For the best experience, open
https://m.punjabitribuneonline.com
on your mobile browser.
Advertisement

ਭ੍ਰਿਸ਼ਟਾਚਾਰ ਵਿਰੋਧੀ ਦਾਅਵੇ ਦੀ ਹਕੀਕਤ

06:11 AM Aug 28, 2024 IST
ਭ੍ਰਿਸ਼ਟਾਚਾਰ ਵਿਰੋਧੀ ਦਾਅਵੇ ਦੀ ਹਕੀਕਤ
Advertisement

ਕੋਈ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘‘ਨਾ ਖਾਊਂਗਾ, ਨਾ ਖਾਨੇ ਦੂੰਗਾ’’ ਵਾਲਾ ਨਾਅਰਾ ਸਿਆਸੀ ਨਿਜ਼ਾਮ ਦੀਆਂ ਰਗਾਂ ਵਿੱਚ ਸਮਾਅ ਚੁੱਕੇ ਭ੍ਰਿਸ਼ਟਾਚਾਰ ਖ਼ਿਲਾਫ਼ ਲਾਮਬੰਦੀ ਦਾ ਪ੍ਰਤੀਕ ਬਣ ਗਿਆ ਸੀ। ਇਸ ਦਾ ਲਾਹਾ ਲੈ ਕੇ ਉਹ ਰਾਜਸੀ ਸੱਤਾ ’ਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ ਅਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਜਹਾਦ ਦੇ ਨਾਇਕ ਦੇ ਤੌਰ ’ਤੇ ਉਭਾਰਿਆ ਗਿਆ ਸੀ ਪਰ ਪਿਛਲੇ ਕੁਝ ਸਮੇਂ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਅਤੇ ਨਵੀਂ ਦਿੱਲੀ ਵਿੱਚ ਨਵੇਂ ਸੰਸਦ ਭਵਨ ਦੀ ਛੱਤ ’ਚੋਂ ਮੀਂਹ ਦਾ ਪਾਣੀ ਚੋਣ ਜਿਹੀਆਂ ਵਾਪਰੀਆਂ ਘਟਨਾਵਾਂ ਕਰ ਕੇ ਇਸ ਦਾਅਵੇ ਉੱਪਰ ਪ੍ਰਛਾਵਾਂ ਪੈ ਗਿਆ ਅਤੇ ਬਹੁ-ਪ੍ਰਚਾਰਿਤ ਮੋਦੀ ਮਾਡਲ ਦੀਆਂ ਡਗਮਗਾ ਰਹੀਆਂ ਨੀਂਹਾਂ ਬੇਨਕਾਬ ਹੋ ਗਈਆਂ।
ਸਾਲ ਕੁ ਪਹਿਲਾਂ ਮਹਾਰਾਸ਼ਟਰ ਦੇ ਸਿੰਧਦੁਰਗ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਦਾ ਧੂਮ ਧੜੱਕੇ ਨਾਲ ਉਦਘਾਟਨ ਖ਼ੁਦ ਸ੍ਰੀ ਮੋਦੀ ਨੇ ਕੀਤਾ ਸੀ। ਹੁਣ ਇਸ ਦੀ ਬੁਰੀ ਹਾਲਤ ਹੋ ਗਈ ਹੈ ਤੇ ਇਸ ਦੇ ਨਟ-ਬੋਲਟਾਂ ਨੂੰ ਜੰਗ ਨੇ ਖਾ ਲਿਆ ਹੈ। ਇਹ ਬੱਜਰ ਗ਼ਲਤੀ ਨਾ ਕੇਵਲ ਮਾੜੇ ਕੰਮ ਦੀ ਮਿਸਾਲ ਹੈ ਸਗੋਂ ਇਹ ਪ੍ਰਮੁੱਖ ਸਰਕਾਰੀ ਪ੍ਰਾਜੈਕਟਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਵੀ ਪ੍ਰਤੀਕ ਹੈ।
ਠੇਕੇਦਾਰ, ਜੋ ਕਿ ਸੱਤਾ ’ਚ ਬੈਠੇ ਲੋਕਾਂ ਨਾਲ ਜੁੜਿਆ ਹੋਇਆ ਸੀ, ਨੂੰ ਮਿਲੀਭੁਗਤ, ਧੋਖਾਧੜੀ ਤੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ੀ ਮੰਨਿਆ ਗਿਆ ਹੈ। ਇਸੇ ਦੌਰਾਨ ਸਰਕਾਰ ਨੇ ਵੀ ਆਪਣੀ ਲਾਪ੍ਰਵਾਹੀ ਮੰਨਣ ਦੀ ਥਾਂ ਹੋਰ ਹਰ ਚੀਜ਼ ’ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਮੂਰਤੀ ਲਈ ਵਰਤੇ ਗਏ ਸਟੀਲ ਨੂੰ ਪਹਿਲਾਂ ਹੀ ਜੰਗ ਲੱਗਣਾ ਸ਼ੁਰੂ ਹੋ ਚੁੱਕਾ ਸੀ, ਫੇਰ ਵੀ ਕਈ ਚਿਤਾਵਨੀਆਂ ਦੇ ਬਾਵਜੂਦ ਬਣਦੀ ਕਾਰਵਾਈ ਨਹੀਂ ਕੀਤੀ ਗਈ। ਫੇਰ ਇੱਥੇ ਨਵੇਂ ਪਾਰਲੀਮੈਂਟ ਭਵਨ ਦੀ ਵੀ ਗੱਲ ਆਉਂਦੀ ਹੈ, ਜਿਸ ਨੂੰ ਭਾਰਤ ਦੀਆਂ ਜਮਹੂਰੀ ਸੰਸਥਾਵਾਂ ਨੂੰ ਨਵੀਂ ਦਿੱਖ ਦੇਣ ਦੇ ਮੋਦੀ ਦੇ ਇਰਾਦਿਆਂ ਦਾ ਪ੍ਰਤੀਕ ਦੱਸ ਕੇ ਪ੍ਰਚਾਰਿਆ ਗਿਆ। ਕਰੀਬ 1,000 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ ਬਣੀ ਇਮਾਰਤ ਉਸ ਵੇਲੇ ਹਾਸੇ ਦਾ ਪਾਤਰ ਬਣ ਗਈ ਜਦੋਂ ਇਸ ਦੀ ਛੱਤ ਵਿੱਚੋਂ ਪਾਣੀ ਲੀਕ ਹੋਣ ਦੀ ਇੱਕ ਵੀਡੀਓ ਸਾਹਮਣੇ ਆਈ।
ਮੋਦੀ ਦਾ ਕਾਰਜਕਾਲ ਕਈ ਵੱਡੇ ਐਲਾਨਾਂ ਤੇ ਮੈਗਾ ਪ੍ਰਾਜੈਕਟਾਂ ਦਾ ਗਵਾਹ ਰਿਹਾ ਹੈ, ਪਰ ਇਸ ਵਿੱਚੋਂ ਲਾਪ੍ਰਵਾਹੀਆਂ, ਪੱਖਪਾਤ, ਮਿਆਰ ਤੇ ਜਵਾਬਦੇਹੀ ਦੀ ਅਣਦੇਖੀ ਦਾ ਇੱਕ ਨਮੂਨਾ ਝਲਕਦਾ ਹੈ। ਜਿਹੜੀ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਉਹ ਅਧੂਰੇ ਤੇ ਘਟੀਆ ਢੰਗ ਨਾਲ ਮੁਕੰਮਲ ਕੀਤੇ ਪ੍ਰੋਜੈਕਟਾਂ ਦੀ ਫੈਕਟਰੀ ਬਣ ਚੁੱਕੀ ਹੈ ਤੇ ਇਸ ਸਭ ਦੌਰਾਨ ਆਪਣੇ ਕਰੀਬੀਆਂ ਨੂੰ ਅਸਲ ਸਿੱਟੇ ਭੁਗਤਣ ਤੋਂ ਬਚਾਉਂਦੀ ਵੀ ਰਹੀ ਹੈ, ਜੋ ਕਿ ਆਪਣੇ ਆਪ ’ਚ ਹੀ ਵਿਅੰਗ ਹੈ।

Advertisement

Advertisement
Advertisement
Author Image

joginder kumar

View all posts

Advertisement