜੇ ਲੋਕ ਸ਼ੇਅਰ ਬਾਜ਼ਾਰ ਦੇ ਵਿੱਤੀ ਨਿਯਮਾਂ ਅਤੇ ਤਕਨੀਕ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ, ਉਹ ਅਕਸਰ ਪੈਸੇ ਗੁਆ ਲੈਂਦੇ ਹਨ। 2007-08 ਦੀ ਸੰਸਾਰ ਮੰਦੀ ਤੋਂ ਬਾਅਦ ਸੰਸਾਰ ਨੇ ਅਜਿਹਾ ਦੌਰ ਦੇਖਿਆ ਜਿਸ ਦੌਰਾਨ ਕਰਜ਼ੇ ਬਹੁਤ ਸਸਤੀ ਦਰ ’ਤੇ ਮਿਲਦੇ ਸਨ। ਸਰਕਾਰਾਂ ਅਤੇ ਕੰਪਨੀਆਂ ਨੇ ਇਸ ਦਾ ਭਰਪੂਰ ਲਾਹਾ ਲਿਆ ਪਰ 2021-22 ਦੇ ਕੋਰੋਨਾ ਅੰਤ ਅਤੇ ਰੂਸ-ਯੂਕਰੇਨ ਜੰਗ ਤੋਂ ਬਾਅਦ ਜਦੋਂ ਤੋਂ ਜ਼ਰੂਰੀ ਵਸਤਾਂ ਦੀ ਅਪੂਰਤੀ ਪ੍ਰਭਾਵਿਤ ਹੋਈ ਹੈ, ਦੁਨੀਆ ਭਰ ਵਿੱਚ ਘੱਟ ਮਹਿੰਗਾਈ ਅਤੇ ਸਸਤੇ ਕਰਜ਼ਿਆਂ ਦੇ ਦਿਨ ਲੱਦ ਗਏ ਹਨ। ਇਹੋ ਕਾਰਨ ਹੈ ਕਿ ਕੰਪਨੀਆਂ ਦੀ ਉਤਪਾਦਨ ਲਾਗਤ ਵਧੀ ਹੈ ਅਤੇ ਇਨ੍ਹਾਂ ਨੇ ਆਪਣੇ ਉਤਪਾਦਾਂ ਵਿੱਚ ਬੇਹਿਸਾਬ ਵਾਧਾ ਕੀਤਾ ਹੈ ਜਿਸ ਕਾਰਨ ਦੁਨੀਆ ਭਰ ਵਿੱਚ ਵਿਆਜ ਦਰ ਘੱਟ ਨਹੀਂ ਰਹੀ। ਵਧੀ ਹੋਈ ਵਿਆਜ ਦਰ ਹੇਠਾਂ ਆਉਣ ਵਿੱਚ ਸਮਾਂ ਲੱਗੇਗਾ ਪਰ ਇਸ ਦੇ 2008 ਤੋਂ 2020 ਵਾਲੇ ਪੱਧਰ ਤਕ ਪੁੱਜਣ ਦੀ ਫਿਰ ਵੀ ਉਮੀਦ ਨਹੀਂ। ਵੱਧ ਵਿਆਜ ਦਰ ਕਾਰਨ ਸੂਚੀਬੱਧ ਕੰਪਨੀਆਂ ਦਾ ਮੁਨਾਫਾ ਉੱਚਾ ਨਹੀਂ ਰਹਿ ਸਕਦਾ ਹੈ ਅਤੇ ਜਿਨ੍ਹਾਂ ਨਿਵੇਸ਼ਕਾਂ ਨੇ ਬਿਨਾਂ ਕਿਸੇ ਵਿੱਤੀ ਜਾਣਕਾਰੀ ਦੇ ਨਿਵੇਸ਼ ਕੀਤਾ ਹੈ, ਉਹ ਸ਼ੇਅਰ ਮਾਰਕੀਟ ਵਿੱਚ ਆਪਣੀ ਨਿਵੇਸ਼ ਕੀਤੀ ਰਕਮ ਗੁਆ ਸਕਦੇ ਹਨ। ਇਸ ਵੇਲੇ ਸ਼ੇਅਰ ਬਾਜ਼ਾਰ ਨੂੰ ਉਛਾਲ ਦੇਣ ਵਾਲੇ ਕਾਰਕ ਲਗਭਗ ਉਸੇ ਤਰ੍ਹਾਂ ਵਿਹਾਰ ਕਰ ਰਹੇ ਹਨ ਜਿਵੇਂ 1995-2001 ਦੇ ਕਾਰਕ ਕਰ ਰਹੇ ਸਨ। ਉਦੋਂ ਦੁਨੀਆ ਵਿੱਚ ‘ਡਾਟ ਕਾਮ ਬਬਲ’ ਸੰਕਟ ਵਾਪਰਿਆ ਸੀ।
ਸੰਪਰਕ: 79860-36776

Advertisement
Advertisement
Advertisement